ਟੀਕਿਆਂ ਰਾਹੀਂ ਨਸ਼ਾ ਲੈਣ ਵਾਲਿਆਂ ਦਾ ਐੱਚਆਈਵੀ ਪਾਜ਼ਿਟਿਵ ਆਉਣਾ ਗੰਭੀਰ ਮੁੱਦਾ
ਜਿਸ ਤਰ੍ਹਾਂ ਸੂਬੇ ਵਿੱਚ ਅੱਜ-ਕੱਲ੍ਹ ਨੌਜਵਾਨ ਪੀੜ੍ਹੀ ਨਸ਼ਿਆਂ ਨਾਲ ਗ੍ਰਸਤ ਹੋਈ ਪਈ ਹੈ ਅਤੇ ਹੋ ਰਹੀ ਹੈ, ਇਹ ਇੱਕ ਬਹੁਤ ਵੱਡਾ ਗੰਭੀਰ ਮੁੱਦਾ ਹੈ ਪਰ ਇਸ ਦੇ ਸਮਾਨਾਂਤਰ ਇੱਕ ਹੋਰ ਗੰਭੀਰ ਸਮੱਸਿਆ ਵੀ ਭਿਆਨਕ ਰੂਪ ਧਾਰਦੀ ਜਾ ਰਹੀ ਹੈ, ਉਹ ਹੈ ਨਸ਼ੇ ਕਰਨ ਵਾਲੇ ਨੌਜਵਾਨ ਮੁੰਡੇ-ਕੁੜੀਆਂ ਦਾ ਐੱਚ. ਆਈ. ਵੀ. ਏਡਜ਼ ਦਾ ਪਾਜ਼ਿਟਿਵ ਆਉਣਾ। ਜਿੱਥੇ ਨਸ਼ਾ ਕਰਨ ਵਾਲਾ ਵਿਅਕਤੀ ਨਸ਼ੇ ਦੀ ਲਤ ’ਚ ਖੁਦ ਤਾਂ ਮਰਦਾ ਹੀ ਹੈ, ਉੱਥੇ ਨਸ਼ੇ ਕਰਨ ਵਾਲਿਆਂ ’ਚੋਂ ਵਿਆਹੁਤਾ ਮੁੰਡੇ ਆਪਣੀਆਂ ਪਤਨੀਆਂ ਨੂੰ ਵੀ ਏਡਜ ਪੀੜਤ ਬਣਾ ਰਹੇ ਹਨ। ਇਸ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਸਮੱਸਿਆ ਦਾ ਮੁੱਖ ਕਾਰਨ ਹੈ ਨਸ਼ਾ। ਨਸ਼ਾ ਕਰਨ ਵਾਲਿਆਂ ਦਾ ਇੱਕੋ ਸਰਿੰਜ ਨਾਲ ਕਈਆਂ ਦਾ ਟੀਕੇ ਲਾਉਣਾ। ਕਿਉਂਕਿ ਜੇਕਰ ਨਸ਼ੇ ਕਰਨ ਵਾਲੇ ਮੁੰਡਿਆਂ ਦੀ ਜੁੰਡਲੀ ਵਿੱਚੋਂ ਕਿਸੇ ਨੂੰ ਵੀ ਏਡਜ਼ ਹੈ ਤਾਂ ਉਹ ਇੱਕੋ ਸਰਿੰਜ ਵਰਤਣ ਕਾਰਨ ਦੂਸਰਿਆਂ ਨੂੰ ਵੀ ਏਡਜ਼ ਪੀੜਤ ਬਣਾਏਗਾ।
ਆਪਾਂ ਸਾਰੇ ਜਾਣਦੇ ਹੀ ਹਾਂ ਕਿ ਐੱਚ. ਆਈ. ਵੀ. ਏਡਜ਼ ਪਾਜ਼ਿਟਿਵ ਵਿਅਕਤੀ ਦਾ ਖੂਨ ਜੇਕਰ ਕਿਸੇ ਦੂਸਰੇ ਵਿਅਕਤੀ ਦੇ ਖੂਨ ਵਿੱਚ ਰੱਤਾ ਭਰ ਵੀ ਚਲਾ ਗਿਆ ਤਾਂ ਉਹ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ। ਬੀਤੇ ਦਿਨੀਂ ਸੰਗਰੂਰ ਜ਼ਿਲ੍ਹੇ ਤੋਂ ਖਬਰਾਂ ਆ ਰਹੀਆਂ ਸਨ ਤੇ ਇਹ ਮੁੱਦਾ ਇੰਨਾ ਭਿਆਨਕ ਰੂਪ ਧਾਰਦਾ ਜਾ ਰਿਹਾ ਰਿਹਾ ਹੈ ਕਿ ਸਕੂਲ ਪੜ੍ਹਦੇ ਨੌਜਵਾਨ ਮੁੰਡੇ ਵੀ ਐੱਚ. ਆਈ. ਵੀ. ਦੇ ਸ਼ਿਕਾਰ ਹੋ ਰਹੇ ਹਨ। ਇੱਕੋ ਸਰਿੰਜ ਨਾਲ ਕਈ-ਕਈ ਮੁੰਡੇ-ਕੁੜੀਆਂ ਦੇ ਟੀਕੇ ਲਾਉਣ ਦੇ ਕਾਰਨ ਤਾਂ ਕਈ ਹੋ ਸਕਦੇ ਹਨ। ਜਿਵੇਂ ਇਸ ਦਾ ਇੱਕ ਪੱਖ ਆਰਥਿਕ ਵੀ ਹੋ ਸਕਦਾ ਹੈ ਪਰ ਇੱਕ ਜੋ ਮੇਰੇ ਜ਼ਿਹਨ ’ਚ ਹੈ ਉਹ ਹੈ ਕੈਮਿਸਟ ਦਾ ਡਾਕਟਰ ਦੀ ਪਰਚੀ ਤੋਂ ਬਿਨਾਂ ਸਰਿੰਜ ਨਾ ਦੇਣਾ। ਬਲੈਕ ’ਚ ਸਰਿੰਜਾਂ ਵੇਚਣ ਵਾਲਿਆਂ ਦੀ ਗੱਲ ਤਾਂ ਵੱਖਰੀ ਹੈ। ਪਰ ਸਰਕਾਰ ਵੱਲੋਂ ਨਸ਼ੇ ਦੇ ਮਾਡੇ ਪ੍ਰਭਾਵਾਂ ਨੂੰ ਦੇਖਦੇ ਹੋਏ ਕੈਮਿਸਟਾਂ ਨੂੰ ਸਖ਼ਤ ਹਦਾਇਤ ਹੈ ਕਿ ਡਾਕਟਰ ਦੀ ਪਰਚੀ ਤੋਂ ਬਿਨਾਂ ਸਰਿੰਜ ਨਹੀਂ ਵੇਚਣੀ। ਸੋ ਸਰਿੰਜਾਂ ਦਾ ਨਾ ਮਿਲਣਾ ਵੀ ਇੱਕ ਕਾਰਨ ਹੈ, ਜਿਸ ਕਰਕੇ ਇੱਕੋ ਸਰਿੰਜ ਨਾਲ ਹੀ ਸਾਰੇ ਟੀਕੇ ਲਾ ਰਹੇ ਹਨ। ਨਸ਼ੇ ਦੀ ਤੋੜ ਅਤੇ ਪਾਗਲਪਣ ਕਰਕੇ ਇੱਕੋ ਸਰਿੰਜ ਨਾਲ ਟੀਕੇ ਲਾਉਣ ਦਾ ਸਿੱਟਾ ਹੈ ਕਿ ਨੌਜਵਾਨ ਐੱਚ. ਆਈ. ਵੀ. ਦੀ ਚਪੇਟ ’ਚ ਆ ਰਹੇ ਹਨ।
ਸਾਡੀ ਜਵਾਨੀ ਨੂੰ ਖਤਮ ਕਰਨ ਦੀ ਲੋੜ ਨਹੀਂ, ਜਿਹੜੇ ਹਾਲਾਤ ਚੱਲ ਰਹੇ ਹਨ ਸਾਡੀ ਜਵਾਨੀ ਨੇ ਤਾਂ ਆਪਣੇ-ਆਪ ਹੀ ਖ਼ਤਮ ਹੋ ਜਾਣਾ ਹੈ। ਬੀਤੇ ਦਿਨੀਂ ਸੰਗਰੂਰ ਇਲਾਕੇ ਦੇ ਇੱਕ ਪਿੰਡ ਤੋਂ ਖਬਰ ਆਈ ਸੀ ਕਿ ਸਕੂਲ ’ਚ ਪੜ੍ਹਦੇ ਨੌਜਵਾਨ ਐੱਚ. ਆਈ. ਵੀ. ਦੇ ਸ਼ਿਕਾਰ ਹੋ ਰਹੇ ਹਨ ਅਤੇ ਅਜਿਹਾ ਹੋਇਆ ਸਿਰਫ ਨਸ਼ੇ ਦੀ ਲੋੜ ਨੂੰ ਪੂਰਾ ਕਰਨ ਲਈ, ਇੱਕੋ ਸਰਿੰਜ ਨਾਲ ਲਾਏ ਗਏ ਟੀਕਿਆਂ ਦੀ ਵਜ੍ਹਾ ਨਾਲ ਹੈ।
ਇਹ ਸਿਰਫ਼ ਇੱਥੋਂ ਦੇ ਹਾਲਾਤ ਨਹੀਂ ਸਗੋਂ ਸਾਰੇ ਪੰਜਾਬ ਵਿੱਚ ਅਜਿਹੇ ਹਾਲਾਤ ਮੂੰਹ ਅੱਡੀ ਖੜ੍ਹੇ ਹਨ ਅਤੇ ਅਸੀਂ ਸੋਸ਼ਲ ਮੀਡੀਆ ਤੇ ਸਰਕਾਰ ਅਤੇ ਸਿਸਟਮ ਨੂੰ ਚੰਗਾ-ਮੰਦਾ ਕਹਿ ਕੇ ਆਪਣਾ ਫਰਜ ਨਿਭਾ ਰਹੇ ਹਾਂ। ਜਦੋਂਕਿ ਲੋੜ ਹੈ ਆਪ-ਮੁਹਾਰੇ ਅੱਗੇ ਆ ਕੇ ਪੰਜਾਬ ਨੂੰ ਚਿੰਬੜੀ ਇਸ ਅਲਾਮਤ ਤੋਂ ਸੂਬੇ ਨੂੰ ਆਜਾਦ ਕਰਵਾਉਣ ਦੀ। ਨਸ਼ਿਆਂ ਕਾਰਨ ਆਏ ਚਿੰਤਾਜਨਕ ਵਿਗਾੜ ਦੀ ਇਸ ਤੋਂ ਡਰਾਉਣੀ ਤਸਵੀਰ ਹੋਰ ਕੀ ਹੋ ਸਕਦੀ ਹੈ। ਮਾਵਾਂ ਦੇ ਪੁੱਤ ਪਹਿਲਾਂ ਨਸ਼ਾ ਤੇ ਹੁਣ ਐੱਚ. ਆਈ. ਵੀ. ਕਰਕੇ ਮਰ ਰਹੇ ਜਾਂ ਮਰਨ ਕੰਢੇ ਜਾ ਰਹੇ ਹਨ। ਇਸ ਬਿਮਾਰੀ ਤੋਂ ਪੀੜਤ ਵਿਆਹੇ ਹੋਏ ਲੜਕੇ ਜਿੱਥੇ ਆਪ ਮੌਤ ਦੇ ਮੂੰਹ ਵਿਚ ਚਲੇ ਗਏ ਹਨ, ਉੱਥੇ ਉਹ ਆਪਣੀਆਂ ਪਤਨੀਆਂ ਨੂੰ ਵਿਧਵਾ ਬਣਾ ਰਹੇ ਹਨ, ਮਤਲਬ ਇਸ ਚਿੱਟੇ ਨੇ ਪਤਾ ਨਹੀਂ ਕਿੰਨੀਆਂ ਚੁੰਨੀਆਂ ਚਿੱਟੀਆਂ ਕੀਤੀਆਂ ਹਨ ਅਤੇ ਪਤਾ ਨਹੀਂ ਅਜੇ ਕਿੰਨੀਆਂ ਹੋਰ ਹੋਣਗੀਆਂ। ਜੇਕਰ ਇਸ ਗੰਭੀਰ ਮੁੱਦੇ ਵੱਲ ਤਵੱਜੋਂ ਨਾ ਦਿੱਤੀ ਗਈ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ।
ਸੂਬੇ ਵਿੱਚ ਚਾਰ ਹਫ਼ਤਿਆਂ ’ਚ ਨਸ਼ਾ ਖ਼ਤਮ ਕਰਨ ਦੀਆਂ ਗੱਲਾਂ ਤਾਂ ਹੋਈਆਂ ਪਰ ਇਸ ਦਾ ਅਸਰ ਕਿਤੇ ਦਿਸਿਆ ਨਹੀਂ, ਉਸ ਦੇ ਦੁਸ਼-ਪ੍ਰਭਾਵ ਵਜੋਂ ਪੰਜਾਬ ਦੀ ਜਵਾਨੀ ਨੂੰ ਐੱਚ. ਆਈ. ਵੀ. ਵਰਗੀ ਭੈੜੀ ਅਲਾਮਤ ਨੇ ਘੇਰਾ ਪਾ ਲਿਆ ਹੈ। ਸੋਚਣ ਵਾਲੀ ਗੱਲ ਹੈ ਕਿ ਨਸ਼ੇ ਨੂੰ ਛੁਡਾਉਣ ਦੇ ਰਾਹ ਤਾਂ ਹਨ, ਪਰ ਐੱਚ. ਆਈ. ਵੀ. ਤੋਂ ਕਿਵੇਂ ਬਚਾਉਣਾ ਹੈ, ਇਹ ਉਸ ਤੋਂ ਵੱਡੀ ਸਮੱਸਿਆ ਬਣਨ ਜਾ ਰਹੀ ਹੈ ਜਾਂ ਫਿਰ ਇਹ ਕਿਹਾ ਜਾਵੇ ਕਿ ਪੰਜਾਬ ਵਿਚ ਵਧਦੇ ਨਸ਼ੇ ਦੇ ਮਾੜੇ ਪ੍ਰਭਾਵ ਹੁਣ ਵੱਡੇ ਪੱਧਰ ’ਤੇ ਦੇਖੇ ਜਾ ਰਹੇ ਹਨ ਤਾਂ ਸ਼ਾਇਦ ਕੁਝ ਗ਼ਲਤ ਨਹੀਂ ਹੋਵੇਗਾ। ਪੰਜਾਬ ਦੀ ਜਵਾਨੀ ਨਸ਼ੇ ਵਿੱਚ ਗਲਤਾਨ ਹੁੰਦੀ ਜਾ ਰਹੀ ਹੈ ਅਤੇ ਨਸ਼ੇ ਦੀ ਡੋਜ਼ ਨੂੰ ਪੂਰਾ ਕਰਨ ਲਈ ਟੀਕੇ ਲਾ ਰਹੀ ਪੰਜਾਬ ਦੀ ਜਵਾਨੀ, ਉਸੇ ਟੀਕੇ ਦੀ ਭੇਟ ਚੜ੍ਹਦੀ ਦਿਖਾਈ ਦੇ ਰਹੀ ਹੈ।
ਪਰ ਇਹ ਜੋ ਨਸ਼ਿਆਂ ’ਚ ਗ੍ਰਸਤ ਨੌਜਵਾਨ ਪੀੜ੍ਹੀ ਦਾ ਐੱਚ. ਆਈ. ਵੀ. (ਏਡਜ਼) ਪਾਜ਼ਿਟਿਵ ਆਉਣ ਦਾ ਬਹੁਤ ਹੀ ਗੰਭੀਰ ਮੁੱਦਾ ਹੈ, ਇਸ ਸਬੰਧੀ ਹੁਣ ਲੋੜ ਹੈ ਸਰਕਾਰਾਂ, ਸਮਾਜ ਸੇਵੀ ਸੰਸਥਾਵਾਂ, ਬੁੱਧੀਜੀਵੀ ਅਤੇ ਹੋਰ ਜਾਗਰੂਕ ਲੋਕ ਇਸ ਗੰਭੀਰ ਮੁੱਦੇ ਸਬੰਧੀ ਅੱਗੇ ਆਉਣ।
ਹਰਮੀਤ ਸਿਵੀਆਂ
ਸਿਵੀਆਂ (ਬਠਿੰਡਾ)
ਮੋ. 80547-57806
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ