ਭਾਰਤ ਨੇ ਭੇਜਿਆ 40 ਹਜ਼ਾਰ ਟਨ ਡੀਜ਼ਲ, ਚੌਲ ਭੇਜਣ ਦੀ ਤਿਆਰੀ
ਕੋਲੰਬੋ (ਏਜੰਸੀ)। ਰਾਸ਼ਟਰਪਤੀ ਭਵਨ ਦੇ ਬਾਹਰ ਲੋਕਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਇੱਕ ਦਿਨ ਬਾਅਦ ਸ਼੍ਰੀਲੰਕਾ ਸਰਕਾਰ ਨੇ ਸ਼੍ਰੀਲੰਕਾ ਵਿੱਚ ਦੇਸ਼ ਵਿਆਪੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਸ਼੍ਰੀਲੰਕਾਈ ਮੀਡੀਆ ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਨਿਰਵਿਘਨ ਰੱਖਣ ਅਤੇ ਵਿਵਸਥਾ ਬਣਾਈ ਰੱਖਣ ਲਈ ਐਮਰਜੈਂਸੀ ਐਲਾਨੀ ਗਈ ਹੈ।
ਦੇਸ਼ ਵਿੱਚ ਲੋਕਾਂ ਨੂੰ ਨਿਰਵਿਘਨ ਰਾਸ਼ਨ ਸੁਵਿਧਾਵਾਂ ਪ੍ਰਦਾਨ ਕਰਨ ਲਈ ਪੈਟਰੋਲ ਸਟੇਸ਼ਨਾਂ ‘ਤੇ ਫੌਜ ਨੂੰ ਤਾਇਨਾਤ ਕੀਤਾ ਗਿਆ ਸੀ ਅਤੇ ਕਿਸੇ ਵੀ ਸ਼ੱਕੀ ਨੂੰ ਬਿਨਾਂ ਵਾਰੰਟ ਦੇ ਗ੍ਰਿਫਤਾਰ ਕਰਨ ਦਾ ਅਧਿਕਾਰ ਵੀ ਦਿੱਤਾ ਗਿਆ ਸੀ। ਦੂਜੇ ਪਾਸੇ, ਭਾਰਤ ਨੇ ਸ਼ਨਿੱਚਰਵਾਰ ਨੂੰ ਸ਼੍ਰੀਲੰਕਾ ਨੂੰ 40,000 ਟਨ ਡੀਜ਼ਲ ਭੇਜਿਆ। ਸੀਲੋਨ ਪੈਟਰੋਲੀਅਮ ਕਾਰਪੋਰੇਸ਼ਨ ਦੇ ਪ੍ਰਧਾਨ ਸੁਮਿਤ ਵਿਜੇਸਿੰਘੇ ਨੇ ਕਿਹਾ ਕਿ ਈਂਧਨ ਦੀ ਵੰਡ ਜਲਦੀ ਹੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸ੍ਰੀਲੰਕਾ ਭਰ ਦੇ ਸੈਂਕੜੇ ਫਿਊਲ ਸਟੇਸ਼ਨਾਂ ਲਈ ਚੰਗੀ ਖ਼ਬਰ ਹੈ, ਜਿੱਥੇ ਪਿਛਲੇ ਕੁਝ ਦਿਨਾਂ ਤੋਂ ਸਪਲਾਈ ਨਹੀਂ ਸੀ।
ਰਿਪੋਰਟ ਮੁਤਾਬਿਕ 40 ਹਜ਼ਾਰ ਟਨ ਚੌਲਾਂ ਦੀ ਖੇਪ ਵੀ ਭਾਰਤ ਤੋਂ ਸ੍ਰੀਲੰਕਾ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੋਵਾਂ ਦੇਸ਼ਾਂ ਨੇ ਪਿਛਲੇ ਮਹੀਨੇ 1 ਬਿਲੀਅਨ ਡਾਲਰ ਦੇ ਕਰਜ਼ ਸਮਝੌਤੇ ‘ਤੇ ਦਸਤਖਤ ਕੀਤੇ ਸਨ। ਇਸ ਤੋਂ ਬਾਅਦ ਭਾਰਤ ਤੋਂ ਸ਼੍ਰੀਲੰਕਾ ਲਈ ਇਹ ਪਹਿਲੀ ਵੱਡੀ ਖੁਰਾਕ ਸਹਾਇਤਾ ਹੋਵੇਗੀ।
ਸ਼੍ਰੀਲੰਕਾ ਦਹਾਕਿਆਂ ਦੇ ਸਭ ਤੋਂ ਖਰਾਬ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ
ਡੀਜ਼ਲ ਦੀ ਖੇਪ ਸ਼੍ਰੀਲੰਕਾਈ ਸਰਕਾਰ ਲਈ 500 ਮਿਲੀਅਨ ਡਾਲਰ ਦੀ ਵਾਧੂ ਬਾਲਣ ਸਹਾਇਤਾ ਦਾ ਹਿੱਸਾ ਹੈ। ਸ੍ਰੀਲੰਕਾ ਦਹਾਕਿਆਂ ਵਿੱਚ ਆਪਣੇ ਸਭ ਤੋਂ ਖਰਾਬ ਆਰਥਿਕ ਸੰਕਟ ਨਾਲ ਨਜਿੱਠਣ ਲਈ ਸੰਘਰਸ਼ ਕਰ ਰਿਹਾ ਹੈ। ਇੱਥੇ ਖਾਣ-ਪੀਣ ਦੀਆਂ ਵਸਤਾਂ ਅਤੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਇਸ ਹਫਤੇ ਦੇਸ਼ ‘ਚ ਪੈਟਰੋਲ ਅਤੇ ਡੀਜ਼ਲ ਦੀ ਕਮੀ ਹੋ ਗਈ ਹੈ, ਜਿਸ ਕਾਰਨ ਫਿਲਿੰਗ ਸਟੇਸ਼ਨਾਂ ‘ਤੇ ਹਥਿਆਰਬੰਦ ਫੌਜੀਆਂ ਨੂੰ ਤਾਇਨਾਤ ਕਰਨਾ ਪਿਆ ਹੈ। ਇਸ ਦੇ ਨਾਲ ਹੀ ਇੱਥੇ 13 ਘੰਟੇ ਬਿਜਲੀ ਕੱਟ ਲੱਗ ਗਿਆ ਹੈ।
ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਨੇ ਆਰਥਿਕ ਸੰਕਟ ਨੂੰ ਲੈ ਕੇ ਦੇਸ਼ ਭਰ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਦੇਸ਼ ਵਿਆਪੀ ਜਨਤਕ ਐਮਰਜੈਂਸੀ ਦਾ ਐਲਾਨ ਕੀਤਾ ਹੈ। ਰਾਜਪਕਸ਼ੇ ਨੇ ਸ਼ੁੱਕਰਵਾਰ ਦੇਰ ਰਾਤ ਇੱਕ ਵਿਸ਼ੇਸ਼ ਗਜ਼ਟ ਨੋਟੀਫਿਕੇਸ਼ਨ ਜਾਰੀ ਕਰਕੇ ਸ਼੍ਰੀਲੰਕਾ ਵਿੱਚ 1 ਅਪ੍ਰੈਲ ਤੋਂ ਤੁਰੰਤ ਪ੍ਰਭਾਵ ਨਾਲ ਜਨਤਕ ਐਮਰਜੈਂਸੀ ਦਾ ਐਲਾਨ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ