ਮਰੀਜ਼ਾਂ ਨੂੰ ਬਾਹਰ ਤੋਂ ਦਵਾਈਆਂ ਲਿਆਉਣ ਲਈ ਹੋਣਾ ਪੈ ਰਿਹਾ ਮਜ਼ਬੂਰ
ਸਿਹਤ ਮੰਤਰੀ ਦੇ ਦੌਰੇ ਤੋਂ ਬਾਅਦ ਵੀ ਨਹੀਂ ਬਦਲੇ ਹਾਲਾਤ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਰਕਾਰੀ ਰਜਿੰਦਰਾ ਹਸਪਤਾਲ (Rajindra Hospital) ਪਟਿਆਲਾ ਦੇ ਹਾਲਾਤ ਅਜੇ ਵੀ ਲੀਹ ’ਤੇ ਨਹੀਂ ਆ ਰਹੇ। ਆਲਮ ਇਹ ਹੈ ਕਿ ਹਸਪਤਾਲ ਅੰਦਰ ਦਵਾਈਆਂ ਦੀ ਵੱਡੀ ਘਾਟ ਪਾਈ ਜਾ ਰਹੀ ਹੈ ਅਤੇ ਮਰੀਜ਼ਾਂ ਨੂੰ ਬਾਹਰ ਤੋਂ ਦਵਾਈਆਂ ਲਿਆਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇੱਧਰ ਸਿਹਤ ਮੰਤਰੀ ਵੱਲੋਂ ਸੂਬੇ ਭਰ ਦੇ ਹਸਪਤਾਲਾਂ ਦੇ ਅਧਿਕਾਰੀਆਂ ਤੋਂ ਹਸਪਤਾਲਾਂ ਅੰਦਰ ਪਣਪ ਰਹੀਆਂ ਘਾਟਾਂ ਅਤੇ ਲੋੜੀਦੇ ਸਾਜੋਂ ਸਮਾਨ ਦੀ ਰਿਪੋਰਟ ਜ਼ਰੂਰ ਮੰਗ ਗਈ ਹੈ।
ਜਾਣਕਾਰੀ ਅਨੁਸਾਰ ਰਜਿੰਦਰਾ ਹਸਪਤਾਲ (Rajindra Hospital) ਵਿਖੇ ਰੋਜ਼ਾਨਾ ਹੀ ਦੂਰ-ਦੁਰਾਡੇ ਤੋਂ ਸੈਕੜੇ ਮਰੀਜ਼ਾਂ ਆਪਣੇ ਇਲਾਜ਼ ਲਈ ਪੁੱਜਦੇ ਹਨ। ਇਸ ਹਸਪਤਾਲ ਅੰਦਰੋਂ ਦਵਾਈਆਂ ਨਾ ਮਿਲਣ ਦੀ ਸਮੱਸਿਆ ਪਿਛਲੇ ਕਈ ਸਾਲਾ ਤੋਂ ਬਣੀ ਹੋਈ ਹੈ, ਉਸ ਵਿੱਚ ਅਜੇ ਵੀ ਸੁਧਾਰ ਨਹੀਂ ਹੋਇਆ। ਪਤਾ ਲੱਗਾ ਹੈ ਕਿ ਰਜਿੰਦਰਾ ਹਸਪਤਾਲ ਅੰਦਰ ਪੈਰਾਸੀਟਾਮੋਲ ਤੱਕ ਦੀਆਂ ਦਵਾਈਆਂ ਵੀ ਖਤਮ ਹਨ। ਹਰੇਕ ਮਰੀਜ਼ ਨੂੰ ਬਾਹਰ ਤੋਂ ਦਵਾਈ ਲਿਆਉਣ ਲਈ ਲਿਖਿਆ ਜਾ ਰਿਹਾ ਹੈ। ਰਜਿੰਦਰਾ ਹਸਪਾਤਲ ਅੰਦਰ ਸਸਤੀਆਂ ਦਵਾਈਆਂ ਦਾ ਖੁੱਲਿਆ ਜਨ ਔਸਧੀ ਕੇਂਦਰ ਵੀ ਮਰੀਜ਼ਾਂ ਲਈ ਮੱਲਮ ਸਾਬਤ ਨਹੀਂ ਹੋ ਰਿਹਾ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਰਜਿੰਦਰਾ ਹਸਪਤਾਲ ਅੰਦਰ ਸਿਹਤ ਮੰਤਰੀ ਵਿਜੇ ਸਿੰਗਲਾ ਵੱਲੋਂ ਵੀ ਦੌਰਾ ਕੀਤਾ ਗਿਆ ਸੀ ਅਤੇ ਇੱਥੇ ਪ੍ਰਬੰਧ ਸੁਧਾਰਨ ਦੀ ਗੱਲ ਆਖੀ ਗਈ ਸੀ, ਪਰ ਅਜੇ ਵੀ ਸਥਿਤੀ ਜਿਓ ਦੀ ਤਿਓ ਬਣੀ ਹੋਈ ਹੈ। ਕਈ ਮਰੀਜ਼ਾਂ ਨੇ ਦੱਸਿਆ ਕਿ ਛੋਟੀ ਮੋਟੀਆਂ ਦਵਾਈਆਂ ਵੀ ਹਸਪਤਾਲ ਅੰਦਰੋਂ ਨਹੀਂ ਮਿਲ ਰਹੀਆਂ, ਅਪਰੇਸ਼ਨ ਆਦਿ ਦਾ ਸਾਰਾ ਸਮਾਨ ਹੀ ਬਾਹਰ ਤੋਂ ਹੀ ਲਿਆਉਣਾ ਪੈ ਰਿਹਾ ਹੈ।
ਕਈ ਡਾਕਟਰਾਂ ਨੇ ਦੱਸਿਆ ਕਿ ਜਦ ਅੰਦਰ ਦਵਾਈਆਂ ਹੀ ਮੌਜੂਦ ਨਹੀਂ ਹਨ ਤਾ ਉਹ ਕਿੱਥੋਂ ਦੇਣਗੇ। ਉਨ੍ਹਾਂ ਕਿਹਾ ਕਿ ਮਰੀਜ਼ ਲਈ ਦਵਾਈਆਂ ਤਾ ਜ਼ਰੂਰੀ ਹਨ, ਚਾਹੇ ਉਹ ਕਿੱਥੋਂ ਵੀ ਲਿਆਉਣ। ਇੱਧਰ ਸਿਹਤ ਮੰਤਰੀ ਵੱਲੋਂ ਸਾਰੇ ਹਸਪਤਾਲਾਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ 1 ਅਪਰੈਲ ਤੱਕ ਹਸਪਤਾਲਾਂ ਅੰਦਰ ਟੈਸਟ ਆਦਿ ਵੱਖ ਵੱਖ ਮਸ਼ੀਨਾਂ ਬਾਰੇ ਰਿਪੋਰਟ ਭੇਜੀ ਜਾਵੇ ਕਿ ਕਿੰਨੀਆਂ ਦੀ ਜ਼ਰੂਰਤ ਹੈ ਅਤੇ ਕਿੰਨੀਆਂ ਮੌਜੂਦ ਹਨ। ਜਾਰੀ ਹੋਏ ਇਸ ਪੱਤਰ ਅਨੁਸਾਰ ਹਸਪਤਾਲਾਂ ਅੰਦਰ ਅਲਟਰਾਸਾਊਡ ਮਸ਼ੀਨ, ਸੀਟੀ ਸਕੈਨ ਮਸ਼ੀਨ, ਐਮ.ਆਰ. ਆਈ, ਲੈਬ ਟੈਸਟ ਸਮੇਤ ਪੀ.ਪੀ ਮੋਡ ਤੇ ਕਿੰਨੀਆਂ ਮਸ਼ੀਨਾਂ ਇਸ ਸਮੇਂ ਕੰਮ ਕਰ ਰਹੀਆਂ ਹਨ। ਇਸ ਤੋਂ ਇਲਾਵਾ ਕਿੰਨੀਆਂ ਮਸ਼ੀਨਾਂ ਲੋੜੀਦੀਆਂ ਹਨ, ਦੇ ਬਾਰੇ ਅੱਜ ਤੱਕ ਜਾਣਕਾਰੀ ਮੁਹੱਈਆਂ ਕਰਵਾਉਣੀ ਸੀ। ਦੱਸਣਯੋਗ ਹੈ ਕਿ ਆਮ ਲੋਕਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਉਣ ਤੋਂ ਬਾਅਦ ਲੀਹੋਂ ਲੱਥੀਆਂ ਸਿਹਤ ਸਹੂਲਤਾਂ ਦੇ ਮੁੜ ਪੈਰਾ ਸਿਰ ਹੋਣ ਦੀ ਆਸ ਜ਼ਰੂਰ ਜਾਗੀ ਹੈ।
ਇੰਤਜਾਮ ਕੀਤਾ ਜਾ ਰਿਹੈ : ਡਾਇਰੈਕਟਰ ਪ੍ਰਿੰਸੀਪਲ
ਇਸ ਸਬਧੀ ਮੈਡੀਕਲ ਕਾਲਜ ਦੇ ਡਾਇਰੈਕਟਰ ਪਿ੍ਰੰਸੀਪਲ ਡਾ. ਹਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਦਵਾਈਆਂ ਸਮੇਤ ਹੋਰ ਘਾਟਾਂ ਦੀ ਲਿਸਟ ਬਣਾਈ ਜਾ ਰਹੀ ਹੈ ਅਤੇ ਜਲਦੀ ਹੀ ਹਸਪਤਾਲ ਅੰਦਰ ਘਾਟਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਵਿਜੇ ਸਿੰਗਲਾ ਵੱਲੋਂ ਸਖ਼ਤ ਨਿਰਦੇਸ਼ ਹਨ ਕਿ ਹਸਪਤਾਲਾਂ ਅੰਦਰ ਆਮ ਲੋਕਾਂ ਨੂੰ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ। ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਦਵਾਈਆਂ ਦੀ ਘਾਟ ਦਾ ਮਾਮਲਾ ਦਾ ਕਾਫ਼ੀ ਸਮੇਂ ਤੋਂ ਚੱਲ ਰਿਹਾ ਹੈ ਤਾ ਉਨ੍ਹਾਂ ਕਿਹਾ ਕਿ ਇਸ ਦਾ ਹੱਲ ਕੀਤਾ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ