ਕਮਰਸ਼ੀਅਲ ਸਿਲੰਡਰ ਹੋਇਆ 250 ਰੁਪਏ ਮਹਿੰਗਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਤੇਲ ਅਤੇ ਗੈਸ ਕੰਪਨੀਆਂ ਨੇ ਵਿੱਤੀ ਸਾਲ 2022-23 ਦੇ ਪਹਿਲੇ ਹੀ ਦਿਨ ਸ਼ੁੱਕਰਵਾਰ ਨੂੰ ਗਾਹਕਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ 250 ਰੁਪਏ ਵਧਾ ਦਿੱਤੀ ਹੈ। ਇਸ ਵਾਧੇ ਨਾਲ ਰਾਜਧਾਨੀ ਵਿੱਚ 19 ਕਿਲੋ ਦਾ ਕਮਰਸ਼ੀਅਲ ਸਿਲੰਡਰ 2253 ਰੁਪਏ ਹੋ ਗਿਆ ਹੈ। ਰਾਹਤ ਦੀ ਗੱਲ ਇਹ ਹੈ ਕਿ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਵਪਾਰਕ ਸਿਲੰਡਰ ਦੇ ਇਸ ਵਾਧੇ ਕਾਰਨ ਬਾਹਰ ਦਾ ਖਾਣਾ ਮਹਿੰਗਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦੋ ਮਹੀਨਿਆਂ ਵਿੱਚ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ‘ਚ 346 ਰੁਪਏ ਦਾ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ 01 ਮਾਰਚ ਨੂੰ ਇਸ ਦੀ ਕੀਮਤ 105 ਰੁਪਏ ਵਧਾਈ ਗਈ ਸੀ ਪਰ 22 ਮਾਰਚ ਨੂੰ ਇਸ ਦੀ ਕੀਮਤ 9 ਰੁਪਏ ਘਟਾ ਦਿੱਤੀ ਗਈ ਸੀ।
ਹਵਾਈ ਜਹਾਜ਼ਾਂ ਦੇ ਈਂਧਨ ਦੀਆਂ ਕੀਮਤਾਂ ਵਿੱਚ 2 ਫੀਸਦੀ ਤੱਕ ਦਾ ਹੋਇਆ ਵਾਧਾ
ਤੇਲ ਮਾਰਕੀਟਿੰਗ ਕੰਪਨੀਆਂ ਨੇ ਹਵਾਈ ਜਹਾਜ਼ ਈਂਧਨ ਯਾਨੀ ਏਅਰ ਟਰਬਾਈਨ ਫਿਊਲ (ਏ.ਟੀ.ਐੱਫ.) ਦੀਆਂ ਕੀਮਤਾਂ ‘ਚ ਦੋ ਫੀਸਦੀ ਤੱਕ ਦਾ ਵਾਧਾ ਕੀਤਾ ਹੈ, ਜਿਸ ਨਾਲ ਇਸ ਦੀ ਕੀਮਤ 1,12,924.83 ਰੁਪਏ ਪ੍ਰਤੀ ਕਿਲੋਲੀਟਰ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਈ ਹੈ। ਪਹਿਲਾਂ ਇਹ ਕੀਮਤ 1,10,066 ਰੁਪਏ ਪ੍ਰਤੀ ਕਿਲੋਲੀਟਰ ਸੀ। ਇਸ ਵਾਧੇ ਨਾਲ ਹਵਾਈ ਸਫਰ ਮਹਿੰਗਾ ਹੋਣ ਦੀ ਉਮੀਦ ਹੈ। ਕਿਸੇ ਵੀ ਏਅਰਲਾਈਨ ਦੀ ਸੰਚਾਲਨ ਲਾਗਤ ਦਾ ਲਗਭਗ 40 ਫੀਸਦੀ ਏਅਰਕ੍ਰਾਫਟ ਫਿਊਲ ਹੁੰਦਾ ਹੈ। ਹਵਾਈ ਜਹਾਜ਼ ਦੇ ਈਂਧਨ ਦੀਆਂ ਕੀਮਤਾਂ ਔਸਤ ਅੰਤਰਰਾਸ਼ਟਰੀ ਕੀਮਤ ਦੇ ਆਧਾਰ ‘ਤੇ ਹਰ ਮਹੀਨੇ ਦੀ ਪਹਿਲੀ ਅਤੇ 16 ਤਰੀਕ ਨੂੰ ਸੋਧੀਆਂ ਜਾਂਦੀਆਂ ਹਨ। 1 ਜਨਵਰੀ, 2022 ਤੋਂ ਜਹਾਜ਼ ਈਂਧਨ ਦੀਆਂ ਕੀਮਤਾਂ ਵਿੱਚ ਸੱਤ ਵਾਰ ਵਾਧਾ ਕੀਤਾ ਗਿਆ ਹੈ। ਇਸ ਸਾਲ ਹਵਾਈ ਜਹਾਜ਼ ਦਾ ਈਂਧਨ 38,902.92 ਰੁਪਏ ਪ੍ਰਤੀ ਕਿਲੋਲੀਟਰ ਯਾਨੀ ਲਗਭਗ 50 ਫੀਸਦੀ ਮਹਿੰਗਾ ਹੋ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ