ਰਿਸ਼ਵਤਖੋਰੀ ਦੇਸ਼ ਨੂੰ ਚਿੰਬੜਿਆ ਇੱਕ ਕਲੰਕ

Bribe

ਰਿਸ਼ਵਤਖੋਰੀ ਦੇਸ਼ ਨੂੰ ਚਿੰਬੜਿਆ ਇੱਕ ਕਲੰਕ

ਇਤਿਹਾਸ ਅਨੁਸਾਰ ਭਾਰਤ ਦੇਸ਼ ਦੇ ਸਰਮਾਏ ਨੂੰ ਲੁੱਟਣ ਲਈ ਪਹਿਲਾਂ ਤਾਂ ਧਾੜਵੀ ਬਾਹਰੋਂ ਆਉਂਦੇ ਸਨ ਪਰੰਤੂ ਅੱਜ ਸਥਿਤੀ ਬਿਲਕੁਲ ਉਲਟ ਹੈ। ਲੁੱਟਣ ਵਾਲੇ ਬੇਗਾਨੇ ਨਹੀਂ ਸਗੋਂ ਆਪਣੇ ਹੀ ਹਨ। ਜੋ ਜੋਕਾਂ ਵਾਂਗ ਚਿੰਬੜੇ ਹਨ। ਸਾਡੇ ਰੰਗਲੇ ਪੰਜਾਬ ਨੂੰ ਖੂਨ ਪੀਣੀਆਂ ਜੋਕਾਂ ਨੇ ਖੂਨ ਚੂਸ-ਚੂਸ ਕੇ ਅੱਜ ਕੱਖੋਂ ਹੌਲਾ ਕਰਕੇ ਆਪਣੀਆਂ ਜਾਇਦਾਦਾਂ ਵਿੱਚ ਚੌਖਾ ਵਾਧਾ ਕੀਤਾ ਹੈ। ਬਾਹਰ ਵਾਲੇ ਜਦੋਂ ਲੁੱਟਣ ਆਉਂਦੇ ਸਨ ਤਾਂ ਲੋਕਾਂ ਵਿੱਚ ਹਾਹਾਕਾਰ ਮੱਚ ਜਾਂਦੀ ਸੀ ਪਰੰਤੂ ਇਹ ਸਮਝਦਾਰੀ ਨਾਲ ਲੁੱਟਦੇ ਹਨ ਦੋ ਕੰਮ ਕਰਦੇ ਹਨ ਲੁੱਟਦੇ ਹਨ ਫਿਰ ਕੁੱਟਦੇ ਹਨ ਤੀਜਾ ਰੋਣ ਵੀ ਨਹੀਂ ਦਿੰਦੇ।

ਰਿਸ਼ਵਤਖੋਰਾਂ ਤੇ ਉਨ੍ਹਾਂ ਦੇ ਦਲਾਲਾਂ ਦਾ ਪੂਰੇ ਦੇਸ਼ ਅੰਦਰ ਅੱਜ ਬੋਲਬਾਲਾ ਹੈ। ਅਮੀਰਾਂ ਕੋਲ ਪੈਸਾ ਆਮ ਹੈ। ਮੀਡੀਅਮ ਵਰਗ ਅਮੀਰ ਹੋਣ ਦੇ ਚੱਕਰ ਵਿੱਚ ਲਟਕਿਆ ਪਿਆ ਹੈ। ਰਹੀ ਗੱਲ ਗਰੀਬ ਦੀ ਕੋਈ ਨੇੜੇ ਹੀ ਨਹੀਂ ਲੱਗਣ ਦਿੰਦਾ। ਸਰਕਾਰੀ ਦਫਤਰਾਂ ਅੰਦਰ ਗਰੀਬਾਂ ਦੀਆਂ ਫਾਇਲਾਂ ਨੂੰ ਮੈਂ ਖੁਦ ਅੱਖੀਂ ਦੇਖਿਆ ਚਾਰ ਅੱਖਰ ਲਿਖਣ ਦੀ ਬਜਾਏ ਕਲਰਕ ਚਲਾ-ਚਲਾ ਕੇ ਮਾਰਦੇ ਹਨ। ਆਹ ਨਹੀਂ ਲਿਖਿਆ, ਅਹੁ ਨਹੀਂ ਕਰਾਇਆ, ਕੋਈ ਪੁੱਛੇ ਸਰਕਾਰ ਨੇ ਤੁਹਾਨੂੰ ਕਿਸ ਕੰਮ ਲਈ ਕੁਰਸੀ ਦਿੱਤੀ ਹੈ। ਬੱਸ ਫਿਰ ਕੋਈ ਜਵਾਬ ਨਹੀਂ। ਗੱਲ ਸਿਰਫ ਓਪਰੀ ਮਾਇਆ ਰਾਣੀ ਦੀ ਹੈ। ਸਾਰੇ ਸਬਰ ਤੇ ਬੰਨ੍ਹ ਪੈਸੇ ਦੇ ਲਾਲਚ ਵਿੱਚ ਟੁੱਟ ਗਏ ਹਨ।

ਇਹ ਸਾਰੀਆਂ ਰਿਸ਼ਵਤਖੋਰੀ ਦੀਆਂ ਤੰਦਾਂ ਉੱਪਰਲੇ ਅਫਸਰਾਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹੀ ਉੱਸਰ ਕੇ ਮਜਬੂਤ ਹੋਈਆਂ ਹਨ। ਇਸ ਹਮਾਮ ਵਿੱਚ ਹੇਠਾਂ ਤੋਂ ਲੈ ਕੇ ਉੱਪਰ ਤੱਕ ਸਭ ਨੰਗੇ ਹਨ। ਕੌਣ ਆਖੇ ਰਾਣੀ ਅੱਗਾ ਢੱਕ ਜਿਹੜਾ ਅੱਗਾ ਢੱਕਣ ਨੂੰ ਕਹਿ ਦਿੰਦਾ ਹੈ ਉਸ ਨੂੰ ਘੱਟੋ-ਘੱਟ ਇੱਕ ਝੂਠੇ ਪਰਚੇ ਦੇ ਇਨਾਮ ਨਾਲ ਨਵਾਜਿਆ ਜਾਂਦਾ ਹੈ। ਜੇਕਰ ਉਹ ਸਾਰੇ ਪਾਸਿਓਂ ਜਰਵਾਣਾ ਹੈ ਤਾਂ ਇਹ ਸੁਣਨ ਨੂੰ ਮਿਲਦਾ ਹੈ, ਤੁਸੀਂ ਕੰਮ ਦਸੋ ਜੀ, ਹੁਣੇ ਕਰਕੇ ਦਿੰਦੇ ਹਾਂ। ਇਹ ਤਾਂ ਜੀ ਅਨਪੜ੍ਹ ਹਨ, ਕੁੱਝ ਪਤਾ ਨਹੀਂ ਹੈ। ਅੱਜ-ਕੱਲ੍ਹ ਰਿਸਵਤਖੋਰੀ ਦੇ ਨਾਲ-ਨਾਲ ਟਾਈਮ ਦੀ ਵੀ ਵੱਡੀ ਘਾਟ ਹੈ। ਸਮਾਜ ਸੁਧਾਰਕ ਤਾਂ 24 ਘੰਟੇ ਵਿਹਲਾ ਹੋ ਹੀ ਨਹੀਂ ਸਕਦਾ।

ਇੱਕ ਸੱਚੀ ਘਟਨਾ ਸੁਣੋ ਮੈਂ ਇੱਕ ਦਿਨ ਕਿਸੇ ਦੋਸਤ ਕੋਲ ਆਪਣਾ ਆਰਟੀਕਲ ਟਾਈਪ ਕਰਵਾਉਣ ਗਿਆ ਉੱਥੇ ਇੱਕ ਬਜੁਰਗ ਫਾਇਲ ਲੈ ਕੇ ਆਇਆ ਤੇ ਉਸ ਨੂੰ ਕਹਿਣ ਲੱਗਾ ਕਿ ਮੇਰੇ ਰਾਸ਼ਨ ਕਾਰਡ ਵਿੱਚ ਮੇਰੀ ਲੜਕੀ ਦਾ ਨਾਂਅ ਦਰਜ ਕਰਦੇ। ਉਸ ਨੇ ਕਿਹਾ ਕਿ ਮੈਂ ਅਜਿਹਾ ਨਹੀਂ ਕਰ ਸਕਦਾ, ਪਰੰਤੂ ਅਸਲ ਵਿੱਚ ਇਸ ਦਾ ਕਾਰਨ ਕੀ ਹੈ। ਬਜੁਰਗ ਨੇ ਦੱਸਿਆ ਕਿ ਮੈਂ ਆਪਣੀ ਲੜਕੀ ਦਾ ਨਾਂਅ ਰਾਸ਼ਨ ਕਾਰਡ ਵਿੱਚ ਕਿਸੇ ਕਾਰਨ ਦਰਜ ਕਰਵਾਉਣਾ ਭੁੱਲ ਗਿਆ। ਹੁਣ ਹਫਤਾ ਪਹਿਲਾਂ ਮੈਂ ਉਸ ਦੀ ਸ਼ਾਦੀ ਕਰ ਦਿੱਤੀ ਹੈ ਤੇ ਸ਼ਗਨ ਸਕੀਮ ਤਹਿਤ ਸਰਕਾਰ ਵੱਲੋਂ ਪੈਸੇ ਲੈਣੇ ਹਨ, ਦਫਤਰਾਂ ਵਿੱਚ ਕਈ ਚੱਕਰ ਕੱਟ ਕੇ ਥੱਕ ਚੁੱਕਾ ਹਾਂ। ਕੋਈ ਓਧਰ ਭੇਜ ਦਿੰਦਾ ਹੈ, ਓਧਰਲੇ ਏਧਰ ਭੇਜ ਦਿੰਦੇ ਹਨ। ਅਸਲ ਗੱਲ ਵਿੱਚੋਂ ਕੁੱਝ ਹੋਰ ਹੈ। ਦਫਤਰ ਵਿੱਚ ਇੱਕ ਦਲਾਲ ਟਾਈਪ ਬੰਦਾ ਮਿਲਿਆ ਸੀ ਤੇ ਕਹਿੰਦਾ, ਬਾਪੂ ਐਨੇ ਰੁਪਏ ਲੱਗਣਗੇ, ਸ਼ਗਨ ਸਕੀਮ ਤਾਂ ਤੇਰੇ ਘਰ ਭੱਜੀ ਆਉ। ਮੈਂ ਕਿਹਾ, ਪੁੱਤਰਾ ਪਹਿਲਾਂ ਕੁੜੀ ਦਾ ਵਿਆਹ ਤਾਂ ਕਰਜਾ ਚੁੱਕ ਕੇ ਕੀਤਾ ਹੈ, ਮੇਰੇ ਕੋਲ ਪੈਸੇ ਕਿੱਥੇ! ਕਹਿੰਦਾ, ਫਿਰ ਤੁਰਿਆ ਫਿਰ।

ਇਹ ਤਾਂ ਸੀ ਸਿਰਫ ਇੱਕ ਦਫਤਰ ਤੇ ਇੱਕ ਬਜੁਰਗ ਦੀ ਕਹਾਣੀ। ਸਾਡੀ ਰੋਜ਼ਾਨਾ ਦੀ ਜਿੰਦਗੀ ਵਿੱਚ ਸਾਡੇ ਦੇਸ਼ ਅੰਦਰ ਰੋਜ਼ਾਨਾ ਅਜਿਹੀਆਂ ਰਿਸ਼ਵਤਖੋਰੀ ਦੀਆਂ ਘਟਨਾਵਾਂ ਵੱਡੀ ਤਾਦਾਦ ਵਿੱਚ ਵਾਪਰ ਰਹੀਆਂ ਹਨ। ਅੱਜ ਮੇਰੇ ਦੇਸ਼ ਦੀ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਜੋ ਕਿ ਆਪਣਾ ਜ਼ਿਆਦਾ ਸਮਾਂ ਸੋਸ਼ਲ ਮੀਡੀਆ ਦੇ ਨੈੱਟਵਰਕ ਨੂੰ ਸਰਚ ਕਰਨ ਲਈ ਖਰਾਬ ਕਰਕੇ ਆਪਣੇ-ਆਪ ਨੂੰ ਬਹੁਤ ਪੜ੍ਹੇ-ਲਿਖੇ ਤੇ ਅਗਾਂਹਵਧੂ ਸੋਚ ਰੱਖਣ ਵਾਲੇ ਦੱਸਣ ਲਈ ਖਰਚ ਕਰ ਰਹੀ ਹੈ। ਇਸ ਭਿ੍ਰਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਲਈ ਦੇਸ਼ ਵਿਆਪੀ ਲਹਿਰ ਚਲਾ ਕੇ ਉਸ ਵਿੱਚ ਵਧ-ਚੜ੍ਹ ਕੇ ਯੋਗਦਾਨ ਪਾਉਣ ਦੀ ਸਖਤ ਜਰੂਰਤ ਹੈ। ਨਾਲ ਦੇਸ਼ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਅਪੀਲ ਹੈ ਕਿ ਜਦ ਤੱਕ ਅਸੀਂ ਇਸ ਭਿ੍ਰਸ਼ਟਾਚਾਰ ਦੀਆਂ ਮਜ਼ਬੂਤ ਨੀਹਾਂ ਨੂੰ ਕਮਜੋਰ ਕਰਨ ਲਈ ਆਪਣਾ ਯੋਗਦਾਨ ਪਾ ਕੇ ਢਾਹੁਣ ਦੀ ਤਿਆਰੀ ਨਹੀਂ ਕਰਦੇ ਤਾਂ ਕਿਸੇ ਨਾ ਕਿਸੇ ਤਰ੍ਹਾਂ ਤਾਂ ਅਸੀਂ ਵੀ ਇਸ ਸਭ ਲਈ ਜਰੂਰ ਜਿੰਮੇਵਾਰ ਹਾਂ।

ਜੇਕਰ ਅੱਜ ਅਸੀਂ ਆਪਣੇ ਦੇਸ਼ ਨੂੰ ਰਿਸ਼ਵਤਖੋਰੀ ਦੇ ਚੁੰਗਲ ਵਿੱਚੋਂ ਕੱਢਣਾ ਚਾਹੁੰਦੇ ਹਾਂ ਤਾਂ ਸਾਨੂੰ ਭਾਰਤ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਮਜਬੂਤ ਕਰਕੇ ਉੱਪਰ ਚੁੱਕਣਾ ਹੋਵੇਗਾ ਇਸ ਦੀ ਜਿਊਂਦੀ ਜਾਗਦੀ ਮਿਸਾਲ ਮੈਨੂੰ ਮੇਰੇ ਲਿਖਣ ਦੀ ਕਲਾ ਦੇ ਉਸਤਾਦ ਕੋਲੋਂ ਸੁਣਨ ਨੂੰ ਮਿਲੀ ਉਨ੍ਹਾਂ ਦੇ ਸਕੇ ਤਾਏ ਦਾ ਲੜਕਾ ਕਾਫੀ ਸਮੇਂ ਤੋਂ ਅਮਰੀਕਾ ਵਿੱਚ ਪੱਕੇ ਤੌਰ ’ਤੇ ਰਹਿ ਰਿਹਾ ਸੀ ਤੇ ਉਸਦੇ ਬੱਚੇ ਅਮਰੀਕਾ ਦੇ ਜੰਮਪਲ ਹਨ। ਜਦੋਂ ਉਸ ਲੜਕੇ ਦਾ ਬਾਪ ਅਮਰੀਕਾ ਆਪਣੇ ਲੜਕੇ ਦੇ ਪਰਿਵਾਰ ਨੂੰ ਮਿਲਣ ਗਿਆ ਤਾਂ ਇੱਕ ਦਿਨ ਉਸ ਦੀ ਪੋਤੀ ਆਪਣੇ ਦਾਦਾ ਜੀ ਨੂੰ ਬਜਾਰੋਂ ਸਾਮਾਨ ਖਰੀਦਣ ਲਈ ਨਾਲ ਲੈ ਗਈ। ਉਸ ਪੋਤਰੀ ਦੀ ਉਮਰ ਤਕਰੀਬਨ 10-12 ਸਾਲ ਹੀ ਸੀ। ਸਟੋਰ ਵਿੱਚੋਂ ਉਨ੍ਹਾਂ ਨੇ ਇੱਕ ਟਮਾਟੋ ਸੌਸ ਦੀ ਬੋਤਲ ਖਰੀਦਣੀ ਸੀ ਬਜੁਰਗ ਹੋਣ ਕਰਕੇ ਉਨ੍ਹਾਂ ਕੋਲੋਂ ਬੋਤਲ ਦੇਖਣ ਲੱਗਿਆਂ ਫਰਸ਼ ’ਤੇ ਡਿੱਗ ਕੇ ਟੁੱਟ ਗਈ ਉਨ੍ਹਾਂ ਦੀ ਪੋਤੀ ਨੇ ਆਪਣੇ ਦਾਦਾ ਜੀ ਨੂੰ ਕਿਹਾ ਕਿ ਤੁਰੰਤ ਪਹਿਲਾਂ ਟੁੱਟੀ ਬੋਤਲ ਦੇ ਪੈਸੇ ਕੈਸ਼ ਕਾਊਂਟਰ ’ਤੇ ਜਮ੍ਹਾ ਕਰਵਾਉ। ਦਾਦਾ ਭਾਰਤੀ ਕਲਚਰ ਦਾ ਹੋਣ ਕਰਕੇ ਕਹਿਣ ਲੱਗਾ ਕਿ ਬਾਅਦ ਵਿੱਚ ਸਾਰੇ ਸਾਮਾਨ ਦੇ ਨਾਲ ਇਕੱਠੇ ਜਮ੍ਹਾ ਕਰਵਾ ਦਿਆਂਗੇ। ਪਰੰਤੂ ਪੋਤਰੀ ਦੀ ਸਿੱਖਿਆ ਪ੍ਰਣਾਲੀ ਦਾ ਸਾਡੇ ਮੁਲਕ ਨਾਲੋਂ ਅੰਤਰ ਹੋਣ ਕਰਕੇ ਉਸ ਨੇ ਕਿਹਾ ਕਿ ਦਾਦਾ ਜੀ ਤੁਸੀਂ ਚੀਟਿੰਗ ਕਰ ਰਹੇ ਹੋ, ਪਹਿਲਾਂ ਪੈਸੇ ਜਮ੍ਹਾ ਕਰਵਾਉ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਿਸ਼ਵਤਖੋਰੀ ਨੂੰ ਠੱਲ੍ਹ ਪਾਉਣ ਲਈ ਆਪਣਾ ਵਟਸਐਪ ਨੰਬਰ ਜਾਰੀ ਕੀਤਾ ਹੈ ਜੋ ਬਹੁਤ ਚੰਗੀ ਗੱਲ ਹੈ। ਪਰੰਤੂ ਜੇਕਰ ਅਸੀਂ ਨੌਜਵਾਨ ਪੀੜ੍ਹੀ ਨੂੰ ਬੇਰੁਜਗਾਰੀ ਦੇ ਜਾਲ ਵਿੱਚੋਂ ਕੱਢ ਕੇ ਸਰਕਾਰੀ ਮਹਿਕਮਿਆਂ ਅੰਦਰ ਖਾਲੀ ਪਈਆਂ ਲੱਖਾਂ ਪੋਸਟਾਂ ’ਤੇ ਰੁਜਗਾਰ ਦੇ ਕੇ ਕੰਮ ਲਾ ਦਈਏ ਤਾਂ 50 ਫੀਸਦੀ ਰਿਸ਼ਵਤਖੋਰੀ ਆਪਣੇ-ਆਪ ਹੀ ਰੁਕ ਜਾਵੇਗੀ। ਬਾਕੀ ਦੀ 50 ਫੀਸਦੀ ਰਿਸਵਤਖੋਰੀ ਦਲਾਲਾਂ ਨੂੰ ਸਖਤ ਕਾਨੂੰਨ ਦੇ ਤਹਿਤ ਸਜਾਵਾਂ ਦੇ ਕੇ ਖਤਮ ਕੀਤੀ ਜਾ ਸਕਦੀ ਹੈ। ਇਸ ਭਿ੍ਰਸ਼ਟਾਚਾਰ ਦੇ ਦੈਂਤ ਨੂੰ ਦੇਸ਼ ਦੇ ਰਾਜਨੇਤਾ ਤੇ ਬਿਊਰੋਕ੍ਰੇਟ ਰਲ਼ ਕੇ ਲਗਾਤਾਰ ਛੇਤੀ ਵੱਡਾ ਤੇ ਤਾਕਤਵਰ ਕਰਨ ਲਈ ਆਪਣਾ ਯੋਗਦਾਨ ਪਾ ਰਹੇ ਹਨ ਜਿਸ ਨੂੰ ਸਮਝਣ ਲਈ ਅਸੀਂ ਬਹੁਤ ਦੇਰ ਕਰ ਚੁੱਕੇ ਹਾਂ। ਇਨ੍ਹਾਂ ਦੀਆਂ ਜੱਦੀ ਜਾਇਦਾਦਾ ਤੋਂ ਬਾਅਦ ਵਿੱਚ ਟੇਢੇ ਢੰਗ ਨਾਲ ਰਲ-ਮਿਲ ਕੇ ਬਣਾਈਆਂ ਜਾਇਦਾਦਾਂ ਦੇ ਅੰਕੜੇ ਮੰਗ ਕੇ ਯੋਗ ਕਾਰਵਾਈ ਕਰਦੇ ਹੋਏ ਸਾਰਾ ਸੱਚ ਦੇਸ਼ ਦੀ ਜਨਤਾ ਸਾਹਮਣੇ ਜਨਤਕ ਕਰਨਾ ਚਾਹੀਦਾ ਹੈ। ਤਾਂ ਜੋ ਅੱਗੇ ਤੋਂ ਕੋਈ ਭਿ੍ਰਸ਼ਟਾਚਾਰ ਕਰਨ ਬਾਰੇ ਸੌ ਵਾਰ ਸੋਚੇ।ਅੱਜ ਦੇ ਇਸ ਹਾਈਟੈਕ ਜਮਾਨੇ ਅੰਦਰ ਦੇਸ਼ ਦਾ ਚੌਥਾ ਥੰਮ੍ਹ ਕਿਹਾ ਜਾਣ ਵਾਲਾ ਮੀਡੀਆ ਇਸ ਭਿ੍ਰਸ਼ਟਾਚਾਰ ਦੀ ਮਜਬੂਤ ਕੰਧ ਨੂੰ ਢਾਹੁਣ ਲਈ ਜੇਕਰ ਦੇਸ਼ ਦੀ ਆਵਾਮ ਨਾਲ ਰਲ ਕੇ ਦਿਲੋਂ ਆਪਣਾ ਕੰਮ ਆਜਾਦ ਹੋ ਕੇ ਕਰੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਭਗਤ ਸਿੰਘ ਰਾਜਗੁਰੂ, ਸੁਖਦੇਵ ਤੇ ਕਰਤਾਰ ਸਿੰਘ ਸਰਾਭੇ ਦੇ ਸੁਪਨਿਆਂ ਦਾ ਦੇਸ਼ ਬਣ ਜਾਵੇਗਾ।

ਇੰਜ. ਜਗਜੀਤ ਸਿੰਘ ਕੰਡਾ
ਕੋਟਕਪੂਰਾ।
ਮੋ. 96462-00468

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ