ਕੋਰੋਨਾ ਮਹਾਂਮਾਰੀ ਖਿਲਾਫ ਦੁਨੀਆਂ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ

National Vaccination Day Sachkahoon

ਰਾਸ਼ਟਰੀ ਟੀਕਾਕਰਨ ਦਿਵਸ ’ਤੇ ਵਿਸ਼ੇਸ਼

ਚੀਨ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਮੁੜ ਫੇਰ ਦਿਖਾਈ ਦੇਣ ਲੱਗਾ ਹੈ, ਕੋਵਿਡ-19 ਦੇ ਮੁੜ ਪਰਤਣ ਦੀ ਖਬਰ ਨੇ ਚਾਰ-ਚੁਫੇਰੇ ਇੱਕ ਵਾਰ ਫਿਰ ਸਨਸਨੀ ਫੈਲਾ ਦਿੱਤੀ ਹੈ ਅਤੇ ਲੋਕਾਂ ਨੂੰ ਤਾਲਾਬੰਦੀ ਬਾਰੇ ਸੋਚ ਕੇ ਘਬਰਾਹਟ ਹੋਣ ਲੱਗ ਪੈਂਦੀ ਹੈ। ਕੋਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਬਚਾਅ ਲਈ ਭਾਰਤ ਵਿੱਚ 16 ਜਨਵਰੀ 2021 ਨੂੰ ਕੋਰੋਨਾ ਮਹਾਂਮਾਰੀ ਖਿਲਾਫ ਦੁਨੀਆਂ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਵਿਸ਼ਵ ਸਿਹਤ ਸੰਗਠਨ ਤੇ ਸਿਹਤ ਮਾਹਿਰਾਂ ਵੱਲੋਂ ਕੋਰੋਨਾ ਟੀਕਾਕਰਨ ਲਈ ਕਮੇਟੀਆਂ ਦਾ ਗਠਨ, ਸਟਾਫ ਦੀ ਸਿਖਲਾਈ, ਟੀਕਾਕਰਨ ਸੈਂਟਰਾਂ ਦੀ ਸਥਾਪਨਾ, ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਅਤੇ ਵੈਕਸੀਨ ਸਪਲਾਈ ਤੇ ਸੰਭਾਲ ਸਬੰਧੀ ਜੰਗੀ ਪੱਧਰ ’ਤੇ ਸੇਵਾਵਾਂ ਜਾਰੀ ਹਨ।

ਦੁਨੀਆਂ ਭਰ ਦੀ ਨਜ਼ਰ ਭਾਰਤ ਦੀ ਕੋਰੋਨਾ ਵੈਕਸੀਨੇਸ਼ਨ ਮੁਹਿੰਮ ’ਤੇ ਹੈ, ਮਾਹਿਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਟੀਕਾਕਰਨ ਬਿਹਤਰ ਮਨੁੱਖੀ ਪ੍ਰਤੀਰੋਧਤਾ ਨੂੰ ਵਧਾਉਣ ਅਤੇ ਬਿਮਾਰੀ ਫੈਲਣ ਤੋਂ ਰੋਕਣ ਵਿੱਚ ਸਮਰੱਥ ਹੈ, ਵਿਸ਼ਵ ਭਰ ਦੇ ਵਿਗਿਆਨੀਆਂ ਨੇ ਕੋਵਿਡ-19 ਦੀ ਸੁਰੱਖਿਅਤ ਅਤੇ ਅਸਰਦਾਰ ਵੈਕਸੀਨ ਤਿਆਰ ਕਰਨ ਦੀ ਪ੍ਰਕਿਰਿਆ ’ਚ ਅਹਿਮ ਯੋਗਦਾਨ ਪਾਇਆ ਹੈ। ਆਮ ਲੋਕਾਂ ਵਿੱਚ ਇਸ ਕੋਵਿਡ ਵੈਕਸੀਨ ਨੂੰ ਲੈ ਕੇ ਡਰ ਤੇ ਸਹਿਮ ਦਾ ਮਾਹੌਲ ਸੀ, ਪਰ ਮਾਹਿਰਾਂ ਨੇ ਸੁਚੇਤ ਕੀਤਾ ਕਿ ਸਾਰੀਆਂ ਅਜਮਾਇਸ਼ਾਂ, ਸ਼ਰਤਾਂ ਅਤੇ ਕਸੌਟੀਆਂ ’ਤੇ ਖਰੀ ਉੱਤਰਨ ਅਤੇ ਲਾਇਸੈਂਸ ਹਾਸਲ ਕਰਨ ਵਾਲੀ ਕੋਰੋਨਾ ਵੈਕਸੀਨ ਦਾ ਟੀਕਾ ਹੀ ਲਾਇਆ ਜਾ ਰਿਹਾ ਹੈ

ਕੋਵਿਡ-19 ਦਾ ਟੀਕਾ ਪਹਿਲੇ ਪੜਾਅ ਅਧੀਨ ਸਿਹਤ ਕਾਮਿਆਂ ਨੂੰ ਲਾਇਆ ਗਿਆ, ਦੂਸਰੇ ਪੜਾਅ ਵਿੱਚ ਫਰੰਟਲਾਈਨ ਵਰਕਰਾਂ ਨੇ ਕੋਰੋਨਾ ਦਾ ਟੀਕਾ ਲਵਾਇਆ, ਫੇਰ 60 ਸਾਲ ਤੋਂ ਵੱਧ ਉਮਰ ਵਰਗ ਦੇ ਵਿਅਕਤੀਆਂ ਤੇ 45 ਸਾਲ ਤੋਂ ਉੱਪਰ ਤੇ 60 ਸਾਲ ਤੋਂ ਹੇਠਾਂ ਪਰ ਕਿਸੇ ਬਿਮਾਰੀ ਜਿਵੇਂ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਕੈਂਸਰ, ਸਾਹ ਦੀ ਤਕਲੀਫ ਵਰਗੀਆਂ ਬਿਮਾਰੀਆਂ ਨਾਲ ਜੂਝ ਰਹੇ ਵਿਅਕਤੀਆਂ ਦਾ ਕੋਰੋਨਾ ਟੀਕਾਕਰਨ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਫਿਰ 18 ਸਾਲ ਤੋਂ ਉੱਪਰ ਹਰ ਨਾਗਰਿਕ ਨੂੰ ਕੋਰੋਨਾ ਤੋਂ ਬਚਾਅ ਲਈ ਟੀਕਾ ਲਾਇਆ ਗਿਆ, ਫਿਰ ਵਾਰੀ ਆਈ ਸਕੂਲਾਂ ’ਚ ਪੜ੍ਹਦੇ 15 ਤੋਂ 17 ਸਾਲ ਦੇ ਬੱਚਿਆਂ ਦੇ ਕੋਰੋਨਾ ਟੀਕਾਕਰਨ ਦੀ, ਤੇ ਅੱਜ ਸਿਹਤ ਵਿਭਾਗ ਵੱਲੋਂ ਰਾਸ਼ਟਰੀ ਟੀਕਾਕਰਨ ਦਿਵਸ ਮੌਕੇ 12 ਤੋਂ 14 ਸਾਲ ਦੇ ਬੱਚਿਆਂ ਲਈ ਕੋਰੋਨਾ ਟੀਕਾਕਰਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।

ਕੋ-ਵਿਨ ਸਿਸਟਮ ਆਪਣੇ ਡਿਜ਼ੀਟਲ ਪਲੇਟਫਾਰਮ ਰਾਹੀਂ ਟੀਕਾ ਲਵਾਉਣ ਦੇ ਇੱਛੁਕ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਕਰਕੇ ਟੀਕਾ ਲਵਾਉਣ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਜਾਰੀ ਕਰ ਰਿਹਾ ਹੈ, ਲਾਭਪਾਤਰੀ ਟੀਕਾ ਲਗਵਾਉਣ ਲਈ ਆਪਣਾ ਪਹਿਚਾਣ-ਪੱਤਰ ਜਿਵੇਂ ਅਧਾਰ ਕਾਰਡ, ਵੋਟਰ ਕਾਰਡ, ਪਾਸਪੋਰਟ, ਪੈਨ ਕਾਰਡ, ਡਰਾਈਵਿੰਗ ਲਾਇਸੈਂਸ, ਬੈਂਕ ਪਾਸਬੁੱਕ, ਮਨਰੇਗਾ ਕਾਰਡ ਆਦਿ ਦੀ ਵਰਤੋਂ ਕਰ ਸਕਦਾ ਹੈ ਸਿਹਤ ਮੰਤਰਾਲਾ, ਭਾਰਤ ਸਰਕਾਰ ਵੱਲੋਂ ਹਰ ਲਾਭਪਾਤਰੀ ਨੂੰ 2 ਟੀਕਿਆਂ ਦੀ ਖੁਰਾਕ ਅਤੇ ਚੌਣਵੀਆਂ ਸ਼੍ਰੇਣੀਆਂ ਲਈ ਬੂਸਟਰ ਡੋਜ਼ ਮੁਹੱਈਆ ਕਰਵਾਈ ਜਾ ਰਹੀ ਹੈ ਟੀਕੇ ਦੀ ਖੁਰਾਕ ਲੈਣ ਤੋਂ ਦੋ ਹਫਤਿਆਂ ਬਾਅਦ ਸਰੀਰ ਵਿੱਚ ਐਂਟੀਬਾਡੀ ਦਾ ਸੁਰੱਖਿਆਤਮਕ ਪੱਧਰ ਪੈਦਾ ਹੋਣ ਦੀ ਗੱਲ ਕਹੀ ਜਾ ਰਹੀ ਹੈ।

ਸ਼ਰਾਰਤੀ ਅਨਸਰਾਂ ਵੱਲੋਂ ਫੈਲਾਈਆਂ ਝੂਠੀਆਂ ਅਫਵਾਹਾਂ ਅਤੇ ਕੂੜ ਪ੍ਰਚਾਰ ਕਾਰਨ ਜਿਆਦਾਤਰ ਲੋਕਾਂ ’ਚ ਬੇਚੈਨੀ ਅਤੇ ਚਿੰਤਾ ਬਣੀ ਰਹੀ, ਇਹਨਾਂ ਗਲਤ ਧਾਰਨਾਵਾਂ ਤੋਂ ਸੁਚੇਤ ਹੋਣ ਦੀ ਹੋਣ ਦੀ ਬਜਾਏ ਲੋਕ ਸੁਣੀਆਂ-ਸੁਣਾਈਆਂ ਗੱਲਾਂ ਅਤੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਵੀਡੀਓ ਤੇ ਸੁਨੇਹਿਆਂ ’ਤੇ ਵਿਸ਼ਵਾਸ ਕਰਦੇ ਹੋਏ ਸਰਕਾਰੀ ਸਿਹਤ ਤੰਤਰ ਨੂੰ ਭੰਡਦੇ ਰਹੇ, ਜਿਸ ਕਾਰਨ ਸਿਹਤ ਵਿਭਾਗ ਦੇ ਕੋਰੋਨਾ ਯੋਧਿਆਂ ਨੂੰ ਇੰਨੀ ਭਾਰੀ ਅਬਾਦੀ ਨੂੰ ਟੀਕਾਕਰਨ ਕਰਨ ’ਚ ਭਾਰੀ ਮੁਸ਼ੱਕਤ ਦਾ ਸਾਹਮਾਣਾ ਕਰਨਾ ਪਿਆ। ਜੇ ਕੋਰੋਨਾ ਟੀਕਾਕਰਨ ਸਬੰਧੀ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ 14 ਮਾਰਚ ਤੱਕ ਦੇਸ਼ ਭਰ ’ਚ ਕਰੀਬ 96,91,42,726 ਲੋਕਾਂ ਨੂੰ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ, 81,53,25,478 ਲੋਕਾਂ ਨੂੰ ਕੋਰੋਨਾ ਟੀਕੇ ਦੀ ਦੂਸਰੀ ਖੁਰਾਕ ਦਿੱਤੀ ਜਾ ਚੁੱਕੀ ਹੈ ਜਦਕਿ 20187489 ਵਿਅਕਤੀ ਕੋਰੋਨਾ ਦੀ ਤੀਸਰੀ-ਬੂਸਟਰ ਡੋਜ਼ ਲਗਵਾ ਚੁੱਕੇ ਹਨ।

ਇਹ ਵੀ ਦੇਖਣ ਨੂੰ ਆਇਆ ਹੈ ਕੇ ਜਿਆਦਾਤਰ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਵਾਉਣ ਤੋਂ ਬਾਅਦ ਥੋੜ੍ਹੀ ਘਬਰਾਹਟ, ਬੁਖਾਰ, ਟੀਕੇ ਵਾਲੀ ਜਗ੍ਹਾ ’ਤੇ ਦਰਦ ਜਾਂ ਸੁਸਤੀ ਜਿਹੀ ਵਰਗੇ ਉਲਟ ਪ੍ਰਭਾਵ ਨਜ਼ਰ ਆਏ ਹਨ ਜਿਸ ਨੂੰ ਸੁਭਾਵਿਕ ਹੀ ਮੰਨਿਆ ਜਾ ਰਿਹਾ ਹੈ। ਪੰਜਾਬ ਸੂਬੇ ਦੀ ਗੱਲ ਕਰੀਏ ਤਾਂ ਕਰੀਬ 2,28,05,322 ਲੋਕਾਂ ਨੂੰ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਅਤੇ 1,68,39,964 ਲੋਕ ਦੂਸਰੀ ਖੁਰਾਕ ਲੈ ਚੁੱਕੇ ਹਨ, ਜਦ ਕਿ 4,17,948 ਨੇ ਕੋਰੋਨਾ ਟੀਕੇ ਦੀ ਬੂਸਟਰ ਡੋਜ਼ ਲਗਵਾ ਲਈ ਹੈ। ਵਿਸ਼ਵ ਸਿਹਤ ਸੰਗਠਨ ਦੀਆਂ ਹਦਾਇਤਾਂ ’ਤੇ ਹਰ ਟੀਕਾਕਰਨ ਸੈਸ਼ਨ ਦੌਰਾਨ ਕਿਸੇ ਐਮਰਜੈਂਸੀ ਨਾਲ ਨਜਿਠੱਣ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਹਰ ਟੀਕਾਕਰਨ ਕਰਵਾਉਣ ਵਾਲੇ ਲਾਭਪਾਤਰੀ ਨੂੰ 30 ਮਿੰਟ ਤੱਕ ਟੀਕਾਕਰਨ ਕੇਂਦਰ ’ਤੇ ਨਿਗਰਾਨੀ ਹੇਠ ਰੱਖਣ ਦੀਆਂ ਗਾਈਡਲਾਈਨਜ਼ ਵੀ ਜਾਰੀ ਕੀਤੀਆਂ ਗਈਆਂ ਹਨ।

ਸਾਨੂੰ ਆਪਣੇ ਦੇਸ਼ ਅਤੇ ਵਿਦੇਸ਼ੀ ਵਿਗਿਆਨੀਆਂ ਤੇ ਮਾਹਿਰਾਂ ’ਤੇ ਭਰੋਸਾ ਕਰਨਾ ਚਾਹੀਦਾ ਹੈ ਤੇ ਬਿਨਾਂ ਕਿਸੇ ਡਰ ਤੋਂ ਕੋਰੋਨਾ ’ਤੇ ਜਿੱਤ ਦਾ ਟੀਕਾ ਲਗਵਾਉਣਾ ਚਾਹੀਦਾ ਹੈ। ਪਿਛਲੇ 2 ਸਾਲਾਂ ਤੋਂ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਸਿਹਤ ਵਿਭਾਗ ਦੇ ਸਟਾਫ ਵੱਲੋਂ ਸਾਵਧਾਨੀਆਂ ਵਰਤਣ ਦੇ ਨਾਲ-ਨਾਲ ਹੁਣ ਸੁਨੇਹਾ ਦਿੱਤਾ ਜਾ ਰਿਹਾ ਹੈ ‘ਦਿਖਾਓ ਸਮਝਦਾਰੀ, ਲਗਵਾਓ ਕੋਰੋਨਾ ਦਾ ਟੀਕਾ, ਜਦੋਂ ਆਏ ਤੁਹਾਡੀ ਵਾਰੀ’।

ਡਾ. ਪ੍ਰਭਦੀਪ ਸਿੰਘ ਚਾਵਲਾ,
ਬੀ.ਈ.ਈ, ਸਿਹਤ ਵਿਭਾਗ, ਫਰੀਦਕੋਟ
ਮੋ. 98146-56257

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here