ਸਰਕਾਰੀ ਅਧਿਕਾਰੀ ਅਤੇ ਮੁਲਾਜ਼ਮ ਵੀ ਸਰਕਾਰ ਬਣਨ ਦੇ ਫੇਰ ’ਚ ਫਸੇ (New Government )
- ਆਪੋ-ਆਪਣੇ ਉਮੀਦਵਾਰਾਂ ਲਈ ਲੱਗਣ ਲੱਗੀਆਂ ਸ਼ਰਤਾਂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਦਾ ਕੰਮ ਨਿਬੜਨ ਤੋਂ ਬਾਅਦ ਹੁਣ ਕਿਸ ਪਾਰਟੀ ਦੀ ਸਰਕਾਰ (New Government) ਬਣੇਗੀ ਇਸ ਸਬੰਧੀ ਚਰਚਾਵਾਂ ਨੇ ਜ਼ੋਰ ਫੜਿਆ ਹੋਇਆ ਹੈ। ਇੱਥੋਂ ਤੱਕ ਕਿ ਸਿਆਸੀ ਧਿਰਾਂ ਨਾਲ ਜੁੜੇ ਲੋਕ ਅਤੇ ਰਾਜਨੀਤਿਕ ਮਾਹਿਰ ਆਪਣਾ-ਆਪਣਾ ਆਂਕਲਨ ਤਾਂ ਕਰ ਹੀ ਰਹੇ ਹਨ, ਜਦਕਿ ਸਰਕਾਰੀ ਅਧਿਕਾਰੀਆਂ ਵਿੱਚ ਵੀ ਫੀਡਬੈਕ ਲੈਣ ਦੀ ਜ਼ੋਰ ਅਜ਼ਮਾਈ ਸ਼ੁਰੂ ਹੋਈ ਪਈ ਹੈ। ਇਸ ਵਾਰ ਪੰਜਾਬ ਦੇ ਉਲਝੇ ਸਿਆਸੀ ਤਾਣੇ-ਬਾਣੇ ਨੇ ਮਹਾਰਥੀਆਂ ਨੂੰ ਚੱਕਰਾਂ ਵਿੱਚ ਪਾ ਰੱਖਿਆ ਹੈ।
ਵੋਟ ਪ੍ਰਤੀਸ਼ਤਤਾ ਪਿਛਲੇ ਸਾਲ ਨਾਲੋਂ ਪੰਜ ਫੀਸਦੀ ਘਟੀ
ਦੱਸਣਯੋਗ ਹੈ ਕਿ ਭਾਵੇਂ ਪੰਜਾਬ ਅੰਦਰ ਇਸ ਵਾਰ ਵੋਟ ਪ੍ਰਤੀਸ਼ਤਤਾ ਪਿਛਲੇ ਸਾਲ ਨਾਲੋਂ ਪੰਜ ਫੀਸਦੀ ਘਟੀ ਹੈ, ਪਰ ਸਿਆਸੀ ਗਣਿਤ ਹੋਰ ਵੀ ਚਰਮਰਾ ਗਿਆ ਹੈ। ਇਸ ਵਾਰ ਸੂਬੇ ਅੰਦਰ ਚੋਣ ਲੜਨ ਵਾਲੀਆਂ ਅੱਧੀ ਦਰਜ਼ਨ ਪਾਰਟੀਆਂ ਕਾਰਨ ਪੰਜਾਬ ਦੀ ਸਿਆਸੀ ਫਿਜ਼ਾ ਦਾ ਨਾਪ-ਤੋਲ ਸਹੀਂ ਨਹੀਂ ਬੈਠ ਰਿਹਾ। ਇੱਥੋਂ ਤੱਕ ਕਿ ਲੋਕਾਂ ਵਿੱਚ ਸਭ ਤੋਂ ਵੱਧ ਚਰਚਾ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਇਕਜੁੱਟ ਪਾਈ ਗਈ ਵੋਟ ਵੀ ਸਿਆਸੀ ਗਿਣਤੀਆਂ ਮਿਣਤੀਆਂ ਨੂੰ ਫੇਲ੍ਹ ਕਰ ਰਹੀ ਹੈ। ਅੱਜ ਜਦੋਂ ਕਈ ਸਰਕਾਰੀ ਦਫ਼ਤਰਾਂ ਅੰਦਰ ਫੇਰਾ ਪਾਇਆ ਗਿਆ ਤਾਂ ਉੱਥੇ ਵੀ ਮੁਲਾਜ਼ਮ ਅਤੇ ਅਧਿਕਾਰੀ ਪੰਜਾਬ ਦੀ ਅਗਲੀ ਸਰਕਾਰ ਬਣਾਉਣ ਦੇ ਫੇਰ ਵਿੱਚ ਫਸੇ ਦਿਖਾਈ ਦਿੱਤੇ।
ਇੱਕ ਮੁਲਾਜ਼ਮ ਨੇ ਦੱਸਿਆ ਕਿ ਪੰਜਾਬ ਅੰਦਰ ਕਿਸ ਪਾਰਟੀ ਦੀ ਸਰਕਾਰ ਬਣ ਰਹੀ ਹੈ, ਇਸ ਸਬੰਧੀ ਉਹ ਸਿਰ ਖੁਰਕਣ ਲੱਗੇ ਹੋਏ ਹਨ, ਜਦਕਿ ਉਨ੍ਹਾਂ ਦੇ ਉਚ ਅਧਿਕਾਰੀਆਂ ਵੱਲੋਂ ਵੀ ਰਿਪੋਰਟ ਹਾਸਲ ਕਰਨ ਲਈ ਫੋਨ ਕੀਤੇ ਜਾ ਰਹੇ ਹਨ। ਇੱਕ ਅਧਿਕਾਰੀ ਨੇ ਨਾਂਅ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਪੰਜਾਬ ਦੀ ਇਸ ਵਾਰ ਸਿਆਸੀ ਪੱਖੋਂ ਉਲਝੀ ਫ਼ਿਜਾ ਉਨ੍ਹਾਂ ਨੂੰ ਕੰਮ ਕਰਨ ’ਚ ਮਨ ਨਹੀਂ ਲੱਗਣ ਦੇ ਰਹੀ। ਪਟਿਆਲਾ ਦਿਹਾਤੀ ਅੰਦਰ ਸਭ ਤੋਂ ਵੱਧ 19 ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ ਹੋਏ ਸਨ। ਪੰਜਾਬ ਅੰਦਰ ਇਸ ਵਾਰ ਸਭ ਤੋਂ ਵੱਧ ਅੰਦਾਜੇ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਆਉਣ ਕਰਕੇ ਲੰਗੜੀ ਸਰਕਾਰ ਬਣਨ ਦੇ ਲਾਏ ਜਾ ਰਹੇ ਹਨ। ਭਾਵੇਂ ਕਿ ਸਾਰੀਆਂ ਮੁੱਖ ਧਿਰਾਂ ਬਹੁਮਤ ਨਾਲ ਸਰਕਾਰ ਬਣਾਉਣ ਦੇ ਦਾਅਵੇ ਜ਼ਰੂਰ ਠੋਕ ਰਹੀਆਂ ਹਨ।
ਸਰਕਾਰ ਬਣਨ ਨੂੰ ਲੈ ਕੇ ਸ਼ਰਤਾਂ ਵੀ ਲੱਗ ਰਹੀਆਂ ਹਨ
ਵੱਡੀ ਗੱਲ ਇਹ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵੀ ਕਬੂਲ ਕਰ ਲਿਆ ਗਿਆ ਹੈ ਕਿ ਪੰਜਾਬ ’ਚ ਕਿਸ ਦੀ ਸਰਕਾਰ ਬਣੇਗੀ, ਕੋਈ ਜੋਤਸ਼ੀ ਹੀ ਇਸ ਦੀ ਭਵਿੱਖਬਾਣੀ ਕਰ ਸਕਦਾ ਹੈ। ਸਰਕਾਰ ਬਣਨ ਨੂੰ ਲੈ ਕੇ ਸ਼ਰਤਾਂ ਵੀ ਲੱਗ ਰਹੀਆਂ ਹਨ ਅਤੇ ਕਈ ਸੋਸ਼ਲ ਮੀਡੀਆ ’ਤੇ ਆਪੋ-ਆਪਣੇ ਉਮੀਦਵਾਰ ਦੀ ਜਿੱਤ ਦੇ ਦਾਅਵੇ ਕਰ ਰਹੇ ਹਨ ਅਤੇ ਗੱਡੀਆਂ ਦੀਆਂ ਸ਼ਰਤਾਂ ਵੀ ਲਾਈਆਂ ਜਾ ਰਹੀਆਂ ਹਨ।
ਸਭ ਤੋਂ ਵੱਧ ਟੇਵੇ ਸੂਬੇ ਦੀਆਂ ਮਹੱਤਵਪੂਰਨ ਸੀਟਾਂ ’ਤੇ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿਦਰ ਸਿੰਘ ਦੀ ਸੀਟ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੀਟ, ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਸੀਟ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਸੀਟਾਂ, ਆਪ ਪ੍ਰਧਾਨ ਭਗਵੰਤ ਮਾਨ ਦੀ ਸੀਟ, ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਆਦਿ ਸੀਟਾਂ ਸ਼ਾਮਲ ਹਨ। ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਵੀ ਆਪਣੇ ਆਪਣੇ ਸਮੱਰਥਕਾਂ ਰਾਹੀਂ ਆਪਣੀਆਂ ਵੋਟਾਂ ਦਾ ਵਜ਼ਨ ਤੋਲਿਆ ਜਾ ਰਿਹਾ ਹੈ ਅਤੇ ਜੋੜ ਘਟਾਓ ਕੀਤੇ ਜਾ ਰਹੇ ਹਨ। ਇਸ ਵਾਰ ਪਹਿਲੀ ਦਫ਼ਾ ਹੈ ਕਿ ਚੋਣ ਨਤੀਜ਼ਿਆਂ ਨੂੰ ਲੈ ਕੇ ਸਾਰਿਆਂ ਵਿੱਚ ਉਤਸੁਕਤਾ ਬਣੀ ਹੋਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ