ਵੋਟਾਂ ਪਾਉਣ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ
(ਜਸਵੀਰ ਸਿੰਘ ਗਹਿਲ/ਰਜਿੰਦਰ ਸ਼ਰਮਾ) ਬਰਨਾਲਾ। ਵਿਧਾਨ ਸਭਾ ਚੋਣਾਂ 2022 ਲਈ ਅੱਜ ਪੈਣ ਵਾਲੀਆਂ ਵੋਟਾਂ ਦੌਰਾਨ ਵੋਟਰ ਸ਼ਨਾਖਤੀ ਕਾਰਡ (Voter Identity Card) ਨਾ ਹੋਣ ਦੀ ਸੂਰਤ ’ਚ ਵੋਟ ਪਾਉਣ ਲਈ ਲਾਜ਼ਮੀ ਦਸਤਾਵੇਜਾਂ ਦੀ ਸੂਚੀ ਜ਼ਿਲ੍ਹਾ ਚੋਣ ਅਫ਼ਸਰ ਦੁਆਰਾ ਜਾਰੀ ਕਰ ਦਿੱਤੀ ਗਈ ਹੈ। ਨਾਲ ਹੀ ਇਹ ਵੀ ਸਪੱਸ਼ਟ ਕੀਤਾ ਹੈ ਕਿ ਫਾਰਮ 12 ਡੀ ਭਰ ਕੇ ਦੇਣ ਵਾਲੇ ਵੋਟਰ ਪੋਲਿੰਗ ਸਟੇਸ਼ਨ ’ਤੇ ਵੋਟ ਨਹੀਂ ਪਾ ਸਕਣਗੇ।
ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਬਰਨਾਲਾ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣਾਂ-2022 ਲਈ ਵੋਟਾਂ 20 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣ ਵਾਲੀਆਂ ਵੋਟਾਂ ’ਚ ਜੇਕਰ ਕਿਸੇ ਵੋਟਰ ਕੋਲ ਵੋਟ ਪਾਉਣ ਸਮੇਂ ਆਪਣਾ ਐਪਿਕ ਵੋਟਰ ਸ਼ਨਾਖਤੀ ਕਾਰਡ ਨਹੀਂ ਹੈ ਤਾਂ ਉਹ ਵੋਟਰ ਹੋਰ ਦਸਤਾਵੇਜ਼ ਜਿਵੇਂ ਕਿ ਪਾਸਪੋਰਟ, ਪੈਨਸ਼ਨ ਕਾਰਡ, ਯੂ.ਡੀ.ਆਈ.ਡੀ, ਪਾਸਬੁਕ, ਮਗਨਰੇਗਾ ਕਾਰਡ, ਡਰਾਈਵਿੰਗ ਲਾਇਸੈਂਸ, ਸਰਵਿਸ ਆਈ ਕਾਰਡ, ਆਫੀਸ਼ੀਅਲ ਆਈ.ਡੀ ਕਾਰਡ, ਆਧਾਰ ਕਾਰਡ, ਪੈਨ ਕਾਰਡ, ਹੈਲਥ ਇਨਸ਼ੋਰੈਂਸ ਕਾਰਡ ਤੇ ਸਮਾਰਟ ਕਾਰਡ ਸਬੰਧਤ ਅਮਲੇ ਨੂੰ ਦਿਖਾ ਕੇ ਆਪਣੀ ਵੋਟ ਪਾ ਸਕਦੇ ਹਨ।
80 ਤੋਂ ਵੱਧ ਦੀ ਉਮਰ ਵਾਲੇ ਵੋਟਰਾਂ ਲਈ ਘਰੋਂ ਵੋਟ ਪਾਉਣ ਦੀ ਸੁਵਿਧਾ
ਇਸ ਤੋਂ ਇਲਾਵਾ ਜਿਨਾਂ ਪੀਡਬਲਿਊਡੀ ਅਤੇ 80 ਤੋਂ ਵੱਧ ਦੀ ਉਮਰ ਵਾਲੇ ਵੋਟਰਾਂ ਵੱਲੋਂ ਘਰ ’ਚ ਰਹਿ ਕੇ ਵੋਟ ਪਾਉਣ ਸਬੰਧੀ ਫਾਰਮ ਨੰਬਰ 12 ਡੀ ਭਰ ਕੇ ਦਿੱਤਾ ਹੋਇਆ ਹੈ, ਉਹ 20 ਫਰਵਰੀ ਨੂੰ ਪੋਲਿੰਗ ਸਟੇਸ਼ਨ ’ਤੇ ਜਾ ਕੇ ਵੋਟ ਨਹੀਂ ਪਾ ਸਕਦੇ। ਉਨ੍ਹਾਂ ਕਿਹਾ ਕਿ ਜੇਕਰ ਵੋਟਰ ਆਪਣੀ ਵੋਟ ਦੀ ਵਰਤੋਂ ਕਰਨ ਲਈ ਇਨਾਂ ’ਚੋਂ ਕੋਈ ਵੀ ਸ਼ਨਾਖਤੀ ਕਾਰਡ ਨਾਲ ਆਪਣੀ ਪ੍ਰਮਾਣਿਤ ਵੋਟਰ ਸਲਿੱਪ ਲੈ ਕੇ ਆਉਣ ਤਾਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਵੋਟਰਾਂ ਨੂੰ ਵੋਟਰ ਸੂਚੀ ’ਚ ਆਪਣਾ ਨਾਂ ਲੱਭਣ ’ਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਹ ਆਪਣੀ ਵੋਟ ਦੀ ਸੁਤੰਤਰਤਾ ਨਾਲ ਵਰਤੋਂ ਕਰਨ ’ਚ ਵੀ ਸਹਾਈ ਸਿੱਧ ਹੋਵੇਗਾ।
ਉਨ੍ਹਾਂ ਕਿਹਾ ਕਿ ਵੋਟਰ ਸਲਿੱਪਾਂ ਪਹਿਲਾਂ ਹੀ ਤਿਆਰ ਕੀਤੀਆਂ ਜਾ ਚੁੱਕੀਆਂ ਹਨ ਤਾਂ ਜੋ ਵੋਟਰ ਜਾਗਰੂਕਤਾ ਲਈ ਇਸ ਦੀ ਵਰਤੋਂ ਕੀਤੀ ਜਾ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਫੋਟੋ ਵੋਟਰ ਸਲਿੱਪ ਨੂੰ ਵੋਟਿੰਗ ਲਈ ਪਛਾਣ ਪੱਤਰ ਵਜੋਂ ਸਵੀਕਾਰ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਕੋਵਿਡ ਲੱਛਣਾ ਵਾਲੇ ਵੋਟਰ ਆਪਣੀ ਵੋਟ ਅਖੀਰਲੇ ਇਕ ਘੰਟੇ ਜਿਵੇਂ ਸ਼ਾਮ 5 ਵਜੇ ਤੋਂ ਸ਼ਾਮ 6 ਵਜੇ ਤੱਕ ਪਾ ਸਕਣਗੇ। ਇਸ ਮੌਕੇ ਉਨਾਂ ਸਾਰੇ ਵੋਟਰਾਂ ਨੂੰ ਕੋਵਿਡ ਤੋਂ ਬਚਾਅ ਲਈ ਇਹਤਿਆਤਾਂ ਜਿਵੇਂ ਮਾਸਕ ਆਦਿ ਦੀ ਵਰਤੋਂ ਕਰਨ ਦੀ ਅਪੀਲ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ