ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਭਾਜਪਾ ਦੀ ਮੀਟਿੰਗ ’ਚ ਪੁੱਜੇ

MP Preneet Kaur Sachkahoon

ਕਾਂਗਰਸ ਦੇ ਪ੍ਰਚਾਰ ’ਚੋਂ ਗਾਇਬ ਹਨ ਪ੍ਰਨੀਤ ਕੌਰ

ਪਰਨੀਤ ਕੌਰ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਕਿਆਸਰਾਈਆਂ ਸ਼ੁਰੂ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕਾਂਗਰਸ ਦੇ ਲੋਕ ਸਭਾ ਮੈਂਬਰ ਪ੍ਰਨੀਤ ਕੌਰ (MP Preneet Kaur) ਅੱਜ ਇੱਥੇ ਹੋਈ ਭਾਰਤੀ ਜਨਤਾ ਪਾਰਟੀ ਦੀ ਇੱਕ ਮੀਟਿੰਗ ਵਿੱਚ ਹਿੱਸਾ ਲੈਣ ਲਈ ਪੁੱਜ ਗਏ ਉਂਜ ਉਨ੍ਹਾਂ ਵੱਲੋਂ ਕਾਂਗਰਸ ਲਈ ਪ੍ਰਚਾਰ ਕਰਨ ਤੋਂ ਦੂਰੀ ਵੱਟੀ ਹੋਈ ਹੈ । ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪਟਿਆਲਾ ਫੇਰੀ ਤੋਂ ਠੀਕ ਇੱਕ ਦਿਨ ਪਹਿਲਾਂ ਪ੍ਰਨੀਤ ਕੌਰ ਦੇ ਭਾਜਪਾ ਦੀ ਮੀਟਿੰਗ ਵਿੱਚ ਜਾਣ ਨੂੰ ਸਿਆਸਤ ’ਚ ਵੱਡੀ ਹਲਚਲ ਮੰਨੀ ਜਾ ਰਹੀ ਹੈ। ਕਿਆਸ ਅਰਾਈਆਂ ਸ਼ੁਰੂ ਹੋ ਗਈਆਂ ਹਨ ਕਿ ਕਿਤੇ ਪਰਨੀਤ ਕੌਰ ਭਾਜਪਾ ਵਿੱਚ ਸ਼ਾਮਲ ਨਾ ਹੋ ਜਾਵੇ ।

ਜਾਣਕਾਰੀ ਅਨੁਸਾਰ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਪਟਿਆਲਾ ਵਿਖੇ ਇਕ ਮੀਟਿੰਗ ਰੱਖੀ ਗਈ ਸੀ ਜਿਸ ਵਿਚ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੂੰ ਵਿਸ਼ੇਸ਼ ਮਹਿਮਾਨ ਵਜੋਂ ਪੁੱਜਣ ਲਈ ਸੱਦਾ ਦਿੱਤਾ ਗਿਆ ਸੀ। ਦੁਪਹਿਰ ਤੱਕ ਪਰਨੀਤ ਕੌਰ ਦੇ ਇਸ ਮੀਟਿੰਗ ਵਿਚ ਪੁੱਜਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ। ਇਸੇ ਦੌਰਾਨ ਹੀ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਇਸ ਮੀਟਿੰਗ ਵਿਚ ਪੁੱਜ ਗਏ । ਇਸ ਮੌਕੇ ਭਾਜਪਾ ਆਗੂ ਅਨਿਲ ਬਜਾਜ ਅਤੇ ਆਸ਼ੂਤੋਸ਼ ਗੌਤਮ ਵੱਲੋਂ ਭਾਜਪਾ ਗੱਠਜੋੜ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਅਤੇ ਕਿਹਾ ਕਿ ਭਾਜਪਾ ਗੱਠਜੋੜ ਦੀ ਸਰਕਾਰ ਹੀ ਪੰਜਾਬ ਨੂੰ ਅੱਗੇ ਲਿਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਨੂੰ ਸਭ ਤੋਂ ਵੱਧ ਸਟੇਬਲ ਭਾਜਪਾ ਹੀ ਰੱਖ ਸਕਦੀ ਹੈ ।

ਦੱਸਣਯੋਗ ਹੈ ਕਿ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਵੱਲੋਂ ਕਾਂਗਰਸ ਦੇ ਹੱਕ ਵਿੱਚ ਚੋਣ ਪ੍ਰਚਾਰ ਤੋਂ ਲਗਾਤਾਰ ਪਾਸਾ ਵੱਟਿਆ ਹੋਇਆ ਹੈ ਜਦਕਿ ਪਿਛਲੇ ਦਿਨੀਂ ਹੀ ਪ੍ਰਨੀਤ ਕੌਰ ਵੱਲੋਂ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਸਮਾਣਾ ਤੋਂ ਉਮੀਦਵਾਰ ਸੁਰਿੰਦਰ ਸਿੰਘ ਖੇੜਕੀ ਦੇ ਨਾਲ ਇਕ ਮੀਟਿੰਗ ਕੀਤੀ ਗਈ। ਇਸ ਦੌਰਾਨ ਪ੍ਰਨੀਤ ਕੌਰ ਨੇ ਪਾਰਟੀ ਨਾਲੋਂ ਵੱਧ ਪਰਿਵਾਰ ਨੂੰ ਅਹਿਮੀਅਤ ਦੇਣ ਦੀ ਗੱਲ ਵੀ ਕਹੀ ਸੀ। ਦੱਸਣਯੋਗ ਹੈ ਕਿ 13 ਫਰਵਰੀ ਨੂੰ ਪਟਿਆਲਾ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੁਪਹਿਰ ਪਟਿਆਲਾ ਦੇ ਵੀਰ ਹਕੀਕਤ ਰਾਏ ਗਰਾਊਂਡ ਵਿਖੇ ਰੈਲੀ ਕਰਨ ਲਈ ਪੁੱਜ ਰਹੇ ਹਨ ਇਸ ਸਬੰਧੀ ਭਾਜਪਾ ਵੱਲੋਂ ਵੱਡੇ ਪੱਧਰ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ । ਭਾਜਪਾ ਆਗੂ ਕੇਂਦਰੀ ਗ੍ਰਹਿ ਮੰਤਰੀ ਦੀ ਰੈਲੀ ਲਈ ਪੱਬਾਂ ਭਾਰ ਹਨ ਅਤੇ ਇਕੱਠ ਕਰਨ ਲਈ ਪੂਰਾ ਜ਼ੋਰ ਲਗਾ ਰਹੇ ਹਨ । ਇਸ ਸਬੰਧੀ ਜਦੋਂ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੇ ਪਤੀ ਦੇ ਹੱਕ ਵਿਚ ਖੜ੍ਹੇ ਹਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ