ਲਾਲ ਸਿੰਘ ਅਤੇ ਰਵਿੰਦਰ ਕੌਰ ਬਣਾ ਰਹੇ ਹਨ ਪਲੈਨਿੰਗ, ਪੁੱਤਰ ਤਮਨਰਾਜ ਸਿੰਘ ਨੇ ਸੰਭਾਲੇ ਪਿੰਡ
(ਸੁਨੀਲ ਚਾਵਲਾ) ਸਮਾਣਾ। ਕਾਂਗਰਸ ਉਮੀਦਵਾਰ ਅਤੇ ਵਿਧਾਇਕ ਰਾਜਿੰਦਰ ਸਿੰਘ (Rajinder Singh) ਨੂੰ ਇੱਕ ਵਾਰ ਫਿਰ ਤੋਂ ਵਿਧਾਨ ਸਭਾ ਭੇਜਣ ਲਈ ਉਨ੍ਹਾਂ ਦਾ ਸਾਰਾ ਪਰਿਵਾਰ ਹੀ ਚੋਣ ਮੈਦਾਨ ਵਿੱਚ ਉੱਤਰ ਗਿਆ ਹੈ। ਸਮਾਣਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਤੋਂ ਲੈ ਕੇ ਹਰ ਵਾਰਡ ਤੱਕ ਰੋਜ਼ਾਨਾ ਪ੍ਰਚਾਰ ਹੋ ਰਿਹਾ ਹੈ ਅਤੇ ਕਿਸੇ ਵੀ ਥਾਂਈ ਪ੍ਰਚਾਰ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਤੇ ਪਿਤਾ ਲਾਲ ਸਿੰਘ ਰੋਜ਼ਾਨਾ ਹੀ ਰਾਜਿੰਦਰ ਸਿੰਘ ਲਈ ਪਲੈਨਿੰਗ ਬਣਾਉਂਦੇ ਹੋਏ ਸਮਾਣਾ ਵਿਖੇ ਚੋਣ ਨੂੰ ਸਿਖ਼ਰਾ ’ਤੇ ਪਹੁੰਚਾ ਰਹੇ ਹਨ ਤਾਂ ਇੱਥੇ ਹੀ ਰਾਜਿੰਦਰ ਸਿੰਘ ਦੀ ਪਤਨੀ ਰਵਿੰਦਰ ਕੌਰ ਸਮਾਣਾ ਵਿਖੇ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਮੀਟਿੰਗਾਂ ਕਰਦੇ ਹੋਏ ਜਿਥੇ ਦਫ਼ਤਰ ਦਾ ਕੰਮ ਨਿਪਟਾਉਂਦੇ ਹਨ ਤਾਂ ਅਗਲੇ ਦਿਨ ਦੀ ਰਣਨੀਤੀ ਵੀ ਇੱਕ ਰਾਤ ਪਹਿਲਾਂ ਤਿਆਰ ਕਰਦੇ ਹੋਏ ਭੇਜ ਦਿੱਤੀ ਜਾਂਦੀ ਹੈ ਤਾਂ ਕਿ ਪ੍ਰਚਾਰ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਆਵੇ।
ਸਮਾਣਾ ਵਿਖੇ ਵਿਧਾਇਕ ਰਾਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਕੀਤੀ ਜਾ ਰਹੀ ਪਲੈਨਿੰਗ ਅਤੇ ਪ੍ਰਚਾਰ ਦੇ ਕਾਰਨ ਹੀ ਰਾਜਿੰਦਰ ਸਿੰਘ ਆਪਣੇ ਵਿਰੋਧੀਆਂ ਤੋਂ ਕਾਫ਼ੀ ਅੱਗੇ ਨਿਕਲਦੇ ਨਜ਼ਰ ਆ ਰਹੇ ਹਨ। ਰਾਜਿੰਦਰ ਸਿੰਘ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਹਰ ਉਸ ਗਲਤੀ ਨੂੰ ਸਬਕ ਦੇ ਤੌਰ ’ਤੇ ਇਸਤੇਮਾਲ ਕਰ ਰਹੇ ਹਨ, ਜਿਹੜੀ ਗਲਤੀ ਪਿਛਲੀ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਤੋਂ ਹੋਈ ਸੀ ਅਤੇ ਉਹ 10 ਹਜ਼ਾਰ ਦੇ ਕਰੀਬ ਵੋਟਾਂ ਤੋਂ ਜਿੱਤੇ ਸਨ। ਰਾਜਿੰਦਰ ਸਿੰਘ ਉਨ੍ਹਾਂ ਸਾਰੀ ਗਲਤੀਆਂ ਨੂੰ ਇਸ ਵਾਰ ਠੀਕ ਕਰਦੇ ਹੋਏ ਆਪਣੇ ਜਿੱਤ ਦੇ ਮਾਰਜ਼ਨ ਨੂੰ ਹੀ 20 ਹਜ਼ਾਰ ਤੋ ਜਿਆਦਾ ਲੈ ਕੇ ਜਾਣ ਦੀ ਕੋਸ਼ਿਸ਼ ਵਿੱਚ ਹਨ।
ਨੂੰਹ ਅਤੇ ਪੁੱਤਰੀ ਨੇ ਸੰਭਾਲਿਆ ਹੋਇਆ ਐ ਸਮਾਣਾ ਸ਼ਹਿਰ, ਸਿਖ਼ਰਾ ’ਤੇ ਪੁੱਜਿਆ ਪ੍ਰਚਾਰ
ਸਮਾਣਾ ਦੀ ਗਰਾਉਂਡ ਰਿਪੋਰਟ ਅਨੁੁਸਾਰ ਰਾਜਿੰਦਰ ਸਿੰਘ ਇੱਕ ਦਿਨ ਪਹਿਲਾਂ ਤੈਅ ਹੋਏ ਪ੍ਰੋਗਰਾਮ ਅਨੁਸਾਰ ਸਵੇਰੇ ਹੀ ਪਿੰਡ ਅਤੇ ਸ਼ਾਮ ਤੱਕ ਸ਼ਹਿਰ ਵਿੱਚ ਪ੍ਰਚਾਰ ਕਰਨ ਲਈ ਪੁੱਜ ਰਹੇ ਹਨ ਤਾਂ ਉਨ੍ਹਾਂ ਦੇ ਪੁੱਤਰ ਤਮਨਰਾਜ ਸਿੰਘ ਵਲੋਂ ਪਿੰਡਾ ਦੀ ਕਮਾਨ ਸੰਭਾਲੀ ਹੋਈ ਹੈ। ਤਮਨਰਾਜ ਸਿੰਘ ਹਰ ਪਿੰਡ ਦੇ ਪੰਚ-ਸਰਪੰਚ ਤੋਂ ਲੈ ਕੇ ਆਮ ਵਿਅਕਤੀ ਤੱਕ ਨੂੰ ਰੋਜ਼ਾਨਾ ਸੰਪਰਕ ਕਰਦੇ ਹੋਏ ਪ੍ਰਚਾਰ ਕਰ ਰਹੇ ਹਨ। ਇਸ ਨਾਲ ਹੀ ਰਾਜਿੰਦਰ ਸਿੰਘ ਦੀ ਨੂੰਹ ਅਤੇ ਪੁੱਤਰੀ ਵਲੋਂ ਸਮਾਣਾ ਸ਼ਹਿਰ ਵਿੱਚ ਪ੍ਰਚਾਰ ਦੀ ਕਮਾਨ ਆਪਣੇ ਹੱਥਾਂ ਵਿੱਚ ਲਈ ਹੋਈ ਹੈ। ਇਨ੍ਹਾਂ ਦੋਹਾਂ ਵੱਲੋਂ ਰੋਜ਼ਾਨਾ ਹੀ ਅੱਧੀ ਦਰਜਨ ਤੋਂ ਜ਼ਿਆਦਾ ਵਾਰਡ ਅਤੇ ਸ਼ਹਿਰ ਦੇ ਕਈ ਮਹੱਲੇ ਵਿੱਚ ਪ੍ਰਚਾਰ ਕਰਨ ਦੇ ਨਾਲ ਹੀ ਆਮ ਲੋਕਾਂ ਤੋਂ ਫੀਡਬੈਕ ਵੀ ਲਈ ਜਾ ਰਹੀ ਹੈ ਤਾਂ ਕਿ ਹਰ ਇੱਕ ਵੋਟ ਨੂੰ ਹਾਸਲ ਕਰਦੇ ਹੋਏ ਜਿੱਤ ਦਾ ਮਾਰਜ਼ਨ ਵਧਾਇਆ ਜਾ ਸਕੇ।
ਲਾਲ ਸਿੰਘ ਨੇ ਮਨਾਏ ਸਾਰੇ ਨਰਾਜ਼ ਲੀਡਰ, ਪ੍ਰਚਾਰ ’ਚ ਆਈ ਤੇਜ਼ੀ
ਸਰਦਾਰ ਲਾਲ ਸਿੰਘ ਵੱਲੋਂ ਸਮਾਣਾ ਵਿਖੇ ਸਾਰੇ ਨਰਾਜ਼ ਲੀਡਰਾਂ ਨੂੰ ਮਨਾਉਂਦੇ ਹੋਏ ਰਾਜਿੰਦਰ ਸਿੰਘ ਦੇ ਪ੍ਰਚਾਰ ਵਿੱਚ ਜੋੜ ਲਿਆ ਗਿਆ ਹੈ। ਜਿਸ ਕਾਰਨ ਸਮਾਣਾ ਵਿਖੇ ਜਿਹੜੀ ਥੋੜ੍ਹੀ-ਮੋਟੀ ਕਸਰ ਪ੍ਰਚਾਰ ਵਿੱਚ ਆ ਰਹੀ ਸੀ, ਉਸ ਨੂੰ ਲਾਲ ਸਿੰਘ ਵੱਲੋਂ ਠੀਕ ਕਰ ਦਿੱਤਾ ਗਿਆ ਹੈ। ਸਮਾਣਾ ਦੇ ਲਗਭਗ ਸਾਰੇ ਕਾਂਗਰਸੀ ਲੀਡਰਾਂ ਦੇ ਚਲਣ ਦੇ ਕਾਰਨ ਪ੍ਰਚਾਰ ਵਿੱਚ ਕਾਫ਼ੀ ਜ਼ਿਆਦਾ ਤੇਜੀ ਆ ਗਈ ਹੈ ਅਤੇ ਪਹਿਲਾਂ ਵਾਂਗ ਸਮਾਣਾ ਦੇ ਦਿੱਗਜ਼ ਕਾਂਗਰਸੀ ਲੀਡਰਾਂ ਨੇ ਆਪਣੇ ਆਪਣੇ ਇਲਾਕੇ ਵਿੱਚ ਪ੍ਰਚਾਰ ਦਾ ਕੰਮ ਸੰਭਾਲਦੇ ਹੋਏ ਵਿਰੋਧੀ ਪਾਰਟੀਆਂ ਦੀ ਹਰ ਵੋਟ ਨੂੰ ਕਾਂਗਰਸ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ।
ਰਾਜਿੰਦਰ ਸਿੰਘ ਹੋਣਗੇ ਸਰਕਾਰ ’ਚ ਕੈਬਨਿਟ ਮੰਤਰੀ!
ਸਮਾਣਾ ਤੋਂ ਰਾਜਿੰਦਰ ਸਿੰਘ ਜਿੱਤਣ ਤੋਂ ਬਾਅਦ ਇਸ ਵਾਰ ਸਿਰਫ਼ ਵਿਧਾਇਕ ਹੀ ਨਹੀਂ ਬਨਣਗੇ, ਸਗੋਂ ਪੰਜਾਬ ’ਚ ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ ਉਹ ਕੈਬਨਿਟ ਮੰਤਰੀ ਹੋਣਗੇ। ਰਾਜਿੰਦਰ ਸਿੰਘ ਨੂੰ ਕੈਬਨਿਟ ਮੰਤਰੀ ਬਣਾਉਣ ਦਾ ਵਾਅਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਖ਼ੁਦ ਕਰਕੇ ਗਏ ਹਨ। ਇਸ ਲਈ ਰਾਜਿੰਦਰ ਸਿੰਘ ਦੇ ਜਿੱਤਣ ਤੋਂ ਬਾਅਦ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਸਮਾਣਾ ਨੂੰ ਇੱਕ ਹੋਰ ਕੈਬਨਿਟ ਮੰਤਰੀ ਮਿਲ ਜਾਏਗਾ। ਜਿਸ ਨਾਲ ਸਮਾਣਾ ਦੇ ਵਿਕਾਸ ਵਿੱਚ ਵੀ ਕਾਫ਼ੀ ਜ਼ਿਆਦਾ ਫਾਇਦਾ ਹੋਣ ਦੇ ਆਸਾਰ ਹੋਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ