ਚਰਨਜੀਤ ਚੰਨੀ (Charanjit Channi) ਨੇ ਖੇਡੀ ਤਾਸ਼, ਅਕਾਲੀ ਦਲ ਦੀ ਟਿੱਪਣੀ, ਸ਼ਰਾਬ ਅਤੇ ਡਾਂਸ ਪਾਰਟੀ ਹੁੰਦੀ ਤਾਂ ਸ਼ਰਾਬ ਪੀ ਕੇ ਨੱਚ ਵੀ ਲੈਂਦੇ ਚੰਨੀ
- ਚਰਨਜੀਤ ਸਿੰਘ ਚੰਨੀ ਭਦੌੜ ਵਿਖੇ ਤਾਸ਼ ਖੇਡਣ ਤੋਂ ਬਾਅਦ ਵਿਰੋਧੀਆਂ ਦੇ ਆਏ ਨਿਸ਼ਾਨੇ ’ਤੇ
- ਕਾਂਗਰਸ ਪਾਰਟੀ ਨੇ ਕਿਹਾ, ਇਸ ਵਿੱਚ ਨਹੀਂ ਐ ਕੁਝ ਵੀ ਗਲਤ, ਹਰ ਕੋਈ ਖੇਡਦਾ ਐ ਤਾਸ਼
(ਅਸ਼ਵਨੀ ਚਾਵਲਾ) ਚੰਡੀਗੜ। ਚਰਨਜੀਤ ਸਿੰਘ ਚੰਨੀ ਤਾਸ਼ ਵੀ ਖੇਡ ਲੈਂਦੇ ਹਨ ਅਤੇ ਉਨਾਂ ਨੇ ਭਦੌੜ ਵਿਧਾਨ ਸਭਾ ਦੇ ਪਿੰਡ ਕੋਟਦੁੰਨਾ ਵਿਖੇ ਪ੍ਰਚਾਰ ਦੌਰਾਨ ਚਰਨਜੀਤ ਸਿੰਘ ਚੰਨੀ (Charanjit Channi) ਪਿੰਡ ਦੇ ਲੋਕਾਂ ਨਾਲ ਬੈਠ ਕੇ ਤਾਸ ਖੇਡਣ ਲੱਗ ਪਏ। ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ ਕਿ ਮੁੱਖ ਮੰਤਰੀ ਦਾ ਚਿਹਰਾ ਹੋਣ ਦੇ ਨਾਲ ਹੀ ਮੌਜੂਦਾ ਸਰਕਾਰ ਵਿੱਚ ਮੁੱਖ ਮੰਤਰੀ ਪਿੰਡ ਵਿੱਚ ਸ਼ਰੇਆਮ ਤਾਸ਼ ਖੇਡ ਰਿਹਾ ਹੈ। ਇਸ ਦੀ ਵੀਡੀਓ ਵੀ ਖੂਬ ਵਾਇੱਰਲ ਹੋ ਰਹੀ ਹੈ ਅਤੇ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਵਿਰੋਧੀ ਧਿਰਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ ਅਤੇ ਕਾਂਗਰਸ ਪਾਰਟੀ ਇਸ ਵਿੱਚ ਕੁਝ ਵੀ ਗਲਤ ਨਾ ਹੋਣ ਦੀ ਗੱਲ ਆਖ ਰਹੀ ਹੈ।
ਸ਼ੋ੍ਰਮਣੀ ਅਕਾਲੀ ਦਲ ਨੇ ਤਾਂ ਸਖ਼ਤ ਟਿੱਪਣੀ ਕਰਦੇ ਹੋਏ ਕਿਹਾ ਕਿ ਚਰਨਜੀਤ ਸਿੰਘ ਚੰਨੀ ਕੁਝ ਵੀ ਕਰ ਸਕਦੇ ਹਨ, ਉਨਾਂ ਲਈ ਤਾਸ਼ ਖੇਡਣਾ ਤਾਂ ਛੋਟੀ ਜਿਹੀ ਗੱਲ ਹੈ। ਜੇਕਰ ਮੌਕੇ ‘ਤੇ ਸ਼ਰਾਬ ਅਤੇ ਡਾਂਸ ਪਾਰਟੀ ਚੱਲ ਰਹੀ ਹੁੰਦੀ ਤਾਂ ਚਰਨਜੀਤ ਸਿੰਘ ਚੰਨੀ ਨੇ ਤਾਂ ਸ਼ਰਾਬ ਅਤੇ ਡਾਂਸ ਪਾਰਟੀ ਵਿੱਚ ਵੀ ਭਾਗ ਲੈਂਦੇ ਹੋਏ ਪਤਾ ਨਹੀਂ ਕੀ ਕੁਝ ਕਰ ਦੇਣਾ ਸੀ।
-
ਚਰਨਜੀਤ ਸਿੰਘ ਚੰਨੀ (Charanjit Channi) ਭਦੌੜ ਵਿਖੇ ਤਾਸ਼ ਖੇਡਣ ਤੋਂ ਬਾਅਦ ਵਿਰੋਧੀਆਂ ਦੇ ਆਏ ਨਿਸ਼ਾਨੇ ’ਤੇ
ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਚੰਨੀ ਲਗਾਤਾਰ ਪੰਜਾਬ ਵਿੱਚ ਪ੍ਰਚਾਰ ਕਰਨ ਵਿੱਚ ਲਗੇ ਹੋਏ ਹਨ। ਉਹ ਹੋਰ ਵਿਧਾਨ ਸਭਾ ਹਲਕਿਆਂ ਵਿੱਚ ਪ੍ਰਚਾਰ ਕਰਨ ਤੋਂ ਬਾਅਦ ਬੁੱਧਵਾਰ ਨੂੰ ਆਪਣੇ ਵਿਧਾਨ ਸਭਾ ਹਲਕੇ ਭਦੌੜ ਵਿਖੇ ਪ੍ਰਚਾਰ ਕਰਨ ਲਈ ਆਏ ਹੋਏ ਸਨ। ਚਰਨਜੀਤ ਸਿੰਘ ਚੰਨੀ ਪ੍ਰਚਾਰ ਦੌਰਾਨ ਪਿੰਡਾ ਵਿੱਚੋਂ ਲੰਘ ਰਹੇ ਸਨ ਤਾਂ ਉਨਾਂ ਨੇ ਪਿੰਡ ਕੋਟਦੁੰਨਾ ਵਿਖੇ ਵੀ ਪ੍ਰਚਾਰ ਕਰਨਾ ਸੀ ਤਾਂ ਲੰਘਦੇ ਸਮੇਂ ਪਿੰਡ ਦੇ ਅੰਦਰ ਕੁਝ ਲੋਕ ਤਾਸ਼ ਖੇਡ ਰਹੇ ਸਨ। ਚਰਨਜੀਤ ਸਿੰਘ ਚੰਨੀ ਨੇ ਮੌਕੇ ਉਨਾਂ ਤਾਸ਼ ਖੇਡਣ ਵਾਲੇ ਲੋਕਾਂ ਕੋਲ ਜਾ ਕੇ ਤਾਸ਼ ਖੇਡਣ ਦੀ ਇੱਛਾ ਜ਼ਾਹਰ ਕਰਦੇ ਹੋਏ ਤਾਸ਼ ਖੇਡਣੀ ਸ਼ੁਰੂ ਕਰ ਦਿੱਤੀ। ਉਹ ਕੁਝ ਮਿੰਟ ਤਾਸ਼ ਖੇਡਣ ਤੋਂ ਬਾਅਦ ਪ੍ਰਚਾਰ ਲਈ ਅੱਗੇ ਚਲੇ ਗਏ ਅਤੇ ਕਾਂਗਰਸ ਪਾਰਟੀ ਵੱਲੋਂ ਇਸ ਨੂੰ ਪ੍ਰਚਾਰ ਦਾ ਇੱਕ ਜਰੀਆ ਕਿਹਾ ਜਾ ਰਿਹਾ ਹੈ।
ਦੂਜੇ ਪਾਸੇ ਸ਼ੋ੍ਰਮਣੀ ਅਕਾਲੀ ਦਲ ਦੇ ਲੀਡਰ ਹਰਚਰਨ ਬੈਂਸ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਚਰਨਜੀਤ ਸਿੰਘ ਚੰਨੀ ਖ਼ੁਦ ਆਖਦੇ ਹਨ ਕਿ ਉਹ ਸਾਰਾ ਕੁਝ ਕਰ ਲੈਂਦੇ ਹਨ, ਇਸ ਲਈ ਤਾਸ ਖੇਡਣ ਵਾਲੀ ਗੱਲ ਤੋਂ ਸ਼ੋ੍ਰਮਣੀ ਅਕਾਲੀ ਦਲ ਹੈਰਾਨ ਨਹੀਂ ਹੈ। ਉਨਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਲਈ ਤਾਸ਼ ਖੇਡਣਾ ਤਾਂ ਛੋਟੀ ਜਿਹੀ ਗੱਲ ਹੈ, ਜੇਕਰ ਕੋਈ ਸ਼ਰਾਬ ਅਤੇ ਡਾਂਸ ਪਾਰਟੀ ਚਲ ਰਹੀ ਹੋਵੇ ਤਾਂ ਚਰਨਜੀਤ ਸਿੰਘ ਚੰਨੀ ਉਸ ਸ਼ਰਾਬ ਪਾਰਟੀ ਵਿੱਚ ਸ਼ਰਾਬ ਪੀਂਦੇ ਹੋਏ ਡਾਂਸ ਤੱਕ ਕਰ ਸਕਦੇ ਹਨ।
ਤਾਸ਼ ਖੇਡਣਾ ਮਾੜੀ ਨਹੀਂ ਸਗੋਂ ਚੰਗੀ ਗੱਲ : ਸੰਜੇ ਨਿਰੂਪਮ
ਕਾਂਗਰਸੀ ਲੀਡਰ ਸੰਜੇ ਨਿਰੂਪਮ ਨੇ ਚਰਨਜੀਤ ਸਿੰਘ ਚੰਨੀ ਦੇ ਤਾਸ਼ ਖੇਡਣ ਵਾਲੇ ਮਾਮਲੇ ਵਿੱਚ ਕਿਹਾ ਕਿ ਵਿਰੋਧੀ ਧਿਰਾਂ ਇਸ ਮਾਮਲੇ ਨੂੰ ਉਂਜ ਹੀ ਤੂਲ ਦੇ ਰਹੀਆਂ ਹਨ, ਜਦੋਂ ਕਿ ਇਸ ਮਾਮਲੇ ਵਿੱਚ ਚਰਨਜੀਤ ਸਿੰਘ ਚੰਨੀ ਦੀ ਪ੍ਰਸੰਸਾ ਕਰਨੀ ਚਾਹੀਦੀ ਹੈ ਕਿ ਉਹ ਆਮ ਆਦਮੀ ਦੀ ਤਰ੍ਹਾਂ ਰਹਿੰਦੇ ਹੋਏ ਕਿਸੇ ਵੀ ਥਾਂ ’ਤੇ ਤਾਸ਼ ਵੀ ਖੇਡ ਲੈਂਦੇ ਹਨ। ਉਨ੍ਹਾਂ ਕਿਹਾ ਕਿ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ। ਵਿਰੋਧੀ ਧਿਰਾਂ ਕੋਲ ਕੋਈ ਮੁੱਦਾ ਨਹੀਂ ਹੈ, ਜਿਸ ਕਾਰਨ ਹੀ ਉਹ ਇਸ ਨੂੰ ਮੁੱਦਾ ਬਣਾ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ