ਸਿੰਗਲਾ ਦੇ ਚੋਣ ਸਮਾਗਮਾਂ ਵਿੱਚ ਹੋ ਰਹੀ ਹੈ ਲੋਕਾਂ ਦੀ ਭਰਵੀਂ ਇਕੱਤਰਤਾ
(ਗੁਰਪ੍ਰੀਤ ਸਿੰੰਘ/ਨਰੇਸ਼ ਕੁਮਾਰ) ਸੰਗਰੂਰ। ਵਿਧਾਨ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ (Vijay Inder Singla) ਵਿਜੈ ਇੰਦਰ ਸਿੰਗਲਾ ਦੇ ਚੋਣ ਸਮਾਗਮਾਂ ਵਿੱਚ ਲੋਕਾਂ ਦੀ ਭਰਵੀਂ ਇਕੱਤਰਤਾ ਵੇਖਣ ਨੂੰ ਮਿਲ ਰਹੀ ਹੈ ਜਿਸ ਨਾਲ ਉਨ੍ਹਾਂ ਦੀ ਸਥਿਤੀ ਦਿਨ ਬ ਦਿਨ ਮਜ਼ਬੂਤੀ ਵੱਲ ਵੱਧ ਰਹੀ ਹੈ। ਸ਼ਹਿਰ ਦੇ ਰਵਿਦਾਸ ਨਗਰ ਵਿੱਚ ਹੋਏ ਇੱਕ ਚੋਣ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਇਲਾਕੇ ਦਾ ਸਰਬਪੱਖੀ ਵਿਕਾਸ ਕਰਵਾਉਣ ਨੂੰ ਉਨ੍ਹਾਂ ਨੇ ਆਪਣਾ ਮੁੱਢਲਾ ਫਰਜ਼ ਸਮਝਿਆ ਹੈ ਜਿਸ ਤਹਿਤ ਇਲਾਕੇ ਵਿੱਚ ਸਿਹਤ ਸਹੂਲਤਾਂ ਸਿੱਖਿਆ ਸਹੂਲਤਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਲਈ ਵੀ ਉਪਰਾਲੇ ਕੀਤੇ ਗਏ ਹਨ। ਉਹਨਾਂ ਕਿਹਾ ਕਿ ਸੰਗਰੂਰ ਦੇ ਨੇੜਲੇ ਪਿੰਡ ਦੇਹ ਕਲਾਂ ਵਿੱਚ ਲੱਗਣ ਵਾਲੀ ਸੀਮਿੰਟ ਫੈਕਟਰੀ ਨਾਲ ਇਲਾਕੇ ਦੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਤੇ ਇਲਾਕੇ ਵਿੱਚ ਤਿੰਨ ਦਹਾਕਿਆਂ ਬਾਅਦ ਕੋਈ ਵੱਡੀ ਫੈਕਟਰੀ ਆਈ ਹੈ।
ਉਹਨਾਂ (Vijay Inder Singla) ਕਿਹਾ ਕਿ ਇਲਾਕੇ ਦੇ ਸਾਰੇ ਸਕੂਲਾਂ ਨੂੰ ਸਮੇਂ ਦਾ ਹਾਣੀ ਬਨਾਉਣ ਲਈ ਨਵੀਆਂ ਇਮਾਰਤਾਂ ਬਣਾਈਆਂ ਹਨ ਤੇ ਸਕੂਲਾਂ ਵਿੱਚ ਕੰਪਿਊਟਰ ਸਿੱਖਿਆ ਸ਼ੁਰੂ ਕੀਤੀ ਗਈ ਤੇ ਹੁਣ ਕੋਈ ਵੀ ਸਰਕਾਰੀ ਸਕੂਲ ਪ੍ਰਾਈਵੇਟ ਸਕੂਲ ਤੋਂ ਘੱਟ ਨਹੀਂ ਹੈ ਇਸ ਦੇ ਨਾਲ-ਨਾਲ ਇਲਾਕੇ ਦੀ ਹਰ ਸੜਕ ਨੂੰ ਨਵਾਂ ਅਤੇ ਚੌੜਾ ਬਣਾਕੇ ਚਿੱਟੀ ਪੱਟੀ ਲਗਾਈ ਗਈ ਹੈ ਤਾਂ ਜੋ ਧੁੰਦ ਵਿੱਚ ਅਤੇ ਰਾਤ ਸਮੇਂ ਲੋਕਾਂ ਨੂੰ ਰਾਹਤ ਮਿਲ ਸਕੇ। ਉਹਨਾਂ ਕਿਹਾ ਕਿ ਇਲਾਕੇ ਦੇ ਸਰਬਪੱਖੀ ਵਿਕਾਸ ਕਰਵਾਉਣ ਲਈ ਉਹ ਆਪਣੇ ਯਤਨ ਜਾਰੀ ਰੱਖਣਗੇ ਤੇ ਇਲਾਕਾ ਨਿਵਾਸੀਆਂ ਦੀ ਹਰ ਉਮੀਦ ’ਤੇ ਖਰਾ ਉਤਰਨਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ