ਪਹਿਲੀ ਵਾਰ ਭਾਜਪਾ ਦੇ ਉਮੀਦਵਾਰ ਸੰਜੀਵ ਖੰਨਾ ਦੇ ਰਹੇ ਹਨ ਟੱਕਰ, ਐਨਕੇ ਸ਼ਰਮਾ ਨੂੰ ਨੁਕਸਾਨ (Akali Dal )
- ਪਿਛਲੇ 3 ਦਹਾਕਿਆਂ ਤੋਂ ਭਾਜਪਾ ਵੋਟ ਲੈਂਦੇ ਆਏ ਹਨ ਐਨਕੇ ਸ਼ਰਮਾ ਪਰ ਹੁਣ ਸਥਿਤੀ ਉਲਟ
(ਅਸ਼ਵਨੀ ਚਾਵਲਾ) ਡੇਰਾਬੱਸੀ/ਚੰਡੀਗੜ੍ਹ। ਸ਼ੋ੍ਰਮਣੀ ਅਕਾਲੀ ਦਲ (Akali Dal) ਦੇ ਖਜ਼ਾਨਾ ਮੰਤਰੀ ਅਤੇ ਵਿਧਾਇਕ ਐਨਕੇ ਸ਼ਰਮਾ ਲਈ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਖ਼ਤਰੇ ਦੀ ਘੰਟੀ ਵੱਜਦੀ ਨਜ਼ਰ ਆ ਰਹੀ ਹੈ। ਪਿਛਲੇ ਤਿੰਨ ਦਹਾਕਿਆਂ ਤੋਂ ਜਿਹੜੀ ਭਾਜਪਾ ਦੀ ਵੋਟ ਲੈ ਕੇ ਐਨਕੇ ਸ਼ਰਮਾ ਜਿੱਤਦੇ ਆ ਰਹੇ ਹਨ, ਉਹ ਭਾਜਪਾ ਹੀ ਇਸ ਵਾਰ ਐਨਕੇ ਸ਼ਰਮਾ ਲਈ ਵੱਡੀ ਮੁਸ਼ਕਲ ਦਾ ਕੰਮ ਕਰ ਰਹੀ ਹੈ, ਕਿਉਂਕਿ ਪਹਿਲੀ ਵਾਰ ਐਨਕੇ ਸ਼ਰਮਾ ਦੇ ਸਾਹਮਣੇ ਭਾਜਪਾ ਵੱਲੋਂ ਆਪਣਾ ਉਮੀਦਵਾਰ ਉਤਾਰਿਆ ਗਿਆ ਹੈ ਅਤੇ ਭਾਜਪਾ ਉਮੀਦਵਾਰ ਸੰਜੀਵ ਖੰਨਾ ਇਨ੍ਹਾਂ ਚੋਣਾਂ ਵਿੱਚ ਟੱਕਰ ਵੀ ਕਾਫ਼ੀ ਦੇ ਰਹੇ ਹਨ।
ਇਥੇ ਖ਼ਾਸ ਗੱਲ ਇਹ ਹੈ ਕਿ ਡੇਰਾ ਬੱਸੀ ਸੀਟ ’ਤੇ ਸ਼ਹਿਰੀ ਵੋਟਾਂ ਜ਼ਿਆਦਾ ਹੋਣ ਕਰਕੇ ਹੀ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਹਿੰਦੂ ਚਿਹਰੇ ਦੇ ਤੌਰ ’ਤੇ ਐਨਕੇ ਸ਼ਰਮਾ ਨੂੰ ਹੀ ਇਸ ਸੀਟ ਤੋਂ ਉਤਾਰਿਆਂ ਜਾਂਦਾ ਰਿਹਾ ਹੈ ਪਰ ਇਸ ਵਾਰ ਭਾਜਪਾ ਵੱਲੋਂ ਵੀ ਉਤਾਰੇ ਗਏ ਉਮੀਦਵਾਰ ਸੰਜੀਵ ਖੰਨਾ ਵੀ ਹਿੰਦੂ ਚਿਹਰਾ ਹੈ। ਜਿਸ ਕਾਰਨ ਐਨਕੇ ਸ਼ਰਮਾ ਨੂੰ ਨੁਕਸਾਨ ਹੋ ਸਕਦਾ ਹੈ।
ਭਾਜਪਾ ਨਾਲ ਗਠਜੋੜ ਟੁੱਟਣ ਕਾਰਨ ਐਨਕੇ ਸ਼ਰਮਾ ਨੂੰ ਨੁਕਸਾਨ
ਡੇਰਾ ਬੱਸੀ ਸੀਟ ’ਤੇ ਭਾਜਪਾ ਦੇ ਕੈਡਰ ਦੀ ਹੀ ਲਗਭਗ 20 ਹਜ਼ਾਰ ਦੇ ਕਰੀਬ ਵੋਟ ਮੰਨੀ ਜਾਂਦੀ ਹੈ ਅਤੇ ਅਕਾਲੀ-ਭਾਜਪਾ ਗਠਜੋੜ ਹੋਣ ਕਰਕੇ ਹਮੇਸ਼ਾ ਹੀ ਭਾਜਪਾ ਦੀ ਇਹ 20 ਹਜ਼ਾਰ ਦੇ ਕਰੀਬ ਪੱਕੀ ਵੋਟ ਐਨਕੇ ਸ਼ਰਮਾ ਨੂੰ ਮਿਲਦੀ ਆਈ ਹੈ ਪਰ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨਾਲ ਗਠਜੋੜ ਟੁੱਟਣ ਕਾਰਨ ਐਨਕੇ ਸ਼ਰਮਾ ਨੂੰ ਭਾਜਪਾ ਦੀ ਇਸ ਵੋਟ ਦਾ ਸਿੱਧੇ ਤੌਰ ’ਤੇ ਨੁਕਸਾਨ ਹੋ ਰਿਹਾ ਹੈ।
ਇਸ ਨਾਲ ਹੀ ਭਾਜਪਾ ਵੱਲੋਂ ਉਤਾਰੇ ਗਏ ਉਮੀਦਵਾਰ ਸੰਜੀਵ ਖੰਨਾ ਹਿੰਦੂ ਚਿਹਰਾ ਹੋਣ ਕਰਕੇ ਦੂਜਾ ਨੁਕਸਾਨ ਐਨਕੇ ਸ਼ਰਮਾ ਨੂੰ ਹੋ ਰਿਹਾ ਹੈ। ਕਾਂਗਰਸ ਪਾਰਟੀ ਵੱਲੋਂ ਇਸ ਸੀਟ ਤੋਂ ਸਿੱਖ ਚਿਹਰਾ ਉਮੀਦਵਾਰ ਲਿਆਂਦਾ ਗਿਆ ਹੈ ਅਤੇ ਇਸ ਸੀਟ ‘ਤੇ ਹਿੰਦੂ ਅਤੇ ਸਿੱਖ ਵੋਟ ਦੀ ਵੰਡ ਵਿੱਚ ਐਨਕੇ ਸ਼ਰਮਾ ਹਿੰਦੂ ਹੋਣ ਕਰਕੇ ਕਾਫ਼ੀ ਜ਼ਿਆਦਾ ਫਾਇਦਾ ਵੀ ਲੈਂਦੇ ਆਏ ਹਨ ਪਰ ਇਸ ਵਾਰ ਐਨਕੇਸ਼ਰਮਾ ਦੇ ਸਾਹਮਣੇ ਇੱਕ ਹੋਰ ਹਿੰਦੂ ਚਿਹਰਾ ਸੰਜੀਵ ਖੰਨਾ ਵੀ ਮੈਦਾਨ ਵਿੱਚ ਹਨ। ਦੂਜੇ ਪਾਸੇ ਕਾਂਗਰਸ ਦੇ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਨੂੰ ਇਸ ਦਾ ਕੋਈ ਨੁਕਸਾਨ ਨਹੀਂ ਹੈ, ਕਿਉਂਕਿ ਭਾਜਪਾ ਦੀ ਪੱਕੀ ਵੋਟ ਪਹਿਲਾਂ ਉਨ੍ਹਾਂ ਨੂੰ ਨਹੀਂ ਪੈਂਦੀ ਸੀ ਅਤੇ ਹਿੰਦੂ ਵੋਟ ਜਿਹੜੀ ਪਹਿਲਾਂ ਉਨ੍ਹਾਂ ਨੂੰ ਮਿਲਦੀ ਆਈ ਹੈ, ਉਹ ਹਿੰਦੂ ਵੋਟ ਹੁਣ ਵੀ ਉਨ੍ਹਾਂ ਨਾਲ ਹੈ ਅਤੇ ਸਿੱਖ ਵੋਟ ਵਿੱਚ ਵੀ ਕੋਈ ਨੁਕਸਾਨ ਦੀਪਇੰਦਰ ਢਿੱਲੋਂ ਨੂੰ ਨਹੀਂ ਹੈ।
ਜਿਸ ਕਾਰਨ ਵਿਧਾਨ ਸਭਾ ਚੋਣਾਂ ਵਿੱਚ ਸਿੱਧੇ ਤੌਰ ’ਤੇ ਐਨਕੇ ਸ਼ਰਮਾ ਨੂੰ ਹੀ ਜ਼ਿਆਦਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਹੈ, ਇਸ ਲਈ ਜਿੱਤ ਹਾਸਲ ਕਰਨ ਲਈ ਐਨਕੇ ਸ਼ਰਮਾ ਨੂੰ ਸਖਤ ਮਿਹਨਤ ਕਰਨੀ ਪਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ