2 ਦਰਜਨ ਭਰ ਅਕਾਲੀਆਂ ਨੂੰ ਕੀਤਾ ਸ਼ਾਮਲ, ਹੱਥੋਂ ਹੱਥ ਵੰਡ ਰਹੀ ਐ ਅਕਾਲੀਆਂ-ਕਾਂਗਰਸੀਆਂ ਨੂੰ ਟਿਕਟਾਂ
- ਪਟਿਆਲਾ ਤੋਂ ਸਾਬਕਾ ਮੇਅਰ ਅਜੀਤਪਾਲ ਕੋਹਲੀ ਹੋਏ ਆਪ ’ਚ ਸ਼ਾਮਲ, ਪਟਿਆਲਾ ਤੋਂ ਲੜਨਗੇ ਚੋਣ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਕੁਝ ਦਿਨ ਪਹਿਲਾਂ ਅਕਾਲੀਆਂ-ਕਾਂਗਰਸੀਆਂ ਨੂੰ ਭੰਡਣ ਵਾਲੀ ਆਮ ਆਦਮੀ ਪਾਰਟੀ ਹੁਣ ਰੋਜ਼ਾਨਾ ਹੀ ਅਕਾਲੀਆਂ ਅਤੇ ਕਾਂਗਰਸੀਆਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਰਹੀ ਹੈ। ਹਰ ਦੂਜੇ ਦਿਨ ਅਕਾਲੀਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਦੇ ਹੋਏ ਨਾ ਸਿਰਫ਼ ਵੱਡੇ ਅਹੁਦੇ ’ਤੇ ਬਿਰਾਜਮਾਨ ਕਰ ਦਿੱਤਾ ਜਾਂਦਾ ਹੈ, ਸਗੋਂ ਕਈਆਂ ਨੂੰ ਤਾਂ ਵਿਧਾਨ ਸਭਾ ਚੋਣਾਂ ਲਈ ਟਿਕਟ ਤੱਕ ਦਿੱਤੀ ਜਾ ਰਹੀ ਹੈ। ਬੀਤੇ 2 ਮਹੀਨੇ ਦੌਰਾਨ ਹੀ ਆਮ ਆਦਮੀ ਪਾਰਟੀ ਵਲੋਂ 2 ਦਰਜਨ ਦੇ ਕਰੀਬ ਅਕਾਲੀ ਲੀਡਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰ ਲਿਆ ਹੈ ਅਤੇ ਵੀਰਵਾਰ ਨੂੰ ਪਟਿਆਲਾ ਤੋਂ ਸਾਬਕਾ ਮੇਅਰ ਅਜੀਤ ਪਾਲ ਸਿੰਘ ਕੋਹਲੀ ਨੂੰ ਸ਼ਾਮਲ ਕਰ ਲਿਆ ਗਿਆ ਹੈ।
ਇਸ ਨਾਲ ਹੀ ਉਨ੍ਹਾਂ ਨੂੰ ਵਾਅਦਾ ਵੀ ਕਰ ਦਿੱਤਾ ਗਿਆ ਹੈ ਕਿ ਉਨ੍ਹਾਂ ਨੂੰ ਪਟਿਆਲਾ ਸ਼ਹਿਰੀ ਤੋਂ ਅਮਰਿੰਦਰ ਸਿੰਘ ਦੇ ਖ਼ਿਲਾਫ਼ ਟਿਕਟ ਦਿੱਤੀ ਜਾਵੇਗੀ। ਸਿਰਫ਼ ਅਜੀਤਪਾਲ ਸਿੰਘ ਕੋਹਲੀ ਨੂੰ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਦੇ ਹੋਏ ਟਿਕਟ ਨਹੀਂ ਦਿੱਤੀ ਜਾ ਰਹੀ ਹੈ, ਸਗੋਂ ਇਸ ਤੋਂ ਪਹਿਲਾਂ ਵੀ ਕਈ ਆਮ ਆਦਮੀ ਪਾਰਟੀ ਵੱਲੋਂ ਕਈਆਂ ਨੂੰ ਰਾਤੋ ਰਾਤ ਪਾਰਟੀ ਵਿੱਚ ਸ਼ਾਮਲ ਕਰਦੇ ਹੋਏ ਟਿਕਟ ਦਿੰਦੇ ਹੋਏ ਵਿਧਾਨ ਸਭਾ ਦੇ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ, ਜਦੋਂਕਿ ਪਿਛਲੇ 6-7 ਸਾਲ ਤੋਂ ਪਾਰਟੀ ਲਈ ਮਿਹਨਤ ਕਰ ਰਹੇ ਪਾਰਟੀ ਦੇ ਵਰਕਰਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਕਈ ਵਾਰ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਅਤੇ ਹਾਈ ਕਮਾਨ ਅਰਵਿੰਦ ਕੇਜਰੀਵਾਲ ਤੋਂ ਸੁਆਲ ਤਾਂ ਕੀਤੇ ਗਏ ਪਰ ਉਨ੍ਹਾਂ ਵੱਲੋਂ ਟਾਲ਼ਾ ਹੀ ਵੱਟਿਆ ਗਿਆ ਹੈ ਅਤੇ ਇਸ ਮਾਮਲੇ ਵਿੱਚ ਕੋਈ ਜੁਆਬ ਨਹੀਂ ਦਿੱਤਾ ਗਿਆ ਹੈ।
ਕਾਂਗਰਸੀ ਅਤੇ ਅਕਾਲੀਆਂ ਨੂੰ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਕੁਝ ਹੀ ਦਿਨਾਂ ਬਾਅਦ ਟਿਕਟ ਹਾਸਲ ਕਰਨ ਵਾਲੇ ਲੀਡਰਾਂ ਵਿੱਚ ਮੁਹਾਲੀ ਤੋਂ ਕੁਲਵੰਤ ਸਿੰਘ, ਗੁਰਦਾਸਪੁਰ ਤੋਂ ਰਮਨ ਬਹਿਲ, ਮਜੀਠਾ ਤੋਂ ਲਾਲੀ ਮਜੀਠੀਆ, ਜਲੰਧਰ ਵੈਸਟ ਤੋਂ ਸੀਤਲ ਅੰਗੁਰਾਲ, ਜਲੰਧਰ ਕੇਂਦਰੀ ਤੋਂ ਰਮਨ ਅਰੋੜਾ, ਬਠਿੰਡਾ ਦਿਹਾਤੀ ਤੋਂ ਅਮਿਤ ਰਤਨ, ਬਠਿੰਡਾ ਸ਼ਹਿਰੀ ਤੋਂ ਜਗਰੂੁਪ ਸਿੰਘ ਗਿੱਲ ਤੋਂ ਇਲਾਵਾ ਲੰਬੀ ਚੌੜੀ ਲਿਸਟ ਹੈ, ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਸ਼ਾਮਲ ਕਰਨ ਤੋਂ ਬਾਅਦ ਟਿਕਟ ਦੇ ਕੇ ਨਿਵਾਜਿਆ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ