ਡੰਗ ਟਪਾਊ ਅਤੇ ਚੰਨੀ ਸਰਕਾਰ ਦੇ ਫੋਕੇ ਐਲਾਨਾਂ ਤੋਂ ਅੱਕੇ ਮੁਲਾਜ਼ਮਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

Punjab Government Effigy Sachkahoon

ਚੋਣ ਜਾਬਤੇ ’ਚ ਵੀ ਸਰਕਾਰ ਦਾ ਕਿਰਦਾਰ ਵਿਰੋਧ ਜਾਰੀ ਰੱਖਣ ਦਾ ਲਿਆ ਅਹਿਦ

(ਤਰੁਣ ਕੁਮਾਰ ਸ਼ਰਮਾ) ਨਾਭਾ। ਪੰਜਾਬ-ਯੂ.ਟੀ. ਮੁਲਾਜਮ ਤੇ ਪੈਨਸ਼ਨਰਜ ਸਾਂਝਾ ਫਰੰਟ ਦੇ ਸੱਦੇ ’ਤੇ ਮੁਲਾਜਮਾਂ ਨੇ ਸਥਾਨਕ ਕਾਲਜ ਗਰਾਊਂਡ ਦੇ ਬਾਹਰ ਪੰਜ ਸਾਲ ਦੇ ਕਾਰਜਕਾਲ ਦੌਰਾਨ ਮੁਲਾਜਮਾਂ, ਪੈਨਸ਼ਨਰਾਂ, ਕੱਚੇ/ਠੇਕਾ ਮੁਲਾਜ਼ਮਾਂ ਅਤੇ ਮਾਣ-ਭੱਤਾ ਵਰਕਰਾਂ ਦੀਆਂ ਮੰਗਾਂ ਪੂਰੀਆਂ ਨਾ ਕਰਨ ਵਾਲੀ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਚੋਣ ਜਾਬਤੇ ਦੌਰਾਨ ਵੀ ਸਰਕਾਰ ਖਿਲਾਫ ਸੰਘਰਸ ਜਾਰੀ ਰੱਖਣ ਦਾ ਅਹਿਦ ਲਿਆ। ਆਗੂਆਂ ਰਾਮ ਸ਼ਰਨ ਅਤੇ ਜੱਗ ਪ੍ਰੀਤ ਭਾਟੀਆ ਨੇ ਆਖਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਇੱਕ ਵੀ ਕੱਚੇ ਮੁਲਾਜਮ ਨੂੰ ਪੱਕਾ ਕੀਤੇ ਬਿਨਾਂ 36000 ਮੁਲਾਜਮਾਂ ਨੂੰ ਰੈਗੂਲਰ ਕਰਨ ਦੇ ਝੂਠੇ ਇਸ਼ਤਿਹਾਰ ਜਾਰੀ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਇਥੇ ਜਿਕਰਯੋਗ ਹੈ ਕਿ ਸਿੱਖਿਆ ਵਿਭਾਗ ਵਿੱਚ ਪਿਛਲੇ 15-20 ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਸਿੱਖਿਆ ਪ੍ਰੋਵਾਈਡਰਾਂ, ਵਲੰਟੀਅਰਾਂ ਅਤੇ ਦਫਤਰੀ ਨਾਨ ਟੀਚਿੰਗ ਕਰਮਚਾਰੀਆਂ ਦਾ ਪਿੱਛਲੀ ਅਕਾਲੀ ਭਾਜਪਾ ਸਰਕਾਰ ਵਾਂਗ ਇਸ ਸਰਕਾਰ ਵੱਲੋਂ ਲਾਰਿਆਂ ਨਾਲ ਹੀ ਬੁਤਾ ਸਾਰਿਆ ਗਿਆ ਹੈ।

ਇਸੇ ਤਰ੍ਹਾਂ ਤਨਖਾਹ ਕਮਿਸਨ ਦੀਆਂ ਸਿਫਾਰਸਾਂ ਦੇ ਉਲਟ ਜਾ ਕੇ ਪੈਨਸ਼ਨਰਾਂ ਨੂੰ 2.59 ਦਾ ਗੁਣਾਂਕ ਅਤੇ ਹੋਰ ਬਣਦੇ ਲਾਭ ਨਾ ਦੇ ਕੇ, ਪੇਂਡੂ ਭੱਤੇ ਅਤੇ ਬਾਰਡਰ ਭੱਤੇ ਸਮੇਤ ਮੁਲਾਜਮਾਂ ਨੂੰ ਮਿਲਦੇ ਵੱਖ-ਵੱਖ ਭੱਤਿਆਂ ਅਤੇ ਏ.ਸੀ.ਪੀ ‘ਤੇ ਰੋਕ ਲਗਾ ਕੇ ਪੂਰੀ ਤਰ੍ਹਾਂ ਮੁਲਾਜਮ ਤੇ ਪੈਨਸਨਰਾਂ ਦੇ ਹਿੱਤਾਂ ਦਾ ਘਾਣ ਕੀਤਾ ਹੈ। ਇਸ ਲਈ ਸਰਕਾਰ ਖਿਲਾਫ ਸੰਘਰਸ ਜਾਰੀ ਰੱਖਿਆ ਜਾਵੇਗਾ। ਇਸੇ ਤਰ੍ਹਾਂ 13 ਜਨਵਰੀ ਨੂੰ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਅਤੇ ਫੋਕੇ ਐਲਾਨਾਂ ਦੀ ਲੋਹੜੀ ਬਾਲੀ ਜਾਵੇਗੀ। ਉਨ੍ਹਾਂ ਆਖਿਆ ਕਿ ਚੰਨੀ ਸਰਕਾਰ ਨੂੰ ਸਬਕ ਸਿਖਾਉਣ ਲਈ 16 ਜਨਵਰੀ ਨੂੰ ਹਰ ਤਰਾਂ ਦੇ ਕੱਚੇ ਤੇ ਪੱਕੇ ਮੁਲਾਜਮਾਂ, ਪੈਨਸ਼ਨਰਾਂ ਅਤੇ ਮਾਣ ਭੱਤਾ ਵਰਕਰਾਂ ਦੀਆਂ ਜਥੇਬੰਦੀਆਂ ਤੇ ਫੈਡਰੇਸਨਾਂ ਦੀ ਜਲੰਧਰ ਵਿਖੇ ਨੁੰਮਾਇੰਦਾ ਕਨਵੈਨਸ਼ਨ ਕਰਕੇ ਵਿਧਾਨ ਸਭਾ ਚੋਣਾਂ ਦੌਰਾਨ ਸਰਕਾਰ ਨੂੰ ਘੇਰਨ ਦੀ ਰੂਪ ਰੇਖਾ ਉਲੀਕੀ ਜਾਵੇਗੀ। ਮੈਡਮ ਜੈਕੀ, ਬਲਕਾਰ ਸਿੰਘ, ਵਿਕਾਸ ਸਾਇਗਲ, ਸੁਖਨਦੀਪ ਸਿੰਘ, ਅਵਤਾਰ ਸਿੰਘ, ਮੈਡਮ ਸੁਖਜਿੰਦਰ ਆਦਿ ਹਾਜ਼ਰ ਰਹੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ