ਅਮਲੋਹ ਸ਼ਹਿਰ ਦੇ ਦੁਕਾਨਦਾਰਾਂ ਗੰਦੇ ਪਾਣੀ ਕਾਰਨ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ
- ਸ਼ਹਿਰ ਅਮਲੋਹ ਦੇ ਬਜ਼ਾਰਾਂ ਵਿੱਚ ਖੜਾ ਦੁਕਾਨਾਂ ਅੱਗੇ ਗੰਦਾ ਪਾਣੀ
- ਕਾਕਾ ਰਣਦੀਪ ਤੇ ਨਗਰ ਕੌਂਸਲ ਅਮਲੋਹ ਕਰ ਰਹੀ ਹੈ ਵਿਕਾਸ ਦੇ ਦਾਅਵੇ
(ਅਨਿਲ ਲੁਟਾਵਾ) ਅਮਲੋਹ। ਕਾਂਗਰਸ ਨੇ 5 ਸਾਲ ਸਰਕਾਰ ਸਮੇਂ ਗੱਲਾ ਦਾ ਕੜਾਹ ਬਣਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ‘ਤੇ ਗਰਾਊਂਡ ਪੱਧਰ ਤੇ ਕੀਤਾ ਕੁਝ ਵੀ ਨਹੀਂ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਅਮਲੋਹ ਸ਼ਹਿਰ ਦੇ ਵਪਾਰੀਆਂ ਤੇ ਦੁਕਾਨਦਾਰਾਂ ਦੀ ਗੰਦੇ ਪਾਣੀ ਦੀ ਸਮੱਸਿਆ ਨੂੰ ਸੁਣਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਰਾਜੂ ਖੰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਭਾਵੇਂ ਸ਼ਹਿਰ ਅੰਦਰ ਕਰੋੜਾਂ ਰੁਪਏ ਦੀ ਲਾਗਤ ਨਾਲ ਉਹਨਾਂ ਵੱਲੋਂ ਸੀਵਰੇਜ਼ ਪਾਇਆ ਗਿਆ ਸੀ। ਪਰ ਕਾਂਗਰਸ ਸਰਕਾਰ ਇਸ ਪਾਏ ਸੀਵਰੇਜ਼ ਨੂੰ ਸਾਫ਼ ਤੱਕ ਨਹੀਂ ਕਰਵਾ ਸਕੀ। ਜਿਸ ਕਾਰਨ ਸੜਕਾਂ ਤੇ ਗਲੀਆਂ ਵਿੱਚ ਘੁੰਮ ਰਹੇ ਸੀਵਰੇਜ਼ ਦੇ ਗੰਦੇ ਪਾਣੀ ਕਾਰਨ ਸ਼ਹਿਰ ਦੇ ਵਾਰਡਾਂ ਦੇ ਵਾਸੀ ਹੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ, ਉਂਥੇ ਸ਼ਹਿਰ ਦੇ ਵਪਾਰੀ ਤੇ ਦੁਕਾਨਦਾਰ ਵੀ ਦੁਕਾਨਾਂ ਅੱਗੇ ਖੜ੍ਹੇ ਗੰਦੇ ਪਾਣੀ ਕਾਰਨ ਸੰਤਾਪ ਭੋਗਣ ਲਈ ਮਜ਼ਬੂਰ ਹਨ।
ਰਾਜੂ ਖੰਨਾ ਨੇ ਕਿਹਾ ਕਿ ਭਾਵੇਂ ਹਰ ਰੋਜ਼ ਹਲਕੇ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਤੇ ਨਗਰ ਕੌਂਸਲ ਅਮਲੋਹ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰ ਰਹੇ ਹਨ ਪਰ ਗਰਾਊਂਡ ਪੱਧਰ ’ਤੇ ਕਾਂਗਰਸ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ। ਰਾਜੂ ਖੰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਅਮਲੋਹ ਸ਼ਹਿਰ ਅੰਦਰ ਸੀਵਰੇਜ਼ ਤੇ ਕਰੋੜਾਂ ਰੁਪਏ ਹੀ ਨਹੀਂ ਲਗਾਏ ਸਗੋਂ ਸ਼ਹਿਰ ਦੀ ਹਰ ਗਲੀ ‘ਤੇ ਬਾਜ਼ਾਰਾਂ ਨੂੰ ਵੀ ਇੰਟਰਲਾਕ ਕੀਤਾ।
ਇਸ ਤੋਂ ਇਲਾਵਾ ਰੌਸ਼ਨੀ ਦਾ ਪ੍ਰਬੰਧ ਕਰਦੇ ਹੋਏ ਲੱਖਾਂ ਰੁਪਏ ਦੀ ਲਾਗਤ ਨਾਲ ਐਲ ਈ ਡੀ ਲਾਈਟਾਂ ਦਾ ਪ੍ਰਬੰਧ ਵੀ ਕੀਤਾ ਗਿਆ ਪਰ ਜਦੋਂ ਦੀ ਕਾਂਗਰਸ ਸਰਕਾਰ ਨਗਰ ਕੌਂਸਲ ਅਮਲੋਹ ’ਤੇ ਕਾਬਜ਼ ਹੋਈ ਉਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕੀਤੇ ਵਿਕਾਸ ਕਾਰਜ ਵੀ ਨਹੀਂ ਸੰਭਾਲੇ ਗਏ ਜਿਸ ਕਾਰਨ ਅਮਲੋਹ ਸ਼ਹਿਰ ਦੇ ਵਾਸੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ।
ਰਾਜੂ ਖੰਨਾ ਨੇ ਅਮਲੋਹ ਸ਼ਹਿਰ ਦੇ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਦੇ ਹੀ ਸ਼ਹਿਰ ਦੀ ਹਰ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹੱਲ ਕਰਨਗੇ। ਮੌਕੇ ’ਤੇ ਅਮਲੋਹ ਬਜ਼ਾਰ ਵਿੱਚ ਪੁੱਜੇ ਰਾਜੂ ਖੰਨਾ ਵੱਲੋਂ ਖੜੇ ਗੰਦੇ ਪਾਣੀ ਸੰਬੰਧੀ ਰਾਜੂ ਖੰਨਾ ਕਾਰਜ ਸਾਧਕ ਅਫ਼ਸਰ ਅਮਲੋਹ ਤੇ ਐਸ ਡੀ ਐਮ ਅਮਲੋਹ ਨੂੰ ਫੋਨ ’ਤੇ ਜਾਣਕਾਰੀ ਵੀ ਦਿੱਤੀ ਤਾਂ ਜੋ ਦੁਕਾਨਦਾਰਾਂ ਦੀ ਸਮੱਸਿਆ ਦਾ ਤੁਰੰਤ ਹੱਲ ਹੋ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ