ਭਾਜਪਾ ਆਗੂਆਂ ਵੱਲੋਂ ਡੀਸੀ ਦਫਤਰ ਅੱਗੇ ਧਰਨਾ, ਗ੍ਰਹਿ ਮੰਤਰੀ ਅਤੇ ਡੀਜੀਪੀ ਨੂੰ ਬਰਖਾਸਤ ਕਰਨ ਦੀ ਮੰਗ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਉਨ੍ਹਾਂ ਦੀ ਸੁਰੱਖਿਆ ’ਚ ਪੰਜਾਬ ਸਰਕਾਰ ਵਲੋਂ ਵਰਤੀ ਅਣਗਹਿਲੀ ਦੇ ਵਿਰੋਧ ’ਚ ਅੱਜ ਪੰਜਾਬ ਭਰ ’ਚ ਡੀਸੀ ਦਫਤਰਾਂ ਅਤੇ ਐਸਡੀਐਮ ਦਫਤਰਾਂ ਸਾਹਮਣੇ ਭਾਜਪਾ ਆਗੂਆਂ ਤੇ ਵਰਕਰਾਂ ਵੱਲੋਂ ਰੋਸ ਧਰਨੇ ਦਿੱਤੇ ਗਏ। ਪਟਿਆਲਾ ਦੀ ਭਾਜਪਾ ਇਕਾਈ ਵੱਲੋਂ ਵੀ ਅੱਜ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਪ੍ਰਦਰਸ਼ਨ ਕਰਦਿਆਂ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਡੀਜੀਪੀ ਪੰਜਾਬ ਨੂੰ ਬਰਖਾਸਤ ਕਰਨ ਲਈ ਰਾਜਪਾਲ ਦੇ ਨਾਂਅ ਮੰਗ ਪੱਤਰ ਤਹਿਸੀਲਦਾਰ ਪਟਿਆਲਾ ਨੂੰ ਸੌਂਪਿਆ ਗਿਆ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ ਅਤੇ ਸੂਬਾ ਕਾਰਜਕਾਰੀ ਮੈਂਬਰ ਗੁਰਤੇਜ ਸਿੰਘ ਢਿੱਲੋਂ ਨੇ ਆਖਿਆ ਕਿ ਕਾਂਗਰਸ ਦੀ ਨੀਅਤ ਅਤੇ ਨੀਤੀ ਦੋਵੇਂ ਪੰਜਾਬ ਲਈ ਘਾਤਕ ਹਨ। ਆਪਣੇ ਪੈਰਾਂ ਹੇਠੋਂ ਪੰਜਾਬ ਦੀ ਸਿਆਸੀ ਜ਼ਮੀਨ ਖਿਸਕਦੀ ਦੇਖ ਕਾਂਗਰਸ ਕੋਝੇ ਹੱਥਕੰਡਿਆਂ ’ਤੇ ਉਤਾਰੂ ਹੋ ਚੁੱਕੀ ਹੈ। ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਫੇੇਰੀ ਦੌਰਾਨ ਸੁਰੱਖਿਆ ’ਚ ਅਣਗਹਿਲੀ ਵਰਤ ਕੇ ਕਾਂਗਰਸ ਨੇ ਪੰਜਾਬ ਦਾ ਨਾਂਅ ਦੇਸ਼ ’ਚ ਹੀ ਨਹੀਂ ਬਲਕਿ ਵਿਦੇਸ਼ਾਂ ’ਚ ਬਦਨਾਮ ਕਰਾ ਦਿੱਤਾ ਹੈ। ਮੁੱਖ ਮੰਤਰੀ ਚੰਨੀ ਦੀ ਨੀਅਤ ’ਚ ਖੋਟ ਉਸ ਸਮੇਂ ਹੀ ਸਾਫ਼ ਹੋ ਗਿਆ ਸੀ ਜਦੋਂ ਉਹ ਕੋਵਿਡ ਦਾ ਬਹਾਨਾ ਲਗਾ ਕੇ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਬਠਿੰਡਾ ਏਅਰਪੋਰਟ ’ਤੇ ਨਹੀਂ ਪੁੱਜੇ।
ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਨਹੀਂ ਪੁੱਜ ਸਕੇ ਤਾਂ ਦੋਵੇਂ ਉਪ ਮੁੱਖ ਮੰਤਰੀ ਤਾਂ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਪੁੱਜ ਸਕਦੇ ਸੀ। ਉਹਨਾਂ ਆਖਿਆ ਕਿ ਕਾਂਗਰਸ ਦੀ ਨਾਲਾਇਕੀ ਕਾਰਨ ਪੰਜਾਬ ਅੰਦਰ ਸ਼ੁਰੂ ਹੋਣ ਵਾਲੇ ਕਰੋੜਾਂ ਰੁਪਏ ਦੇ ਪ੍ਰੋਜੈਕਟ ਖੁੰਝ ਗਏ ਜਿਸਦਾ ਪੰਜਾਬ ਅਤੇ ਪੰਜਾਬ ਵਾਸੀਆਂ ਨੂੰ ਵੱਡਾ ਨੁਕਸਾਨ ਹੋਵੇਗਾ। ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਸਾਰੇ ਦੇਸ਼ ਦੇ ਹੁੰਦੇ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਦਾ ਜ਼ਿੰਮਾ ਸੂਬਾ ਸਰਕਾਰਾਂ ਦਾ ਵੀ ਪੂਰਾ ਹੁੰਦਾ ਹੈ। ਇਸ ਮੌਕੇ ਭਾਜਪਾ ਦੀ ਸੈਕਟਰੀ ਸੁਖਵਿੰਦਰ ਕੌਰ ਅਤੇ ਆਗੂ ਸੀਮਾ ਸ਼ਰਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਭਾਜਪਾ ਤੋਂ ਡਰ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਉਨ੍ਹਾਂ ਦੇ ਆਗੂ ਸ਼ਾਮਲ ਹੋ ਰਹੇ ਹਨ ਇਸੇ ਕਾਰਨ ਹੀ ਕਾਂਗਰਸ ਵੱਲੋਂ ਰੈਲੀ ਨੂੰ ਤਾਰੋਪੀੜ ਕਰਨ ਦੀ ਸਾਜਿਸ਼ ਰਚੀ ਗਈ ਸੀ।
ਇਸ ਦੌਰਾਨ ਭਾਜਪਾ ਵੱਲੋਂ ਸੂਬੇ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਡੀਜੀਪੀ ਪੰਜਾਬ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਅਤੇ ਇਸ ਅਣਗਹਿਲੀ ਦੀ ਜਾਂਚ ਦੀ ਮੰਗ ਕੀਤੀ। ਇਸ ਮੌਕੇ ਭੁਪੇਸ਼ ਅਗਰਵਾਲ, ਰਮਨਦੀਪ ਸਿੰਘ ਭੀਲੋਵਾਲ, ਸੁਖਚੈਨ ਸਿੰਘ ਇੱਛੇਵਾਲ, ਵਿਨੀਤ ਸਹਿਗਲ, ਵਰੁਣ ਜਿੰਦਲ, ਬੌਬੀ ਬਰਾੜ, ਦਿਨੇਸ਼ ਤਨੇਜਾ, ਅਮਿਤ ਠਾਕੁਰ ਅਤੇ ਵਰੁਣ ਗੋਇਲ, ਅਮਰ ਚੰਦ ਦਾਬੀ ਵੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ