ਡਾਲਰਾਂ ’ਚੋਂ ਸੁੁਫਨੇ ਲੱਭਦੇ ਸਾਡੇ ਧੀਆਂ-ਪੁੱਤ
ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਅੱਜ ਤੋ 35-40 ਸਾਲ ਪਹਿਲਾਂ ਜਦੋਂ ਅਸੀਂ ਛੋਟੇ ਹੋਇਆ ਕਰਦੇ ਸਾਂ ਤਾਂ ਉਸ ਵਕਤ ਲੋਕਾਂ ’ਚ ਵਿਦੇਸ਼ ਜਾਣ ਦਾ ਰੁਝਾਨ ਕੋਈ ਬਹੁਤਾ ਨਹੀਂ ਹੋਇਆ ਕਰਦਾ ਸੀ। ਸਾਰੇ ਇਲਾਕੇ ’ਚੋਂ ਕੋਈ ਟਾਂਵਾ-ਟਾਂਵਾ ਬੰਦਾ ਕੈਨੇਡਾ ਅਮਰੀਕਾ ਗਿਆ ਗਿਆ ਹੋਇਆ ਮਿਲਦਾ ਤੇ ਜਾਂ ਫਿਰ ਛੋਟੇ-ਮੋਟੇ ਮੁਲਕ ’ਚ । ਉਨ੍ਹਾ ਵਕਤਾਂ ’ਚ ਜਿਹੜੇ ਪਰਿਵਾਰ ਦਾ ਕੋਈ ਜੀਅ ਬਾਹਰਲੇ ਮੁਲਕ ਗਿਆ ਹੁੰਦਾ ਉਸਦੇ ਪੂਰੇ ਪਰਵਾਰ ਦੀ ਸਾਰੇ ਪਾਸੇ ਟੌਹਰ ਹੋਇਆ ਕਰਦੀ। ਉਸ ਪਰਿਵਾਰ ਨੂੰ ਬਾਕੀਆਂ ਤੋ ਅਗਾਂਹ ਵਧੂ ਮੰਨਿਆ ਜਾਂਦਾ। ਪਰ ਹੋਲੀ ਹੋਲੀ ਵਕਤ ਬਦਲਦਾ ਗਿਆ। ਜਿਉਂ ਜਿਉਂ ਲੋਕ ਪੜ੍ਹੇ ਲਿਖੇ ਹੋਣ ਲੱਗੇ ਤਿਉਂ-ਤਿਉਂ ਵਿਦੇਸ਼ ਜਾਣ ਦੇ ਰੁਝਾਨ ਨੇ ਵੀ ਰਫਤਾਰ ਫੜਨੀ ਸ਼ੁਰੂ ਕਰ ਦਿੱਤੀ।
ਜਿਥੇ ਪਹਿਲਾ ਵਿਦੇਸ਼ ਜਾਣ ਲਈ ਜਹਾਜ ਚੜਨਾ ਬੜਾ ਔਖਾ ਹੁੰਦਾ ਸੀ ਉਥੇ ਸਟੱਡੀ ਵੀਜੇ ’ਤੇ ਵਿਦੇਸ਼ ਜਾ ਕਿ ਪੜ੍ਹਨ ਦੇ ਰੁਝਾਨ ਨੇ ਜਹਾਜ ਦੀ ਟਿਕਟ ਸੌਖੀ ਤੇ ਅਸਾਨ ਕਰ ਦਿੱਤੀ। ਪਰ ਵਿਦੇਸ਼ ਜਾ ਕਿ ਪੜ੍ਹਨ ਤੇ ਉਥੋਂ ਦੀ ਨਾਗਰਿਕਤਾ ਹਾਸਲ ਕੀਤੇ ਜਾਣ ਦੀ ਪ੍ਰਬਲ ਇੱਛਾ ਪਿੱਛੇ ਇੱਕ ਨਹੀਂ ਬਲਕਿ ਅਨੇਕਾਂ ਕਾਰਨ ਛਿਪੇ ਹੋਏ ਹਨ। ਨਹੀਂ ਤਾਂ ਕੋਈ ਐਵੇ ਨਹੀਂ ਆਪਣੀ ਮਾਤ ਭੂਮੀ ਨੂੰ ਛੱਡ ਵਿਦੇਸ਼ੀ ਧਰਤੀ ਨੂੰ ਅਪਣਾਉਂਦਾ ।ਅੱਜ ਸਾਡੇ ਬੱਚੇ ਧੜਾ ਧੜ ਆਇਲਟਸ ਕਰਕੇ ਅਮਰੀਕਾ ਕੈਨੇਡਾ, ਆਸਟਰੇਲੀਆ, ਨਿਊਜੀਲੈਂਡ ਜਾਂ ਯੂ ਕੇ ਵਰਗੇ ਮੁਲਕਾਂ ਚ ਪੜਾਈ ਕੀਤੇ ਜਾਣ ਲਈ ਤੁਰੇ ਹੋਏ ਹਨ। ਜਿਸ ਦੀ ਮੁੱਖ ਵਜਾ ਇਹ ਹੈ ਕਿ ਸਾਡੇ ਮੁਲਕ ਚ ਰੁਜ਼ਗਾਰ ਦੇ ਨਾ ਮਾਤਰ ਮੌਕੇ , ਰਹਿਣ ਸਹਿਣ ਦਾ ਨੀਵਾਂ ਪੱਧਰ, ਪੜ੍ਹ ਲਿਖ ਕੇ ਤੇ ਉਚੇਰੀਆਂ ਡਿਗਰੀਆਂ ਹਾਸਲ ਕਰ ਕੇ ਵੀ 10-10 ਹਜਾਰ ’ਤੇ ਦਰ-ਦਰ ਦੀਆਂ ਠੋਕਰਾਂ ਨਸੀਬ ਹੁੰਦੀਆਂ ਹਨ ।
ਇਨਾ ਗੱਲਾਂ ਨੇ ਮਾਪਿਆਂ ਦੀ ਸੋਚ ਨੂੰ ਬਦਲਣ ਚ ਅਹਿਮ ਤੇ ਮਹੱਤਵ ਪੂਰਨ ਭੂਮਿਕਾ ਅਦਾ ਕੀਤੀ ਹੈ। ਜਿਸ ਕਰਕੇ ਮਾਪਿਆਂ ਤੇ ਨੌਜਵਾਨਾਂ ਦਾ ਵਿਦੇਸ਼ ਜਾ ਕਿ ਪੜ੍ਹਾਈ ਕਰਨ ਤੇ ਉਥੋਂ ਦੀ ਪੀ ਆਰ ਲੈਣ ਦਾ ਰੁਝਾਨ ਵਧਿਆ, ਜੋ ਦਿਨ ਪ੍ਰਤੀ ਦਿਨ ਲਗਾਤਾਰ ਵਧਦਾ ਜਾ ਰਿਹਾ। ਅੱਜ ਹਰ ਮਾਂ ਪਿਉ ਆਪਣੇ ਧੀ ਪੁੱਤ ਨੂੰ ਬਾਹਰਲੇ ਮੁਲਕ ਚ ਸੈਟਲ ਕਰਨ ਦੀ ਤਾਂਘ ਰੱਖਦਾ ਹੈ। ਦੂਜੇ ਦੇਸ਼ਾਂ ਦੀ ਨਾਗਰਿਕਤਾ ਹਾਸਲ ਕਰਨ ਦੀ ਇਕ ਹੋਰ ਵਜਾ ਨਸ਼ੇ ਵੀ ਕਹੇ ਜਾ ਸਕਦੇ ਹਨ । ਕਿਉਂਕਿ ਨਸ਼ਿਆਂ ਦੇ ਵਧ ਰਹੇ ਰੁਝਾਨ ਦੇ ਡਰ ਨੇ ਮਾਪਿਆਂ ਨੂੰ ਅਪਣੇ ਬੱਚਿਆਂ ਨੂੰ ਵਿਦੇਸ਼ ਤੋਰਨ ਲਈ ਮਜ਼ਬੂਰ ਕੀਤਾ । ਪੈਸੇ ਟਕੇ ਦੀ ਕਿਲਤ ਹੋਣ ਦੇ ਬਾਵਜੂਦ ਵੀ ਜ਼ਿਆਦਾਤਰ ਮਾਪੇ ਕੋਈ ਨਾ ਕੋਈ ਜੁਗਾੜ ਲਾ ਕਿ ਆਪਣੇ ਜਾਨ ਦੇ ਟੁਕੜਿਆਂ ਨੂੰ ਵਿਦੇਸ਼ ਭੇਜ ਰਹੇ ਹਨ। ਮੁਲਕ ਦੀ ਗੰਦਲੀ ਸਿਆਸਤ ਵੀ ਸਾਡੇ ਧੀਆਂ ਪੁੱਤਰਾਂ ਦੇ ਵਿਦੇਸ਼ਾਂ ਵੱਲ ਰੁੱਖ ਕੀਤੇ ਜਾਣ ਦੀ ਇੱਕ ਵਜਾ ਮੰਨੀ ਜਾ ਰਹੀ ਹੈ।ਇਸ ਤੋਂ ਬਿਨਾਂ ਰਹਿਣ ਸਹਿਣ ਦੇ ਪੱਧਰ ਨੂੰ ਉੱਚਾ ਚੁੱਕਣ ਦੀ ਸੋਚ ਤੇ ਡਾਲਰਾਂ ਦੀ ਚਮਕ ਦਮਕ ਨੇ ਵੀ ਵਿਦੇਸ਼ਾਂ ’ਚ ਵਸਣ ਦੇ ਰੁਝਾਣ ਨੂੰ ਵਧਾਇਆ ਹੈ।
ਹਾਲਾਂ ਕਿ ਪਰਵਾਸ ਕਰਕੇ ਵਿਦੇਸ਼ਾਂ ’ਚ ਵਸਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਅਨਜਾਣ ਮੁਲਕਾਂ ’ਚ ਜਾ ਕੇ ਪੜ੍ਹਨਾ ਤੇ ਫਿਰ ਉੱਥੋਂ ਦੀ ਨਾਗਰਿਕਤਾ ਹਾਸਲ ਕਰਨਾ ਇੱਕ ਲੰਬਾ ਤੇ ਔਖਾ ਪੈਂਡਾ ਹੈ। ਜੋ ਕੰਡਿਆ ’ਤੇ ਤੁਰਨ ਬਰਾਬਰ ਹੈ। ਫਿਰ ਵੀ ਸਾਡੇ ਧੀਆਂ ਪੁੱਤ ਬਾਲੜੀ ਉਮਰਾਂ ’ਚ ਇਨ੍ਹਾ ਕੰਡਿਆ ’ਤੇ ਤੁਰ ਕਿ ਸਫਲ ਜਿੰਦਗੀ ਜਿਊਣ ਲਈ ਰਸਤਾ ਤਲਾਸ਼ਣ ਚ ਹੱਡ ਭੰਨਵੀ ਮਿਹਨਤ ਕਰ ਰਹੇ ਹਨ। ਕਹਿਣ ਨੂੰ ਪੀ ਆਰ ਪੀ ਤਿੰਨ ਅੱਖਰ ਜਾਪਦੇ ਹਨ । ਪਰ ਇਨ੍ਹਾਂ ਨੂੰ ਪਾਉਣਾ ਮਿਰਗ ਤਿ੍ਸ਼ਨਾ ਵਾਂਗ ਹੈ। ਨਾਗਰਿਕਤਾ ਪਾਉਣ ਲਈ ਜਿੱਥੇ ਇੱਕ ਪਾਸੇ ਆਪਣੇ ਵਤਨ ਅੰਦਰ ਮਾਪੇ ਤੇ ਦੂਜੇ ਪਾਸੇ ਵਿਦੇਸ਼ਾਂ ’ਚ ਬੈਠੇ ਧੀਆਂ ਪੁੱਤ ਦਿਨ ਰਾਤ ਪੜ੍ਹਾਈ ਦੇ ਨਾਲ ਨਾਲ ਸਰੀਰ ਨੂੰ ਦੁੱਖਾਂ ਕਸ਼ਟਾਂ ਚ ਪਾ ਇੱਕ -ਇੱਕ ਡਾਲਰ ਇੱਕਠਾ ਕਰਕੇ ਉਸ ’ਚੋਂ ਆਪਣੇ ਸੁਪਨੇ ਲੱਭਦੇ ਫਿਰਦੇ ਹਨ । ਉਥੇ ਦੂਜੇ ਪਾਸੇ ਸਾਡੇ ਲ਼ੀਡਰ ਰੁਜਗਾਰ ਦੇਣ ਦੇ ਨਾਂ ਤੇ ਮਗਰ ਮੱਛ ਦੇ ਹੰਝੂ ਵਹਾ ਝੂਠ ਦੀ ਸਿਆਸਤ ਕਰਨ ਚ ਮਸ਼ਰੂਫ ਹਨ।
ਸਾਡੇ ਧੀਆਂ ਪੁੱਤ ਭੁੱਖਣ ਭਾਣੇ ਰਹਿ ਰਹਿ ਬਾਹਰਲੇ ਮੁਲਕਾਂ ਚ ਗੁਜਾਰਾ ਕਰਦੇ ਹਨ। ਫਿਰ ਜਾ ਕਿ ਕਿਤੇ ਉਨ੍ਹਾਂ ਦੇਸ਼ਾਂ ਦੀ ਨਾਗਰਿਕਤਾ ਨਸੀਬ ਹੁੰਦੀ ਹੈ। ਪਰ ਨਾਗਰਿਕਤਾ ਹਾਸਲ ਕਰਨ ਮਗਰੋਂ ਵੀ ਉਨ੍ਹਾਂ ’ਚ ਆਪਣੇ ਮੁਲਕ ਦੀ ਤਾਂਘ ਤੇ ਦੇਸ਼ ਭਗਤੀ ਖਤਮ ਨਹੀਂ ਹੁੰਦੀ । ਹਾਂ ! ਪਰ ਸਾਡੇ ਨੌਜਵਾਨ ਮੁੰਡੇ ਕੁੜੀਆਂ ਜਾਂ ਧੀਆਂ ਪੁੱਤ ਆਪਣੇ ਮੁਲਕ ਦੀ ਮੰਦਹਾਲੀ ਤੇ ਨਿਕੰਮੇ ਸਿਸਟਮ ਨੂੰ ਲੈ ਕਿ ਝੁਰਦੇ ਜਰੂਰ ਰਹਿੰਦੇ ਹਨ। ਜਦੋਂ ਬੇਗਾਨੇ ਮੁਲਕਾਂ ਚ ਰੋਜੀ ਰੋਟੀ ਖਾਤਰ ਗਏ ਆਪਣੇ ਧੀਆਂ ਪੁੱਤਰਾਂ ਨਾਲ ਮਾਪੇ ਵੀਡੀਓ ਕਾਲ ਜਰੀਏ ਵਾਰਤਲਾਪ ਕਰਦੇ ਹਨ ਤਾਂ ਵਿਦੇਸੀ ਧਰਤੀ ਤੇ ਬੈਠੇ ਆਪਣੇ ਬੱਚਿਆਂ ਦੀਆਂ ਮੁਸ਼ਕਲਾਂ ਸੁਣ, ਸੱਚ ਜਾਣਿਓ ! ਮਨਾ ਚ ਲ਼ੱਖਾਂ ਸੁਪਨੇ ਸੰਜੋਈ ਬੈਠੇ ਮਾਪਿਆਂ ਦੇ ਲੂੰ ਕੰਡੇ ਖੜੇ੍ਹ ਹੋ ਜਾਦੇ ਹਨ। ਚਾਹੁੰਦੇ ਹੋਏ ਵੀ ਉਸ ਵਕਤ ਮਾਪੇ ਬੇਵੱਸ ਨਜ਼ਰ ਆਉਦੇ ਹਨ। ਜਿਨ੍ਹਾਂ ਧੀਆਂ ਪੁੱਤਰਾਂ ਨੂੰ ਮਾਪੇ ਅਪਣੇ ਮੁਲਕ ਚ ਰਹਿੰਦਿਆਂ ਸਰਦੀ ਗਰਮੀ ’ਚ ਹਿੱਕ ਨਾਲ ਲਾ ਕੇ ਰੱਖਦੇ ਹਨ । ਉਨ੍ਹਾਂ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦੇ ਜਾਂ ਉਨ੍ਹਾਂ ਦੀ ਹਰ ਜਿੱਦ ਪਗਾਂਉਦੇ ਹਨ । ਪਰ ਵਿਦੇਸ਼ਾ ਚ ਵਸੇ ਬੱਚਿਆਂ ਨੂੰ ਵੀਡੀਓ ਕਾਲ ਤੇ ਅਣਮਣੇ ਮਨ ਨਾਲ ਉੁਨ੍ਹਾ ਨੂੰ ਹੌਂਸਲਾ ਦੇਣ ਦੀ ਕੋਸ਼ਿਸ਼ ਜਰੂਰ ਕਰਦੇ ਹਨ।
ਇੱਥੇ ਮੈਂ ਆਪਣੀ ਖੁੱਦ ਦੀ ਧੀ ਸੈਵੀ ਖੰਨਾ ਦਾ ਜਿਕਰ ਵੀ ਜ਼ਰੂਰ ਕਰਨਾ ਚਾਹੁੰਦਾ ਹਾਂ । ਜੋ ਤਿੰਨ ਕੁ ਵਰੇ ਪਹਿਲਾਂ ਸੱਟਡੀ ਵੀਜੇ ਤੇ ਕੈਨੇਡਾ ਗਈ ਸੀ ਤੇ ਅੱਜਕੱਲ ਵਰਕ ਪਰਮਿਟ ’ਤੇ ਹੈ। ਜਦੋਂ ਉਸ ਨਾਲ ਵੀਡੀਓ ਕਾਲ ਤੇ ਗੱਲ ਕਰਦਾ ਹਾਂ ਤਾਂ ਜਿੱਥੇ ਇੱਕ ਪਾਸੇ ਖੁਸ਼ੀ ਜਿਹੀ ਮਹਿਸੂਸ ਹੁੰਦੀ ਹੈ । ਉਥੇ ਦੂਜੇ ਪਾਸੇ ਉਸ ਵੱਲੋਂ ਕੀਤੀ ਜਾ ਰਹੀ ਹੱਡ ਭੰਨਵੀਂ ਮਿਹਨਤ ਤੇ ਓਪਰੀ ਧਰਤੀ ਤੇ ਓਪਰੇ ਲੋਕਾਂ ’ਚ ਨਿੱਤ ਦਿਹਾੜੇ ਆਉਦੀਆਂ ਨਵੀਆਂ ਮੁਸੀਬਤਾਂ ਵਾਲੀਆਂ ਗੱਲਾਂ ਸੁਣ ਕਿ ਮੇਰੇ ਵੀ ਰੌਂਗਟੇ ਖੜੇ ਹੋ ਜਾਂਦੇ ਹਨ। ਜਿਸ ਪਿੱਛੋ ਮੈਂ ਆਪਣੇ ਮੁਲਕ ਦੀਆਂ ਸਰਕਾਰਾਂ ਤੇ ਇੱਥੋਂ ਦੇ ਸਿਸਟਮ ਨੂੰ ਪਾਣੀ ਪੀ ਪੀ ਕੋਸਣ ਲੱਗਦਾ ਹਾਂ, ਤੇ ਮਨ ਹੀ ਮਨ ’ਚ ਸੋਚਦਾ ਹਾ ਕਿ ਕਾਸ਼ ! ਸਾਡੇ ਮੁਲਕ ’ਚ ਵੀ ਬਾਹਰਲੇ ਮੁਲਕਾਂ ਵਾਂਗ ਰੁਜ਼ਗਾਰ ਦੇ ਮੌਕੇ ਹੁੰਦੇ , ਉਥੋਂ ਦੇ ਲੋਕਾਂ ਦੀ ਤਰ੍ਹਾਂ ਸਾਡੇ ਮੁਲਕ ਦੇ ਲੋਕ ਵੀ ਨਿਯਮਾਂ ਨੂੰ ਪੂਰੀ ਤਰ੍ਹਾਂ ਮੰਨਦੇ ।
ਲੋਕਾਂ ਦਾ ਜੀਵਨ ਪੱਧਰ ਉੱਚਾ ਹੁੰਦਾ ਤੇ ਸੁੱਖ ਸਹੂਲਤਾਂ ਤਾਂ ਪੁੱਤਰਾਂ ਨੂੰ ਵਿਦੇਸ਼ਾਂ ’ਚ ਧੱਕੇ ਨਾ ਖਾਣੇ ਪੈਦੇ । ਉਹ ਵੀ ਆਪਣੇ ਮੁਲਕ ਦੀ ਨਾਗਰਿਕਤਾ ਨਾਲ ਹੀ ਜੀਵਨ ਬਸਰ ਕਰਦੇ। ਉਨਾਂ ਨੂੰ ਵੀ ਦੂਸਰੇ ਮੁਲਕਾਂ ਦੀ ਨਾਗਰਿਕਤਾ ਹਾਸਲ ਕਰਨ ਦੀ ਦੌੜ ਵਾਲੀ ਲਾਇਨ ਚ ਖਲੋਣ ਦੀ ਜਰੂਰਤ ਨਾ ਪੈੰਦੀ। ਉਹ ਵੀ ਆਪਣੇ ਮੁਲਕ ’ਚ ਰਹਿ ਕੇ ਆਪਣੇ ਮੁਲਕ ਦੀ ਤਰੱਕੀ ’ਚ ਹਿੱਸਾ ਪਾ ਸਕਦੇ। ਉਹ ਵੀ ਆਪਣੇ ਮੁਲਕ ਨੂੰ ਆਪਣਾ ਜੀਵਨ ਸਮਰਪਿਤ ਕਰਨ ’ਚ ਮਾਣ ਮਹਿਸੂਸ ਕਰਦੇ। ਉਹ ਵੀ ਕਹਿ ਸਕਦੇ ਕਿ ਸਾਡੇ ਕੋਲ ਆਪਣੇ ਮੁਲਕ (ਭਾਰਤ) ਦੀ ਨਾਗਰਿਕਤਾ ਹੈ । ਕਾਸ਼ ! ਅਜਿਹਾ ਹੁੰਦਾ ।
ਆਪਣੀ ਬੇਟੀ ਨਾਲ ਫੋਨ ਕਾਲ ਮਗਰੋਂ ਮੈਂ ਬੱਸ! ਇਹੋ ਸੋਚਾਂ ਸੋਚਦਾ ਰਹਿੰਦਾ ਹਾਂ ਕਿ ਮੇਰੇ ਵਰਗੇ ਪਤਾ ਨਹੀਂ ਕਿੰਨੇ ਲੱਖਾਂ ਕਰੋੜਾਂ ਮਾਪੇ ਆਪਣੇ ਧੀਆਂ ਪੁੱਤਰਾਂ ਦੇ ਪੀਆਰ ਹੋਣ ਦੀ ਆਸ ਲਾਈ ਬੈਠੇ ਹਨ। ਅਤੇ ਇਹ ਵੀ ਪਤਾ ਨਹੀਂ ਕਿੰਨੇ ਕੁ ਇਸ ਆਸ ਚ ਸੰਸਾਰ ਨੂੰ ਅਲਵਿਦਾ ਆਖ ਗਏ ਹੋਣਗੇ।
ਲੈਕਚਰਾਰ ਅਜੀਤ ਸਿੰਘ ਖੰਨਾ
ਮੋਬਾਇਲ :70095 29004
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ