ਜ਼ਿਲ੍ਹੇ ਅੰਦਰ ਕੋਰੋਨਾ ਦੇ 598 ਮਾਮਲੇ ਆਏ, ਪਟਿਆਲਾ ਸ਼ਹਿਰ ’ਚੋਂ ਹੀ 516 ਕੇਸ

Coronavirus Sachkahoon

ਪਟਿਆਲਾ ਦੇ ਡਿਪਟੀ ਕਮਿਸ਼ਨਰ ਵੀ ਕੋਰੋਨਾ ਦੀ ਚਪੇਟ ਵਿੱਚ ਆਏ

(ਖੁਸ਼ਵੀਰ ਸਿੰਘ ਤੂਰ) ਪਟਿਆਲਾ । ਪਟਿਆਲਾ ’ਚ ਕੋਰੋਨਾ ਦਾ ਕਹਿਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਅੱਜ ਜ਼ਿਲ੍ਹਾ ਪਟਿਆਲਾ ਅੰਦਰ ਸਭ ਤੋਂ ਵੱਧ 598 ਕੋਰੋਨਾ ਪਾਜ਼ਿਟਿਵ ਮਾਮਲੇ ਆਏ ਹਨ। ਪਟਿਆਲਾ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਸਮੇਤ ਜ਼ਿਲ੍ਹੇ ਦੇ ਕਈ ਹੋਰ ਅਧਿਕਾਰੀ ਵੀ ਪਾਜ਼ਿਟਿਵ ਪਾਏ ਗਏ ਹਨ। ਪਟਿਆਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਬੀਤੇ ਦਿਨੀਂ ਰਾਤ ਵੇਲੇ ਹੀ ਮੈਡੀਕਲ ਕਾਲਜ ਦਾ ਦੌਰਾ ਕੀਤਾ ਗਿਆ ਸੀ, ਜਦੋਂ ਉੱਥੇ ਡਾਕਟਰਾਂ ਅਤੇ ਵਿਦਿਆਰਥੀਆਂ ਦੇ ਕੋਰੋਨਾ ਪਾਜ਼ਿਟਿਵ ਪਾਏ ਜਾਣ ਦੀ ਜਾਣਕਾਰੀ ਮਿਲੀ ਸੀ।

ਪਟਿਆਲਾ ਸ਼ਹਿਰ ’ਚ ਸਭ ਤੋਂ ਵੱਧ 516, ਸਮਾਣਾ ’ਚ 11, ਨਾਭਾ ’ਚ 06, ਰਾਜਪੁਰਾ ’ਚ 04, ਬਲਾਕ ਭਾਦਸੋਂ ਤੋਂ 05, ਬਲਾਕ ਕੋਲੀ ਤੋਂ 26 ਬਲਾਕ ਕਾਲੋਮਾਜਰਾ ਤੋਂ 06, ਬਲਾਕ ਹਰਪਾਲਪੁਰ ਤੋਂ 06, ਬਲਾਕ ਸ਼ੁਤਰਾਣਾ ਤੋਂ 04 ਅਤੇ ਬਲਾਕ ਦੁਧਨਸਾਧਾਂ ਨਾਲ 14 ਕੇਸ ਸਬੰਧਤ ਹਨ। ਜ਼ਿਲ੍ਹੇ ਅੰਦਰ ਪਾਜ਼ਿਟਿਵ ਕੇਸਾਂ ਦੀ ਗਿਣਤੀ 50473 ਹੋ ਗਈ ਹੈ ਜਦਕਿ ਐਕਟਿਵ ਕੇਸਾਂ ਦੀ ਗਿਣਤੀ 1431 ’ਤੇ ਪੁੱਜ ਗਈ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅੱਜ 2604 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜ਼ਿਲ੍ਹੇ ਵਿੱਚ ਕੋਵਿਡ ਜਾਂਚ ਸਬੰਧੀ 11,05,491 ਸੈਂਪਲ ਲਏ ਜਾ ਚੁੱਕੇ ਹਨ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਅੱਜ ਜਿਲ੍ਹੇ ਵਿੱਚ ਟੀਕਾਕਰਨ ਕੈਂਪਾਂ ਵਿੱਚ 12411 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ ਜਿਸ ਵਿੱਚ 15 ਤੋਂ 18 ਸਾਲ ਤੱਕ ਦੇ ਕੋਵਿਡ ਟੀਕਾਕਰਨ ਕਰਵਾਉਣ ਵਾਲੇ ਬੱਚਿਆਂ ਦੀ ਗਿਣਤੀ 484 ਹੈ।

ਤਿੰਨ ਦਿਨਾਂ ’ਚ ਹੀ 1107 ਪਾਜ਼ਿਵਿਟ ਕੇਸ ਆਏ

ਪਟਿਆਲਾ ਅੰਦਰ ਤਿੱਗਣੀ ਰਫ਼ਤਾਰ ਨਾਲ ਪਾਜ਼ਿਟਿਵ ਕੇਸ ਵਧ ਰਹੇ ਹਨ। ਤਿੰਨ ਦਿਨਾਂ ਵਿੱਚ ਹੀ ਪਾਜ਼ਿਟਿਵ ਕੇਸਾਂ ਦੀ ਗਿਣਤੀ 1107 ’ਤੇ ਪੁੱਜ ਗਈ ਹੈ। ਪਟਿਆਲਾ ਪੰਜਾਬ ਅੰਦਰੋਂ ਹਾਟਸਪਾਟ ਬਣ ਕੇ ਸਾਹਮਣੇ ਆਇਆ ਹੈ। 3 ਜਨਵਰੀ ਨੂੰ 143 ਮਾਮਲੇ ਆਏ ਸਨ ਜਦਕਿ 4 ਜਨਵਰੀ ਨੂੰ 366 ਮਾਮਲੇ ਆ ਗਏ। ਅੱਜ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ 598 ਮਾਮਲੇ ਆਏ ਹਨ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਚੌਕਸ ਕੀਤਾ ਗਿਆ ਹੈ।

ਐਸਡੀਐਮ ਸਮਾਣਾ ਸਣੇ 13 ਕੋਰੋਨਾ ਪਾਜ਼ਿਟਿਵ ਆਏ

(ਸੁਨੀਲ ਚਾਵਲਾ) ਸਮਾਣਾ। ਸਮਾਣਾ ’ਚ ਵੀ ਕੋਰੋਨਾ ਦਾ ਕਹਿਰ ਵਧਣ ਲੱਗਾ ਹੈ। ਐਸਡੀਐਮ ਸਮਾਣਾ ਸਮੇਤ 13 ਜਣੇ ਕੋਰੋਨਾ ਪਾਜ਼ਿਟਿਵ ਆਏ ਹਨ। ਹੁਣ ਤੱਕ ਸਿਵਲ ਹਸਪਤਾਲ ਸਮਾਣਾ ਦੇ 2 ਡਾਕਟਰਾਂ,3 ਨਰਸਾਂ ਸਣੇ ਕੁੱਲ 12 ਮੁਲਾਜ਼ਮ ਕੋਰੋਨਾ ਪਾਜ਼ਿਟਿਵ ਆਏ ਹਨ। ਸਿਵਲ ਹਸਪਤਾਲ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਐਸਡੀਐਮ ਸਮਾਣਾ ਦੇ ਰੈਪਿਡ ਟੈਸਟਿੰਗ ਵਿੱਚ ਪਾਜ਼ਿਟਿਵ ਆਉਣ ’ਤੇ ਉਨ੍ਹਾਂ ਨੂੰ 10 ਦਿਨਾਂ ਲਈ ਹੋਮ ਆਈਸੋਲੇਟ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦਾ ਕੋਰੋਨਾ ਟੈਸਟ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਹੁਣ ਤੱਕ 17 ਲੋਕਾਂ ਨੂੰ ਹੋਮ ਆਈਸੋਲੇਟ ਕੀਤਾ ਗਿਆ ਹੈ। ਐਸਐਮਓ ਸਮਾਣਾ ਡਾ.ਆਸ਼ੀਮਾ ਵੋਹਰਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਮਾਰੀ ਤੋਂ ਬਚਾਅ ਲਈ ਸਾਵਧਾਨੀ ਤੋਂ ਕੰਮ ਲੈਣ ਤੇ ਮਾਸਕ ਪਾ ਕੇ ਰੱਖਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ