ਪਿਛਲੇ 6 ਦਸੰਬਰ ਨੂੰ ਕੀਤਾ ਗਿਆ ਸੀ ਇਲੈਕਸ਼ਨ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਦਾ ਐਲਾਨ
- ਪ੍ਰਤਾਪ ਬਾਜਵਾ ਖ਼ੁਦ ਇਕੱਲੇ ਕਿਸ ਨਾਲ ਕਰਨ ਮੀਟਿੰਗ, ਨਹੀਂ ਆ ਰਿਹੈ ਉਨ੍ਹਾਂ ਨੂੰ ਸਮਝ
(ਅਸ਼ਵਨੀ ਚਾਵਲਾ) ਚੰਡੀਗੜ੍। ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਸਿਰ ’ਤੇ ਹੈ ਅਤੇ ਹਰ ਪਾਰਟੀ ਵੱਲੋਂ ਚੋਣਾਂ ਵਿੱਚ ਉੱਤਰਨ ਤੋਂ ਪਹਿਲਾਂ ਆਪਣੀ ‘ਇਲੈਕਸ਼ਨ ਮੈਨੀਫੈਸਟੋ ਕਮੇਟੀ’ ਦਾ ਗਠਨ ਕਰਕੇ ਉਨ੍ਹਾਂ ਨੂੰ ਤਿਆਰੀ ਕਰਨ ਵਿੱਚ ਲਾ ਦਿੱਤਾ ਗਿਆ ਹੈ ਤਾਂ ਕਿ ਵਾਅਦੇ ਕਰਦੇ ਹੋਏ ਆਮ ਜਨਤਾ ਤੋਂ ਵੋਟ ਪ੍ਰਾਪਤ ਕਰ ਸਕਣ। ਇਸ ਲਾਈਨ ’ਤੇ ਚੱਲਦੇ ਹੋਏ ਕਾਂਗਰਸ ਪਾਰਟੀ ਵੱਲੋਂ ਵੀ 6 ਦਸੰਬਰ ਨੂੰ ‘ਇਲੈਕਸ਼ਨ ਮੈਨੀਫੈਸਟੋ ਕਮੇਟੀ’ ਦਾ ਚੇਅਰਮੈਨ ਪ੍ਰਤਾਪ ਸਿੰਘ ਬਾਜਵਾ ਨੂੰ ਲਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਟੀਮ ਜਲਦ ਹੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਇਲੈਕਸ਼ਨ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਲਾਏ ਨੂੰ 1 ਮਹੀਨੇ ਦੇ ਕਰੀਬ ਸਮਾਂ ਹੋ ਗਿਆ ਹੈ, ਪਰ ਪਾਰਟੀ ਵੱਲੋਂ ਹੁਣ ਤੱਕ ਉਨ੍ਹਾਂ ਟੀਮ ਹੀ ਨਹੀਂ ਦਿੱਤੀ ਗਈ ਹੈ, ਇਸ ਲਈ ਪ੍ਰਤਾਪ ਸਿੰਘ ਬਾਜਵਾ ਨੂੰ ਹੀ ਸਮਝ ਨਹੀਂ ਆ ਰਿਹਾ ਹੈ ਕਿ ਉਹ ਇਲੈਕਸ਼ਨ ਮੈਨੀਫੈਸਟੋ ਕਮੇਟੀ ਦੀ ਮੀਟਿੰਗ ਇਕੱਲੇ ਕਰਨ ਜਾਂ ਫਿਰ ਉਨ੍ਹਾਂ ਨੂੰ ਟੀਮ ਮਿਲੇਗੀ।
ਇਸ ਤਰ੍ਹਾਂ ਦੇ ਕਈ ਸੁਆਲ ਉੱਠ ਰਹੇ ਹਨ ਪਰ ਕਾਂਗਰਸ ਪਾਰਟੀ ਜਾਂ ਫਿਰ ਖੁਦ ਪ੍ਰਤਾਪ ਸਿੰਘ ਬਾਜਵਾ ਇਨ੍ਹਾਂ ਸੁਆਲਾਂ ਦੇ ਜੁਆਬ ਦੇਣ ਨੂੰ ਹੀ ਤਿਆਰ ਨਹੀਂ। ਚੇਅਰਮੈਨ ਬਣਨ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਕਮਰ ਕੱਸ ਲਈ ਸੀ ਕਿ ਹੁਣ ਉਨ੍ਹਾਂ ਨੂੰ ਕਾਫ਼ੀ ਜ਼ਿਆਦਾ ਵੱਡੀ ਜਿੰਮੇਵਾਰੀ ਸੌਂਪੀ ਗਈ ਹੈ ਅਤੇ ਕਾਫ਼ੀ ਜ਼ਿਆਦਾ ਕੰਮ ਕਰਨਾ ਪਵੇਗਾ। ਇਸ ਲਈ ਉਹ ਚੰਡੀਗੜ੍ਹ ਸਥਿਤ ਕਾਂਗਰਸ ਭਵਨ ਵਿਖੇ ਵੀ ਕਈ ਵਾਰ ਪੁੱਜੇ ਪਰ ਉਹ ਆਪਣੀ ਇਲੈਕਸ਼ਨ ਮੈਨੀਫੈਸਟੋ ਕਮੇਟੀ ਦੀ ਮੀਟਿੰਗ ਹੀ ਨਹੀਂ ਕਰ ਸਕੇ, ਕਿਉਂਕਿ ਕਮੇਟੀ ਦੇ ਨਾਅ ’ਤੇ ਸਿਰਫ਼ ਉਨ੍ਹਾਂ ਨੂੰ ਚੇਅਰਮੈਨ ਲਾਇਆ ਗਿਆ ਹੈ ਅਤੇ ਕਮੇਟੀ ਵਿੱਚ ਹੁਣ ਤੱਕ ਇੱਕ ਵੀ ਮੈਂਬਰ ਦੀ ਤੈਨਾਤੀ ਨਹੀਂ ਕੀਤੀ ਗਈ ਹੈ।
ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਚੇਅਰਮੈਨ ਲਾਉਣ ਤੋਂ ਇਲਾਵਾ ਕਈ ਸੀਨੀਅਰ ਕਾਂਗਰਸੀ ਲੀਡਰਾਂ ਨੂੰ ਮੈਂਬਰ ਬਣਾਇਆ ਗਿਆ ਸੀ ਅਤੇ ਦਿੱਲੀ ਤੋਂ ਡਾ. ਮਨਮੋਹਨ ਸਿੰਘ ਵੱਲੋਂ ਚੋਣ ਮਨੋਰਥ ਪੱਤਰ ਤਿਆਰ ਕੀਤਾ ਗਿਆ। ਪਿਛਲੀ ਵਾਰ ਦੀ ਕਮੇਟੀ ਨੂੰ ਦੇਖਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੂੰ ਆਸ ਸੀ ਕਿ ਉਨ੍ਹਾਂ ਨੂੰ ਵੀ ਕਾਫ਼ੀ ਸੀਨੀਅਰ ਲੀਡਰਾਂ ਦੀ ਟੀਮ ਮਿਲੇਗੀ ਪਰ ਪਿਛਲੇ ਇੱਕ ਮਹੀਨੇ ਦੇ ਇੰਤਜ਼ਾਰ ਤੋਂ ਬਾਅਦ ਵੀ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ ਹੈ। ਜਿਸ ਕਾਰਨ ਪੰਜਾਬ ਵਿੱਚ ਹੁਣ ਤੱਕ ਇਲੈਕਸ਼ਨ ਮੈਨੀਫੈਸਟੋ ਤਿਆਰ ਕਰਨ ਦਾ ਕੰਮ ਵੀ ਸ਼ੁਰੂ ਨਹੀਂ ਹੋਇਆ ਹੈ।
ਇਸ ਮਾਮਲੇ ਵਿੱਚ ਦੇਰੀ ਕਿਉਂ ਹੋ ਰਹੀ ਹੈ, ਇਹ ਪੁੱਛਣ ਲਈ ਪ੍ਰਤਾਪ ਬਾਜਵਾ ਨੂੰ ਫੋਨ ਲਗਾਇਆ ਗਿਆ ਸੀ, ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ, ਜਦੋਂਕਿ ਪੰਜਾਬ ਕਾਂਗਰਸ ਦੀ ਮੀਡੀਆ ਇੰਚਾਰਜ ਅਲਕਾ ਲਾਂਬਾ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀ ਹੈ, ਇਸ ਲਈ ਜਾਣਕਾਰੀ ਲੈਣ ਤੋਂ ਬਾਅਦ ਹੀ ਕੁਝ ਕਹਿ ਸਕਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ