ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਸੱਤਵੀਂ ਸੂਚੀ ਜਾਰੀ,  5 ਉਮੀਦਵਾਰ ਐਲਾਨੇ

app

 ਆਪ ਵੱਲੋਂ ਹੁਣ ਤੱਕ ਕੁੱਲ101 ਉਮੀਦਵਾਰਾਂ ਦਾ ਕੀਤਾ ਐਲਾਨ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਤੜਾ-ਤੜ ਐਲਾਨ ਕਰ ਰਹੀ ਹੈ। ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ 7ਵੀਂ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਆਪ ਨੇ 5 ਉਮੀਦਵਾਰਾਂ ਦਾ ਐਲਾਨ ਕੀਤਾ ਹੈ।  ਜਿਸ ਵਿੱਚ ਦੋ ਦਿਨ ਪਹਿਲਾਂ ਪਾਰਟੀ ਵਿੱਚ ਸ਼ਾਮਲ ਹੋਏ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੂੰ ਮਜੀਠਾ ਵਿਧਾਨ ਸਭਾ ਤੋਂ ਟਿਕਟ ਦਿੱਤੀ ਗਈ ਹੈ। ਅਕਾਲੀ ਦਲ ਦੇ ਬਿਕਰਮ ਮਜੀਠੀਆ ਇੱਥੋਂ ਦੇ ਵਿਧਾਇਕ ਹਨ। ਪਿਛਲੀ ਵਾਰ ਲਾਲੀ ਮਜੀਠੀਆ ਨੇ ਇੱਥੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜੀ ਸੀ।

ਇਸ ਤੋਂ ਇਲਾਵਾ ਸਾਬਕਾ ਸੰਸਦ ਮੈਂਬਰ ਸਾਧੂ ਸਿੰਘ ਦੀ ਬੇਟੀ ਡਾ. ਬਲਜੀਤ ਕੌਰ ਨੂੰ ਵੀ ਮਲੋਟ ਤੋਂ ਟਿਕਟ ਦਿੱਤੀ ਗਈ ਹੈ। ਇਨਾਂ ਤੋਂ ਇਲਾਵਾ ਡਾ. ਅਜੇ ਗੁਪਤਾ ਨੂੰ ਅੰਮ੍ਰਿਤਸਰ ਸੈਂਟਰਲ, ਜਲੰਧਰ ਛਾਉਣੀ ਤੋਂ ਸੁਰਿੰਦਰ ਸਿੰਘ ਸੋਢੀ ਤੇ ਤਰਨਤਾਰਨ ਤੋਂ ਡਾ. ਕਸ਼ਮੀਰ ਸਿੰਘ ਸੋਹਲ ਨੂੰ ਟਿਕਟ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਨੇ ਹੁਣ ਤੱਕ ਆਪਣੇ 101 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਆਪ ਪਾਰਟੀ ਉਮੀਦਵਾਰ ਐਲਾਨਣ ’ਚ ਸਾਰੀਆਂ ਪਾਰਟੀਆਂ ਤੋਂ ਉੱਪਰ ਚੱਲ ਰਹੀ ਹੈ।

ਇਸ ਤੋਂ ਪਹਿਲਾਂ ਪਾਰਟੀ ਨੇ ਪਹਿਲੀ ਸੂਚੀ ’ਚ 10, ਦੂਜੀ ਸੂਚੀ ’ਚ 40, ਤੀਜੀ ਸੂਚੀ ’ਚ 18, ਚੌਥੀ ਸੂਚੀ ’ਚ 15, ਪੰਜਵੀਂ ਸੂਚੀ ’ਚ 15, ਛੇਵੀਂ ਸੂਚੀ ’ਚ 8 ਤੇ ਹੁਣ ਸੱਤਵੀਂ ਸੂਚੀ ’ਚ 5  ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੁਣ ਤੱਕ ਪਾਰਟੀ ਵੱਲੋਂ ਕੁੱਲ 101 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ