ਮੋਹਿਤ ਗੁਪਤਾ ਤੇ ਸਾਥੀਆਂ ਖਿਲਾਫ਼ ਆਈਜੀ ਨੂੰ ਦਿੱਤੀ ਸ਼ਿਕਾਇਤ

harchan barar

ਐਡਵੋਕੇਟ ਕੇਵਲ ਬਰਾੜ ਤੇ ਹਰਚਰਨ ਸਿੰਘ ਇੰਸਾਂ ਨੇ ਕੀਤੀ ਸ਼ਿਕਾਇਤ

(ਸੱਚ ਕਹੂੰ ਨਿਊਜ਼) ਬਠਿੰਡਾ। ਡੇਰਾ ਸੱਚਾ ਸੌਦਾ ਨਾਲ ਸਬੰਧਿਤ ਮਾਮਲਿਆਂ ’ਚ ਐਡਵੋਕੇਟ ਕੇਵਲ ਸਿੰਘ ਬਰਾੜ ਅਤੇ 45 ਮੈਂਬਰ ਪੰਜਾਬ ਹਰਚਰਨ ਸਿੰਘ ਇੰਸਾਂ ਖਿਲਾਫ਼ ਸੋਸ਼ਲ ਮੀਡੀਆ ਰਾਹੀਂ ਨਿੱਜੀ ਟਿੱਪਣੀਆਂ ਕਰਨ ਵਾਲੇ ਇੱਕ ਗਰੁੱਪ ਖਿਲਾਫ਼ ਉਪਰੋਕਤ ਦੋਵਾਂ ਵਿਅਕਤੀਆਂ ਵੱਲੋਂ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਆਈਜੀ ਬਠਿੰਡਾ ਪੁਲਿਸ ਰੇਂਜ ਜਸਕਰਨ ਸਿੰਘ ਅਤੇ ਆਈਜੀ ਫਰੀਦਕੋਟ ਰੇਂਜ ਨੂੰ ਸ਼ਿਕਾਇਤ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸ਼ਿਕਾਇਤ ਕਰਤਾ ਨੇ ਇਹ ਵੀ ਮੰਗ ਕੀਤੀ ਕਿ ਗੁੰਮਰਾਹਕੁੰਨ ਪ੍ਰਚਾਰ ਕਰਨ ਵਾਲੇ ਗਰੁੱਪ ਦੇ ਪਿੱਛੇ ਕੌਣ ਹੈ ਤੇ ਕਿੱਥੋਂ ਉਨ੍ਹਾਂ ਨੂੰ ਫੰਡਿੰਗ ਹੋ ਰਹੀ ਹੈ ਉਸ ਦੀ ਮੁਕੰਮਲ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਕੇਵਲ ਸਿੰਘ ਬਰਾੜ ਨੇ ਦੱਸਿਆ ਕਿ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਉਹ ਵਿਸ਼ਵ ਭਰ ’ਚ ਸਮਾਜ ਸੇਵੀ ਸੰਸਥਾ ਵਜੋਂ ਜਾਣੀ ਜਾਂਦੀ ਸੰਸਥਾ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ। ਪੇਸ਼ੇ ਵਜੋਂ ਵਕੀਲ ਹੋਣ ਦੇ ਨਾਤੇ ਉਹ ਡੇਰਾ ਸੱਚਾ ਸੌਦਾ ਨਾਲ ਸਬੰਧਿਤ ਅਦਾਲਤੀ ਮਾਮਲਿਆਂ ’ਚ ਵਕੀਲ ਦੀ ਭੂਮਿਕਾ ਵੀ ਨਿਭਾਉਂਦਾ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਇਸ ਕਾਰਜ਼ ਤੋਂ ਖਿਝਦਿਆਂ ਕੁੱਝ ਵਿਅਕਤੀ ਜਿੰਨ੍ਹਾਂ ’ਚ ਮੋਹਿਤ ਗੁਪਤਾ, ਸੰਜੀਵ ਝਾਅ, ਵੀਰਪਾਲ ਕੌਰ, ਅਸ਼ੋਕ ਕੁਮਾਰ, ਅਵਤਾਰ ਸਿੰਘ ਅਤੇ ਰਣਜੀਤ ਸਿੰਘ ਸੋਸ਼ਲ ਮੀਡੀਆ ਰਾਹੀਂ ਨਿੱਜੀ ਹਮਲੇ ਕਰਕੇ ਕੁਮੈਂਟਬਾਜ਼ੀ ਕਰਦੇ ਹਨ।

ਐਡਵੋਕੇਟ ਬਰਾੜ ਨੇ ਦੱਸਿਆ ਕਿ ਉਨ੍ਹਾਂ ਇਸ ਮਾਮਲੇ ਦੇ ਸਬੰਧ ’ਚ ਆਈਜੀ ਪੁਲਿਸ ਰੇਂਜ ਬਠਿੰਡਾ ਜਸਕਰਨ ਸਿੰਘ ਨੂੰ ਸ਼ਿਕਾਇਤ ਸੌਂਪ ਕੇ ਮੰਗ ਕੀਤੀ ਹੈ ਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਜਦੋਂ-ਜਦੋਂ ਵੀ ਉਸਨੇ ਵਕੀਲ ਹੋਣ ਦੇ ਨਾਤੇ ਡੇਰਾ ਸੱਚਾ ਸੌਦਾ ਦੇ ਮਾਮਲਿਆਂ ਦੀ ਪੈਰਵਾਈ ਕਰਦਿਆਂ ਮੀਡੀਆ ਨਾਲ ਗੱਲਬਾਤ ਕੀਤੀ ਹੈ ਉਪਰੋਕਤ ਵਿਅਕਤੀਆਂ ਦੇ ਗਰੁੱਪ ਨੇ ਉਨਾਂ ਦਿਨਾਂ ’ਚ ਹੀ ਉਸ ’ਤੇ ਨਿੱਜੀ ਹਮਲੇ ਸੋਸ਼ਲ ਮੀਡੀਆ ’ਤੇ ਕੀਤੇ। ਬਰਾੜ ਨੇ ਖਦਸ਼ਾ ਜਤਾਇਆ ਕਿ ਮਿਥ ਕੇ ਉਨਾਂ ਦਿਨਾਂ ’ਚ ਹੀ ਉਸ ਖਿਲਾਫ਼ ਅਜਿਹੀਆਂ ਕਾਰਵਾਈਆਂ ਨੂੰ ਸੋਸ਼ਲ ਮੀਡੀਆ ’ਤੇ ਅੰਜਾਮ ਦੇਣ ਦਾ ਇੱਕੋ ਟੀਚਾ ਹੋ ਸਕਦਾ ਹੈ ਕਿ ਉਸਨੂੰ ਮਾਮਲਿਆਂ ਦੀ ਪੈਰਵਾਈ ਤੋਂ ਪਿਛਾਂਹ ਕੀਤਾ ਜਾ ਸਕੇ। ਹਰਚਰਨ ਸਿੰਘ ਇੰਸਾਂ ਨੇ ਦੱਸਿਆ ਕਿ ਡੇਰਾ ਉਹ ਸੱਚਾ ਸੌਦਾ ਵੱਲੋਂ ਕੀਤੇ ਜਾਂਦੇ ਮਾਨਵਤਾ ਭਲਾਈ ਕਾਰਜ਼ਾਂ ਲਈ ਸਾਧ-ਸੰਗਤ ਨੂੰ ਸਹਿਯੋਗ ਦਿੰਦੇ ਹਨ ਪਰ ਜਾਪਦਾ ਹੈ ਕਿ ਉਪਰੋਕਤ ਵਿਅਕਤੀਆਂ ਨੂੰ ਹੁਣ ਭਲਾਈ ਦੇ ਕਾਰਜ਼ ਵੀ ਚੰਗੇ ਨਹੀਂ ਲੱਗਦੇ ਇਸ ਕਰਕੇ ਉਸਦੇ ਖਿਲਾਫ਼ ਵੀ ਸ਼ੋਸ਼ਲ ਮੀਡੀਆ ’ਤੇ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ।

ਉਹਨਾਂ ਆਖਿਆ ਕਿ ਇਹ ਲੋਕ ਸਾਧ-ਸੰਗਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਸਭ ਨਾਕਾਮ ਹੋ ਰਹੀਆਂ ਹਨ ਸਾਧ-ਸੰਗਤ ਪੂਰੀ ਤਰ੍ਹਾਂ ਇਕਜੁਟ ਹੈ ਉਨ੍ਹਾਂ ਦੱਸਿਆ ਕਿ ਐਡਵੋਕੇਟ ਬਰਾੜ ਸਮੇਤ ਉਨ੍ਹਾਂ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਆਪਣੀ-ਆਪਣੀ ਸ਼ਿਕਾਇਤ ਸੌਂਪਦਿਆਂ ਮੰਗ ਕੀਤੀ ਹੈ ਕਿ ਸੋਸ਼ਲ ਮੀਡੀਆ ਰਾਹੀਂ ਗਰੁੱਪ ਬਣਾ ਕੇ ਗੁੰਮਰਾਹਕੁੰਨ ਪ੍ਰਚਾਰ ਕਰਨ ਵਾਲੇ ਉਪਰੋਕਤ ਵਿਅਕਤੀਆਂ ਖਿਲਾਫ਼ 295 ਏ/153-ਏ/499/506 /120 ਬੀ / 121 ਏ /124 ਏ ਆਈਪੀਸੀ ਅਤੇ ਸੈਕਸਨ ਯੂ/ਐਸ 67 ਤਹਿਤ ਕਾਰਵਾਈ ਕੀਤੀ ਜਾਵੇ ।

ਫੇਸਬੁੱਕ ਸੀਈਓ ਖਿਲਾਫ਼ ਵੀ ਕੀਤੀ ਸ਼ਿਕਾਇਤ

ਐਡਵੋਕੇਟ ਕੇਵਲ ਸਿੰਘ ਬਰਾੜ ਨੇ ਦੱਸਿਆ ਕਿ ਉਨਾਂ ਨੇ ਇਸ ਮਾਮਲੇ ਦੇ ਸਬੰਧ ’ਚ ਕਈ ਵਾਰ ਫੇਸਬੁੱਕ ਦੇ ਭਾਰਤ ਸਥਿਤ ਦਫ਼ਤਰਾਂ ਨੂੰ ਵੀ ਲਿਖਤੀ ਤੌਰ ’ਤੇ ਸੂਚਿਤ ਕੀਤਾ ਗਿਆ ਸੀ ਕਿ ਜੋ ਗਰੁੱਪ ਨਾ ਤਾਂ ਸਿਆਸੀ ਹੈ, ਨਾ ਗੈਰ ਸਿਆਸੀ ਅਤੇ ਨਾ ਹੀ ਸਮਾਜਿਕ ਅਤੇ ਵਪਾਰਕ ਗਰੁੱਪ ਹੈ ਫਿਰ ਉਸ ਨੂੰ ਫੇਸਬੁੱਕ ’ਤੇ ਬੰਦ ਕਿਉਂ ਨਹੀਂ ਕੀਤਾ ਜਾਂਦਾ। ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜ਼ੂਦ ਵੀ ਉਨਾਂ ਦੀ ਸ਼ਿਕਾਇਤ ਦਾ ਹੱਲ ਨਹੀਂ ਕੀਤਾ ਗਿਆ ਇਸ ਲਈ ਫੇਸਬੁੱਕ ਦੇ ਸੀਈਓ ਮਾਰਕ ਜੁਕਰਬੁਰਗ ਨੂੰ ਵੀ ਇਸ ਮਾਮਲੇ ’ਚ ਸ਼ਾਮਿਲ ਕਰਕੇ ਕਾਰਵਾਈ ਕੀਤੀ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ