ਜੰਮੂ ਕਸ਼ਮੀਰ ਵਿੱਚ ਦੋ ਵੱਖ-ਵੱਖ ਮੁਕਾਬਲਿਆਂ ਵਿੱਚ ਛੇ ਅੱਤਵਾਦੀ ਮਾਰੇ ਗਏ
ਸ਼੍ਰੀਨਗਰ। ਜੈਸ਼-ਏ-ਮੁਹੰਮਦ ਦੇ ਛੇ ਅੱਤਵਾਦੀ, ਜਿੰਨ੍ਹਾਂ ਵਿੱਚੋਂ ਦੋ ਪਾਕਿਸਤਾਨ ਦੇ ਦੱਸੇ ਜਾਂਦੇ ਹਨ ਨੂੰ ਦੱਖਣੀ ਕਸ਼ਮੀਰ ਦੇ ਅਨੰਤਨਾਗ ਅਤੇ ਕੁਲਗਾਮ ਜਿਲਿ੍ਹਆਂ ਵਿੱਚ ਇੱਕ-ਇੱਕ ਕਰ ਕੇ ਦੋ ਸੁਰੱਖਿਆ ਆਪ੍ਰੇਸ਼ਨਾਂ ਵਿੱਚ ਭਾਰਤੀ ਫੌਜ਼ ਦੇ ਜਵਾਨਾਂ ਨੇ ਮਾਰ ਦਿੱਤਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਅਨੰਤਨਾਗ ਵਿੱਚ ਹੋਈ ਮੁਕਾਬਲੇ ਵਿੱਚ ਸੈਨਾ ਦੀ ਕਾਉਂਟਰ ਇੰਸਰਜੈਂਸੀ ਯੂਨਿਟ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ ਅਤੇ ਤਿੰਨ ਹੋਰ ਸੁਰੱਖਿਆ ਕਰਮਚਾਰੀ ਵੀ ਜਖ਼ਮੀ ਹੋ ਗਏ ਹਨ। ਆਨੰਤਨਾਗ ਜਿਲ੍ਹੇ ਦੇ ਨੌਗਾਮ ਵਿੱਚ ਰਾਤ ਭਰ ਚੱਲੇ ਮੁਕਾਬਲੇ ਦੌਰਾਨ ਜੈਸ਼-ਏ-ਮੁਹੰਮਦ ਦੇ ਤਿੰਨ ਅੱਤਵਾਦੀ ਮਾਰੇ ਗਏ ਅਤੇ ਭਾਰਤੀ ਫੌਜ਼ ਦਾ ਇੱਕ ਜਵਾਨ ਵੀ ਸ਼ਹੀਦ ਹੋ ਗਿਆ।
ਮੁਕਾਬਲਾ ਉਸ ਸਮੇਂ ਸ਼ੁਰੂ ਹੋਈ ਜਦੋਂ ਇਲਾਕੇ ਵਿੱਚ ਅੱਤਵਾਦੀਆਂ ਦੀ ਮੌਜ਼ੂਦਗੀ ਦੀ ਸੂਚਨਾ ਤੋਂ ਬਾਅਦ ਪੁਲਿਸ, ਸੈਨਾ ਅਤੇ ਸੀਆਰਪੀਐਫ਼ ਦੀ ਇੱਕ ਸਾਂਝੀ ਟੀਮ ਨੇ ਤਲਾਸ਼ੀ ਮੁਹਿੰਮ ਚਲਾਈ। ਇੱਕ ਸੁਰੱਖਿਆ ਅਧਿਕਾਰੀ ਨੇ ਦੱਸਿਆ, ‘‘ਰਾਤ ਦੇ ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦੇ ਤਿੰਨ ਅੱਤਵਾਦੀ ਮਾਰੇ ਗਏ ਅਤੇ ਸਾਡਾ ਇੱਕ ਜਵਾਨ ਵੀ ਸ਼ਹੀਦ ਹੋ ਗਿਆ ਹੈ। ਸ਼ੁਰੂਆਤੀ ਮੁਕਾਬਲੇ ਵਿੱਚ ਦੋ ਜਵਾਨ ਅਤੇ ਇੱਕ ਪੁਲਿਸ ਕਰਮਚਾਰੀ ਵੀ ਜਖ਼ਮੀ ਹੋ ਗਏ, ਜਿੰਨ੍ਹਾਂ ਨੂੰ ਸ਼੍ਰੀ ਨਗਰ ਦੇ 92 ਬੇਸ ਆਰਮੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ।
ਅਨੰਤਨਾਗ ਨੇੜੇ ਕੁੱਲਗਾਮ ਜਿਲ੍ਹੇ ਵਿੱਚ ਬੀਤੀ ਸ਼ਾਮ ਇੱਕ ਸੰਖੇਪ ਮੁਕਾਬਲੇ ਵਿੱਚ ਇੱਕ ਪਾਕਿਸਤਾਨੀ ਸਮੇਤ ਜੈਸ਼-ਏ-ਮੁਹੰਮਦ ਦੇ ਤਿੰਨ ਅੱਤਵਾਦੀ ਮਾਰੇ ਗਏ। ਪੁਲਿਸ ਨੇ ਕਿਹਾ ਕਿ ਕੁਲਗਾਮ ਦੇ ਮਿਰਹਾਮਾ ਇਲਾਕੇ ਵਿੱਚ ਸੰਯੁਕਤ ਬਲਾਂ ਵੱਲੋਂ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਮੁਕਾਬਲਾ ਸ਼ੁਰੂ ਹੋਇਆ। ਸੁਰੱਖਿਆ ਬਲਾਂ ਨੇ ਕੁੱਲਗਾਮ ’ਚ ਮਾਰੇ ਗਏ ਅੱਤਵਾਦੀਆਂ ਕੋਲੋਂ ਅਮਰੀਕਾ ਦੀ ਬਣੀ ਐਮ4 ਰਾਈਫ਼ਲ ਵੀ ਬਰਾਮਦ ਕੀਤੀ ਹੈ। ਕਸ਼ਮੀਰ ਦੇ ਪੁਲਿਸ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਇੰਨ੍ਹਾਂ ਦੋ ਮੁਕਾਬਲਿਆਂ ਵਿੱਚ ਜੈਸ਼-ਏ-ਮੁਹੰਮਦ ਦੇ ਛੇ ਅੱਤਵਾਦੀਆਂ ਦੇ ਮਾਰੇ ਜਾਣ ਨੂੰ ਵੱਡੀ ਕਾਮਯਾਬੀ ਕਰਾਰ ਦਿੱਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ