ਕਾਂਗਰਸ ਵਿਧਾਇਕ ਫਤਿਹ ਜੰਗ ਬਾਜਵਾ ਤੇ ਬਲਵਿੰਦਰ ਸਿੰਘ ਲਾਡੀ ਸ਼ੇਰੋਵਾਲੀਆ ਭਾਜਪਾ ’ਚ ਸ਼ਾਮਲ
ਸੱਚ ਕਹੂੰ ਨਿਊਜ਼, ਚੰਡੀਗੜ੍ਹ।
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਕਾਂਗਰਸ ਵਿਧਾਇਕ ਅਤੇ ਰਾਜਸਭਾ ਸਾਂਸਦ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਵਿਧਾਇਕ ਫਤਹਿ ਸਿੰਘ ਬਾਜਵਾ ਤੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਭਾਜਪਾ ’ਚ ਸ਼ਾਮਲ ਹੋ ਗਏ ਹਨ। ਇਸ ਦੇ ਨਾਲ ਹੀ ਕ੍ਰਿਕਟਰ ਦਿਨੇਸ਼ ਮੋਂਗੀਆ ਵੀ ਚੰਡੀਗੜ੍ਹ ’ਚ ਬੀਜੇਪੀ ’ਚ ਸ਼ਾਮਲ ਹੋਏ। ਨਾਲ ਹੀ ਗੁਰਤੇਜ ਸਿੰਘ ਗੁਢਿਆਨ ਵੀ ਭਾਜਪਾ ’ਚ ਸ਼ਾਮਲ ਹੋ ਗਏ ਹਨ। ਉਹ ਅਕਾਲੀ ਦਲ ’ਚ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨੇ ਦਿੱਲੀ ’ਚ ਇਨ੍ਹਾਂ ਆਗੂਆਂ ਨੂੰ ਪਾਰਟੀ ’ਚ ਸ਼ਾਮਲ ਕੀਤਾ ਹੈ।
ਕੱਲ੍ਹ ਹੀ ਸ਼ਾਹ, ਕੈਪਟਨ ਅਤੇ ਢੀਂਡਸਾ ਨਾਲ ਹੋਈ ਅਹਿਮ ਮੀਟਿੰਗ
ਪੰਜਾਬ ਦੀਆਂ ਵਿਧਾਨਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ, ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਅਕਾਲੀ ਦਲ ਸੰਯੁਕਤ ਪਾਰਟੀ ਮਿਲ ਕੇ ਚੋਣਾਂ ਲੜਨਗੇ। ਸੋਮਵਾਰ ਨੂੰ ਇੱਥੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜਗਤ ਪ੍ਰਕਾਸ਼ ਨੱਡਾ, ਕੈਪਟਨ ਅਮਰਿੰਦਰ ਸਿੰਘ ਅਤੇ ਢੀਂਡਸਾ ਦਰਮਿਆਨ ਗਠਬੰਧਨ ਸਬੰਧੀ ਅਹਿਮ ਬੈਠਕ ਹੋਈ।
ਤਿੰਨੇ ਪਾਰਟੀਆਂ ਦਾ ਇੱਕ ਸੰਯੁਕਤ ਐਲਾਨ ਪੱਤਰ ਬਣੇਗਾ
ਬੈਠਕ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਭਾਜਪਾ ਪ੍ਰਧਾਨ ਗਜਿੰਦਰ ਸਿੰਘ ਸ਼ੇਖਾਵਤ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੀਟ ਵੰਡਣ ਸਬੰਧੀ ਚਰਚਾ ਹੋਈ ਹੈ। ਸੀਟਾਂ ਦੇ ਵੰਡਣ ਸਬੰਧੀ ਤਿੰਨੇ ਪਾਰਟੀਆਂ ਦੇ ਦੋ-ਦੋ ਵਿਧਾਇਕਾਂ ਦੀ ਇੱਕ ਟੀਮ ਬਣਾਈ ਜਾਵੇਗੀ। ਇਸ ਤੋਂ ਬਾਅਦ ਸੀਟਾਂ ਤੈਅ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਬੈਠਕ ’ਚ ਫੈਸਲਾ ਲਿਆ ਗਿਆ ਕਿ ਤਿੰਨੇ ਪਾਰਟੀਆਂ ਦਾ ਇੱਕ ਸੰਯੁਕਤ ਐਲਾਨ ਪੱਤਰ ਬਣੇਗਾ। ਮੰਨਿਆ ਜਾ ਰਿਹਾ ਹੈ ਕਿ ਗਠਬੰਧਨ ’ਚ ਸੀਟਾਂ ਦਾ ਵੱਡਾ ਹਿੱਸਾ ਭਾਜਪਾ ਨੂੰ ਜਾਣ ਵਾਲਾ ਹੈ। ਪਾਰਟੀ ਸੂਤਰਾਂ ਅਨੁਸਾਰ ਪਾਰਟੀ ਲੰਮੇ ਸਮੇਂ ਤੋਂ ਸਹਿਯੋਗੀ ਸ੍ਰੋਮਣੀ ਅਕਾਲੀ ਦਲ ਨਾਲ ਆਪਣੇ ਤਜ਼ਰਬੇ ਨੂੰ ਦੇਖਦੇ ਹੋਏ ਸੂਬੇ ’ਚ ਆਪਣੇ ਸੰਗਠਨ ਦਾ ਵਿਸਤਾਰ ਹੋਰ ਮਜ਼ਬੂਤ ਕਰਨਾ ਚਾਹੁੰਦੀ ਹੈ।
ਚੋਣਾਂ ਲਈ ਭਾਜਪਾ ਨੇ ਕਸੀ ਕਮਰ
ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਬੀਜੇਪੀ ਨੇ ਪੰਜਾਬ ’ਚ ਚੋਣ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਸੂਬੇ ’ਚ ਲਗਾਤਾਰ ਪਾਰਟੀ ਆਪਣਾ ਕੁਨਬਾ ਵਧਾ ਰਹੀ ਹੈ। ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਨੇ ਦਿੱਲੀ ਨਾਲ ਲੱਗੀਆਂ ਹੱਦਾਂ ’ਤੇ ਕਰੀਬ ਇੱਕ ਸਾਲ ਤੱਕ ਵਿਰੋਧ ਪ੍ਰਦਰਸਨ ਕੀਤਾ ਸੀ, ਜਿਸ ਤੋਂ ਬਾਅਦ ਸਰਕਾਰ ਨੇ ਇਨ੍ਹਾਂ ਤਿੰਨੇ ਬਿੱਲਾਂ ਨੂੰ ਵਾਪਸ ਲੈ ਲਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ।