ਕਾਂਗਰਸ ਸਥਾਪਨਾ ਦਿਵਸ: ਤਾਨਾਸ਼ਾਹੀ ਤਰੀਕੇ ਨਾਲ ਲੋਕਾਂ ਨੂੰ ਡਰਾ ਕੇ ਇਤਿਹਾਸ ਨੂੰ ਬਦਨਾਮ ਕਰਨ ਦਾ ਕੰਮ ਹੋ ਰਿਹਾ ਹੈ: ਸੋਨੀਆ
ਨਵੀਂ ਦਿੱਲੀ। (ਸੱਚ ਕੰਹੂ ਨਿਊਜ)। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸਰਕਾਰ ’ਤੇ ਹਮਲਾ ਬੋਲਦੇ ਹੋਏ ਕਿਹਾ ਕਿ ਉਹ ਤਾਨਾਸ਼ਾਹੀ ਤਰੀਕੇ ਨਾਲ ਚੱਲ ਕੇ ਇਤਿਹਾਸ ਨੂੰ ਤੋੜ-ਮਰੋੜ ਰਹੀ ਹੈ ਅਤੇ ਲੋਕਾਂ ਨੂੰ ਡਰਾ ਧਮਕਾ ਕੇ ਗੰਗਾ ਜਮੁਨਾ ਤਹਿਜ਼ੀਬ ਨੂੰ ਤਬਾਹ ਕੀਤਾ ਜਾ ਰਿਹਾ ਹੈ। ਸ੍ਰੀਮਤੀ ਗਾਂਧੀ ਨੇ ਮੰਗਲਵਾਰ ਨੂੰ ਇੱਥੇ ਕਾਂਗਰਸ ਦੇ 136ਵੇਂ ਸਥਾਪਨਾ ਦਿਵਸ ਮੌਕੇ ਵਰਕਰਾਂ ਨੂੰ ਕਿਹਾ ਕਿ ਅੱਜ ਦੇਸ਼ ਦੀ ਮਜ਼ਬੂਤ ਨੀਂਹ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਤਿਹਾਸ ਨੂੰ ਤੋੜ-ਮਰੋੜ ਕੇ ਸਾਡੀ ਵਿਰਾਸਤ ਗੰਗਾ-ਜਮੁਨਾ ਸੱਭਿਆਚਾਰ ਨੂੰ ਤਬਾਹ ਕਰਨ ਦੀ ਨਾਪਾਕ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅੱਜ ਦੇਸ਼ ਦਾ ਆਮ ਨਾਗਰਿਕ ਅਸੁਰੱਖਿਅਤ ਅਤੇ ਡਰਿਆ ਮਹਿਸੂਸ ਕਰ ਰਿਹਾ ਹੈ ਕਿਉਂਕਿ ਲੋਕਤੰਤਰ ਅਤੇ ਸੰਵਿਧਾਨ ਨੂੰ ਦਰਕਿਨਾਰ ਕਰਕੇ ਸਿਰਫ਼ ਤਾਨਾਸ਼ਾਹੀ ਹੀ ਚੱਲ ਰਹੀ ਹੈ। ਇਸ ਸਥਿਤੀ ਵਿੱਚ ਕਾਂਗਰਸ ਚੁੱਪ ਨਹੀਂ ਬੈਠੇਗੀ ਅਤੇ ਕਿਸੇ ਨੂੰ ਵੀ ਵਿਰਾਸਤ ਨੂੰ ਨਸ਼ਟ ਕਰਨ ਦੀ ਇਜ਼ਾਜਤ ਨਹੀਂ ਦੇਵੇਗੀ।
ਕਾਂਗਰਸ ਸਥਾਪਨਾ ਦਿਵਸ ਮੁਬਾਰਕ
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਆਮ ਆਦਮੀ ਅਤੇ ਲੋਕਤੰਤਰ ਦੀ ਰਾਖੀ ਲਈ ਦੇਸ਼ ਵਿਰੋਧੀ ਅਤੇ ਸਮਾਜ ਵਿਰੋਧੀ ਸਾਜ਼ਿਸਾਂ ਦਾ ਡਟ ਕੇ ਮੁਕਾਬਲਾ ਕਰੇਗੀ ਅਤੇ ਹਰ ਕੁਰਬਾਨੀ ਦੇਵੇਗੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਇਸ ਮੌਕੇ ’ਤੇ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ, ਅਸੀਂ ਕਾਂਗਰਸ ਹਾਂ-ਉਹ ਪਾਰਟੀ ਜਿਸ ਨੇ ਸਾਡੇ ਦੇਸ਼ ਵਿੱਚ ਲੋਕਤੰਤਰ ਦੀ ਸਥਾਪਨਾ ਕੀਤੀ ਅਤੇ ਸਾਨੂੰ ਇਸ ਵਿਰਾਸਤ ’ਤੇ ਮਾਣ ਹੈ। ਕਾਂਗਰਸ ਸਥਾਪਨਾ ਦਿਵਸ ਮੁਬਾਰਕ।
ਕਾਂਗਰਸ ਅਤੇ ਇਸਦੇ ਸਾਰੇ ਨੇਤਾਵਾਂ ਨੇ ਆਜ਼ਾਦੀ ਅੰਦੋਲਨ ਵਿੱਚ ਵੱਧ-ਚੜ੍ਹਕੇ ਹਿੱਸਾ ਲਿਆ
ਸ੍ਰੀਮਤੀ ਗਾਂਧੀ ਨੇ ਕਿਹਾ ਕਿ 136 ਸਾਲ ਪੁਰਾਣੀ ਕਾਂਗਰਸ ਇੱਕ ਸਿਆਸੀ ਪਾਰਟੀ ਦਾ ਨਾਮ ਨਹੀਂ ਸਗੋਂ ਇੱਕ ਅੰਦੋਲਨ ਦਾ ਨਾਮ ਹੈ। ਇਸ ਦੀ ਸਥਾਪਨਾ ਕਿੰਨ੍ਹਾਂ ਹਾਲਤਾਂ ਵਿੱਚ ਹੋਈ ਹਰ ਕੋਈ ਜਾਣਦਾ ਹੈ। ਉਹਨਾਂ ਕਿਹਾ ਕਿ ਕਾਂਗਰਸ ਅਤੇ ਇਸਦੇ ਸਾਰੇ ਆਗੂਆਂ ਨੇ ਆਜ਼ਾਦੀ ਦੇ ਅੰਦੋਲਨ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ, ਸੰਘਰਸ਼ ਕੀਤਾ, ਜੇਲ੍ਹਾਂ ਵਿੱਚ ਡੂੰਘੇ ਤਸੀਹੇ ਝੱਲੇ ਅਤੇ ਅਨੇਕਾ ਦੇਸ਼ ਭਗਤਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤਾਂ ਹੀ ਉਹਨਾਂ ਨੂੰ ਆਜ਼ਾਦੀ ਮਿਲੀ। ਆਜ਼ਾਦੀ ਤੋਂ ਬਾਅਦ ਸਾਨੂੰ ਜੋ ਭਾਰਤ ਮਿਲਿਆ, ਉਸਦੀ ਕਲਪਨਾ ਕਰਨਾ ਮੁਸ਼ਕਲ ਹੈ, ਪਰ ਬਹੁਤ ਸਮਝਦਾਰੀ ਅਤੇ ਦ੍ਰਿੜ ਇਰਾਦੇ ਨਾਲ ਸਾਡੇ ਮਹਾਨ ਨੇਤਾਵਾਂ ਨੇ ਭਾਰਤ ਦੇ ਨਵੇਂ ਨਿਰਮਾਣ ਦੀ ਇੱਕ ਮਜ਼ਬੂਤ ਨੀਂਹ ਰੱਖੀ, ਜਿਸ ’ਤੇ ਇੱਕ ਮਜ਼ਬੂਤ ਭਾਰਤ ਖੜ੍ਹਾ ਹੈ।
ਕਾਂਗਰਸ ਸੰਗਠਨ ਨੂੰ ਮਜ਼ਬੂਤ ਬਣਾਉਣਾ ਹੈ
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਅਤੇ ਇਸਦੇ ਨੇਤਾਵਾਂ ਨੇ ਇੱਕ ਅਜਿਹੇ ਭਾਰਤ ਦਾ ਨਿਰਮਾਣ ਕੀਤਾ ਜਿਸ ਵਿੱਚ ਸਾਰੇ ਦੇਸ਼ਵਾਸੀਆਂ ਦੇ ਅਧਿਕਾਰਾਂ ਅਤੇ ਹਿੱਤਾਂ ਦਾ ਧਿਆਨ ਰੱਖਿਆ ਗਿਆ ਸੀ। ਜਿਨ੍ਹਾਂ ਲੋਕਾਂ ਨੇ ਆਜ਼ਾਦੀ ਦੀ ਲਹਿਰ ਵਿੱਚ ਸ਼ਮੂਲੀਅਤ ਨਹੀਂ ਕੀਤੀ, ਉਹ ਇਸ ਦੀ ਕੀਮਤ ਨੂੰ ਕਦੇ ਨਹੀਂ ਸਮਝ ਸਕਦੇ। ਅੱਜ ਭਾਰਤ ਦੀ ਉਸ ਮਜ਼ਬੂਤ ਨੀਂਹ ਨੂੰ ਕਮਜ਼ੋਰ ਕਰਨ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, ਅੱਜ ਦੇ ਇਸ ਇਤਿਹਾਸਕ ਮੌਕੇ ’ਤੇ ਹਰੇਕ ਕਾਂਗਰਸੀ ਨੂੰ ਇਹ ਸੰਕਲਪ ਲੈਣਾ ਹੈ ਕਿ ਕਾਂਗਰਸ ਸੰਗਠਨ ਨੂੰ ਮਜ਼ਬੂਤ ਬਣਾਉਣਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ