ਮੈਟਰੋ ਸਟੇਸ਼ਨ ਦੇ ਨਾਮ ਦਾ ਵਿਰੋਧ ਕਰ ਰਿਹਾ ਵਪਾਰੀ ਆਗੂ ਹਿਰਾਸਤ ਵਿੱਚ
ਕਾਨਪੁਰ। ਉੱਤਰ ਪ੍ਰਦੇਸ਼ ਵਿੱਚ ਕਾਨਪੁਰ ਦੇ ਕਲਿਆਣਪੁਰ ਇਲਾਕੇ ਵਿੱਚ ਇੱਕ ਮੈਟਰੋ ਸਟੇਸ਼ਨ ਦਾ ਨਾਮ ਇੱਕ ਪ੍ਰਾਈਵੇਟ ਹਸਪਤਾਲ ਦੇ ਨਾਮ ’ਤੇ ਕੀਤੇ ਜਾਣ ਦਾ ਵਿਰੋਧ ਕਰ ਰਹੇ ਇੱਕ ਵਪਾਰੀ ਨੇਤਾ ਨੂੰ ਮੰਗਲਵਾਰ ਸਵੇਰੇ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਪੁਲਿਸ ਸੂਤਰਾਂ ਨੇ ਦੱਸਿਆ ਕਿ ਕਾਨਪੁਰ ਗ੍ਰਾਮੀਣ ਉਦਯੋਗ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਪਾਂਡੇ ਕਲਿਆਣਪੁਰ ਖੇਤਰ ਵਿੱਚ ਨਿੱਜੀ ਹਸਪਤਾਲ ਦੇ ਨਾਮ ‘ਤੇ ਐੱਸਪੀਐਮ ਮੈਟਰੋ ਸਟੇਸ਼ਨ ਕੀਤੇ ਜਾਣ ਦਾ ਵਿਰੋਧ ਕਾਫੀ ਸਮੇਂ ਤੋਂ ਕਰ ਰਹੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੱਥੇ ਕਾਨਪੁਰ ਮੈਟਰੋ ਦਾ ਉਦਘਾਟਨ ਕਰਨ ਜਾ ਰਹੇ ਹਨ, ਉਹਨਾਂ ਦੇ ਦੌਰੇ ਦੇ ਮੱਦੇਨਜ਼ਰ ਇਹਤਿਆਤ ਵੱਜੋਂ ਵਪਾਰੀ ਨੇਤਾ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਸੰਦੀਪ ਨੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਅਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਮੰਗ ਪੱਤਰ ਭੇਜ ਕੇ ਮੈਟਰੋ ਸਟੇਸ਼ਨ ਦਾ ਨਾਮ ਬਦਲਣ ਦੀ ਮੰਗ ਕੀਤੀ ਹੈ, ਨਾਲ ਹੀ ਪੋਸਟਕਾਰਡ ਮੁਹਿੰਮ ਵੀ ਚਲਾ ਰੱਖੀ ਹੈ। ਸੰਦੀਪ ਪਾਂਡੇ ਨੂੰ ਅੱਜ ਸਵੇਰੇ ਉਸ ਸਮੇਂ ਹਿਰਾਸਤ ਵਿੱਚ ਲੈ ਲਿਆ ਗਿਆ ਜਦੋਂ ਉਸ ਨੇ ਮੈਟਰੋ ਸਟੇਸ਼ਨ ਦਾ ਨਾਮ ਬਦਲਣ ਲਈ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਧਰਨਾ ਦੇਣ ਦਾ ਐਲਾਨ ਕੀਤਾ ਸੀ। ਇਸ ਦੌਰਾਨ ਸੰਦੀਪ ਪਾਂਡੇ ਨੇ ਕਿਹਾ ਕਿ ਉਹ ਅਜਿਹੀ ਗ੍ਰਿਫਤਾਰੀ ਤੋਂ ਡਰਨ ਵਾਲੇ ਨਹੀਂ ਹਨ ਅਤੇ ਜਦੋਂ ਤੱਕ ਐਸਪੀਐਮ ਮੈਟਰੋ ਸਟੇਸ਼ਨ ਦਾ ਨਾਮ ਨਹੀਂ ਬਦਲਿਆ ਜਾਂਦਾ ਉਦੋਂ ਤੱਕ ਉਹਨਾਂ ਦਾ ਧਰਨਾ ਜਾਰੀ ਰਹੇਗਾ।
ਗੌਰਤਲਬ ਹੈ ਕਿ ਕਲਿਆਣਪੁਰ ਬਗੀਆ ਕਰਾਸਿੰਗ ’ਤੇ ਬਣੇ ਮੈਟਰੋ ਸਟੇਸ਼ਨ ਦਾ ਨਾਮ ਇੱਕ ਨਿੱਜੀ ਹਸਪਤਾਲ ਐਸਪੀਐਮ ਦੇ ਨਾਮ ’ਤੇ ਰੱਖੇ ਜਾਣ ਕਾਰਨ ਵਪਾਰੀ ਆਗੂ ਅਤੇ ਵਪਾਰੀ ਲਗਾਤਾਰ ਇਸਦਾ ਵਿਰੋਧ ਕਰ ਰਹੇ ਹਨ। ਉਹਨਾਂ ਨੇ ਮੰਗ ਕੀਤੀ ਹੈ ਕਿ ਮੈਟਰੋ ਸਟੇਸ਼ਨ ਦਾ ਨਾਮ ਨਿੱਜੀ ਹਸਪਤਾਲ ਦੇ ਨਾਮ ਤੋਂ ਹਟਾ ਕੇ ਹਾਊਸਿੰਗ ਡਿਵੈਲਪਮੈਂਟ ਜਾਂ ਬਗੀਆ ਕਰਾਸਿੰਗ ਮੈਟਰੋ ਸਟੇਸ਼ਨ ਕੀਤਾ ਜਾਵੇ ਜਾਂ ਫਿਰ ਇਸ ਸਟੇਸ਼ਨ ਦਾ ਨਾਮ ਕਿਸੇ ਸ਼ਹੀਦ ਦੇ ਨਾਮ ’ਤੇ ਰੱਖਿਆ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ