ਓਮੀਕਰੋਨ ਹੋਇਆ ਬੇਕਾਬੂ ? ਸਰਕਾਰ ਦਾ ਅਲਰਟ, ਦਿੱਲੀ ਮਰੀਜ਼ਾਂ ਦੇ ਮਾਮਲੇ ਵਿੱਚ ਸਭ ਤੋਂ ਅੱਗੇ
ਦੇਸ਼ ਵਿੱਚ ਓਮੀਕਰੋਨ ਨਾਲ 578 ਲੋਕ ਸੰਕਰਮਿਤ
ਨਵੀਂ ਦਿੱਲੀ। (ਸੱਚ ਕੰਹੂ ਨਿਊਜ) ਦੇਸ਼ ਵਿੱਚ ਕੋਰਨਾ ਦੇ ਨਵੇਂ ਸੰਸਕਰਣ ਓਮੀਕਰੋਨ ਨਾਲ 578 ਲੋਕ ਸੰਕਰਮਿਤ ਹਨ। ਜਿਨ੍ਹਾਂ ਵਿੱਚ ਸਭ ਤੋਂ ਵੱਧ 142 ਮਾਮਲੇ ਦਿੱਲੀ ਵਿੱਚ, 141 ਮਹਾਰਾਸ਼ਟਰ ਵਿੱਚ ਅਤੇ 57 ਕੇਰਲ ਵਿੱਚ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸੋਮਵਾਰ ਨੂੰ ਇੱਥੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ 19 ਰਾਜਾਂ ਵਿੱਚ ਓਮੀਕਰੋਨ ਨਾਲ 578 ਲੋਕ ਸੰਕਰਮਿਤ ਹੋਏ ਹਨ। ਇਹਨਾਂ ਵਿੱਚ 151 ਸੰਕਰਮਣ ਤੋਂ ਠੀਕ ਹੋ ਗਏ ਹਨ। ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 29 ਲੱਖ 93 ਹਜ਼ਾਰ 283 ਕੋਵਿਡ ਟੀਕੇ ਲਗਾਏ ਗਏ ਹਨ। ਇਸਦੇ ਨਾਲ ਹੀ ਅੱਜ ਸਵੇਰੇ 7 ਵਜੇ 141 ਕਰੋੜ 70 ਲੱਖ 25 ਹਜ਼ਾਰ 654 ਕੋਵਿਡ ਟੀਕੇ ਦਿੱਤੇ ਜਾ ਚੁੱਕੇ ਹਨ।
ਕੋਵਿਡ-19 ਸੰਕਰਮਣ ਦੇ 6531 ਨਵੇਂ ਮਾਮਲੇ
ਪਿਛਲੇ 24 ਘੰਟਿਆਂ ਵਿੱਚ ਕੋਵਿਡ ਸੰਕਰਮਣ ਦੇ 6531 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਸਮੇਂ ਦੇਸ਼ ਵਿੱਚ 75 ਹਜ਼ਾਰ 841 ਕੋਵਿਡ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਹ ਸੰਕਰਮਿਤ ਮਾਮਲਿਆ ਦਾ 0.22 ਫੀਸਦੀ ਹੈ। ਇਸੇ ਮਿਆਦ ਵਿੱਚ 7141 ਲੋਕ ਕੋਵਿਡ ਤੋਂ ਮੁਕਤ ਹੋਏ ਹਨ। ਹੁਣ ਤੱਕ ਕੁਲ ਤਿੰਨ ਕਰੋੜ 42 ਲੱਖ 37 ਹਜ਼ਾਰ 495 ਲੋਕ ਕੋਵਿਡ ਤੋਂ ਠੀਕ ਹੋ ਚੁੱਕੇ ਹਨ। ਰਿਕਵਰੀ ਦਰ 98.40 ਫੀਸਦੀ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਸੱਤ ਲੱਖ 52 ਹਜ਼ਾਰ 935 ਕੋਵਿਡ ਟੈਸਟ ਕੀਤੇ ਗਏ ਹਨ। ਦੇਸ਼ ਵਿੱਚ ਕੁੱਲ 67 ਕਰੋੜ 29 ਲੱਖ 36 ਹਜ਼ਾਰ 621 ਕੋਵਿਡ ਟੈਸਟ ਕੀਤੇ ਗਏ ਹਨ।
ਦਿੱਲੀ ਵਿੱਚ ਲੱਗਿਆ ਰਾਤ ਦਾ ਕਰਫਿਊ
ਦਿੱਲੀ ਸਰਕਾਰ ਨੇ ਕਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਛੇ ਘੰਟਿਆਂ ਲਈ ਰਾਤ ਦਾ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਇੱਥੇ ਸੋਮਵਾਰ ਤੋਂ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਦਿੱਲੀ ਵਿੱਚ ਕਰੋਨਾ ਸੰਕਰਮਣ ਦੀ ਦਰ 0.5 ਪ੍ਰਤੀਸ਼ਤ ਨੂੰ ਪਾਰ ਕਰ ਗਈ, ਜੋ ਰਾਸ਼ਟਰੀ ਰਾਜਧਾਨੀ ਦਿੱਲੀ ਲਈ ਨਿਰਧਾਰਿਤ ਕਰੋਨਾ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ (ਗ੍ਰੇਪ) ਦੇ ਯੈਲੋ ਜ਼ੋਨ ਦੇ ਅਧੀਨ ਆਉਂਦਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਰਾਤ ਦਾ ਕਰਫਿਊ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਜ਼ਿਕਰਯੋਗ ਹੈ ਕੀ ਯੂਨੀਵਾਰਤਾ ਨੇ ਸ਼ਨੀਵਾਰ ਨੂੰ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਦਿੱਲੀ ਵਿੱਚ ਰਾਤ ਦਾ ਕਰਫਿਊ ਲਗਾਉਣ ਤੇ ਵਿਚਾਰ ਕੀਤਾ ਜਾ ਰਿਹਾ ਹੈ। ਯੂਨੀਵਾਰਤਾ ਨੇ ਆਪਣੀ ਰਿਪੋਰਟ ਵਿੱਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਅਗਲੇ ਦੋ ਦਿਨਾਂ ਵਿੱਚ ਦਿੱਲੀ ’ਚ ਰਾਤ ਦਾ ਕਰਫਿਊ ਲਗਾਇਆ ਜਾ ਸਕਦਾ ਹੈ। ਇਹ ਫੈਸਲਾ ਰਾਜ ਸਰਕਾਰ ਦੇ ਕੋਵਿਡ ਗ੍ਰੇਪ ਦੇ ਪਹਿਲੇ ਪੱਧਰ ਵਿੱਚ ਦਾਖਲ ਹੋਣ ਤੋਂ ਬਾਅਦ ਆਇਆ ਹੈ। ਗ੍ਰੇਪ ਵਿੱਚ ਕੋਵਿਡ-19 ਸਥਿਤੀ ਦੀ ਗੰਭੀਰਤਾ ਦੇ ਅਧਾਰ ਤੇ ਰਾਤ ਦੇ ਕਰਫਿਊ ਤੋਂ ਲੈ ਕੇ ਪੂਰਨ ਲੌਕਡਾਊਨ ਤੱਕ ਦੇ ਉਪਾਵਾਂ ਨੂੰ ਲਾਗੂ ਕਰਨਾ ਲਾਜ਼ਮੀ ਕੀਤਾ ਗਿਆ ਹੈ।
ਕਰਨਾਟਕ ਵਿੱਚ ਵੀ ਰਾਤ ਦਾ ਕਰਫਿਊ
ਕਰਨਾਟਕ ਨੇ 28 ਦਸੰਬਰ ਤੋਂ ਰਾਤ ਦਾ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਇਹ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ ਅਤੇ 10 ਦਿਨਾਂ ਤੱਕ ਜਾਰੀ ਰਹੇਗਾ। ਇਹ ਫੈਸਲਾ ਮੁੱਖ ਮੰਤਰੀ ਬਸਵਰਾਜ ਬੋਮਈ ਦੀ ਪ੍ਰਧਾਨਗੀ ਹੇਠ ਸੂਬੇ ਦੇ ਸੀਨੀਅਰ ਮੰਤਰੀਆਂ ਅਤੇ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਲਿਆ ਗਿਆ।
ਅਸਮ: ਅਸਾਮ ਦੀ ਹਿਮੰਤ ਵਿਸਵਾ ਸਰਮਾ ਸਰਕਾਰ ਨੇ ਪੂਰੇ ਰਾਜ ਵਿੱਚ ਰਾਤ ਸਾਢੇ 11 ਵਜੇ ਤੋਂ ਸਵੇਰੇ 6 ਵਜੇ ਤੱਕ ਕਰਫਿਊ ਦਾ ਐਲਾਨ ਕੀਤਾ ਹੈ। ਹਾਲਾਂਕਿ ਰਾਜ ਵਿੱਚ ਹੁਣ ਤੱਕ ਓਮੀਕਰੋਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਉੱਤਰ ਪ੍ਰਦੇਸ਼: ਉੱਤਰਪ੍ਰਦੇਸ਼ ਨੇ 25 ਦਸੰਬਰ ਤੋਂ ਹੀ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਰਾਜ ਦੀ ਯੋਗੀ ਸਰਕਾਰ ਨੇ ਵੀ ਵਿਆਹਾਂ ਵਿੱਚ ਸ਼ਾਮਲ ਹੋਣ ਲਈ ਵੱਧ ਤੋਂ ਵੱਧ 200 ਲੋਕਾਂ ਦੀ ਸੀਮਾ ਤੈਅ ਕੀਤੀ ਹੈ।
ਹਰਿਆਣਾ: ਹਰਿਆਣਾ ਸਰਕਾਰ ਨੇ ਸ਼ੁੱਕਰਵਾਰ ਨੂੰ ਹੀ ਰਾਤ ਦਾ ਕਰਫਿਊ ਲਗਾ ਦਿੱਤਾ ਸੀ। ਇਹ ਕਰਫਿਊ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ। ਇਸ ਦੇ ਨਾਲ ਹੀ ਰਾਜ ਸਰਕਾਰ ਨੇ ਕਿਸੇ ਵੀ ਜਨਤਕ ਸਮਾਗਮ ਜਾਂ ਇਵੈਂਟ ਵਿੱਚ ਹਿੱਸਾ ਲੈਣ ਲਈ ਵੱਧ ਤੋਂ ਵੱਧ 200 ਲੋਕਾਂ ਦੀ ਸੀਮਾ ਵੀ ਤੈਅ ਕੀਤੀ ਹੈ। ਇਹ ਹੁਕਮ 25 ਦਸੰਬਰ ਤੋਂ 5 ਜਨਵਰੀ 2022 ਤੱਕ ਜਾਰੀ ਕੀਤੇ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ