ਚੰਨੀ ਦਾ ਵਾਅਦਾ ਨਾ ਹੋਇਆ ਵਫਾ…

ਸਰਕਾਰੀ ਆਈ.ਡੀ. ਕਾਰਡ ਦੀ ਨਹੀਂ ਹੋਏਗੀ ਕੋਈ ‘ਅਹਿਮੀਅਤ’, ਲਾਈਨਾਂ ’ਚ ਲੱਗ ਬਨਵਾਉਣਾ ਪਏਗਾ ਐਂਟਰੀ ਪਾਸ

  • ਸਿਵਲ ਸਕੱਤਰੇਤ ’ਚ ਦਾਖ਼ਲ ਹੋਣ ਲਈ ਆਈ.ਡੀ. ਕਾਰਡ ਹੋਣ ਦੇ ਬਾਵਜੂਦ ਬਣਵਾਉਣਾ ਪਏਗਾ ਐਂਟਰੀ ਕਾਰਡ
  • ਮੇਅਰ-ਐਮ.ਸੀ ਅਤੇ ਪੰਚ-ਸਰਪੰਚਾਂ ਨੂੰ ਮਿਲਣ ਵਾਲੇ ਆਈ.ਡੀ. ਕਾਰਡ ਬਣ ਕੇ ਰਹਿ ਜਾਣਗੇ ਸ਼ੋਅ ਪੀਸ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਇੱਕ ਹੋਰ ਦਾਅਵਾ ਝੂਠਾ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ। ਪੰਜਾਬ ਦੇ ਪੰਚ ਅਤੇ ਸਰਪੰਚਾਂ ਸਣੇ ਮੇਅਰ ਤੇ ਐਮ.ਸੀ. ਨੂੰ ਮਿਲਣ ਵਾਲੇ ਸਰਕਾਰੀ ਆਈ.ਡੀ. ਕਾਰਡਾਂ ਰਾਹੀਂ ਪੰਜਾਬ ਸਿਵਲ ਸਕੱਤਰੇਤ ਅਤੇ ਮਿੰਨੀ ਸਕੱਤਰੇਤ ਵਿੱਚ ਸਿੱਧੀ ਐਂਟਰੀ ਨਹੀਂ ਹੋਏਗੀ, ਸਗੋਂ ਇਨਾਂ ਆਈ.ਡੀ. ਕਾਰਡ ਹੋਣ ਦੇ ਬਾਵਜੂਦ ਮੇਅਰ ਅਤੇ ਐਸ.ਸੀ. ਸਣੇ ਪੰਚ-ਸਰਪੰਚਾਂ ਨੂੰ ਲਾਈਨਾਂ ਵਿੱਚ ਲੱਗ ਕੇ ਹੀ ਐਂਟਰੀ ਪਾਸ ਬਣਵਾਉਣੇ ਪੈਣਗੇ। ਸਰਕਾਰ ਵੱਲੋਂ ਜਾਰੀ ਕੀਤੇ ਜਾਣ ਵਾਲੇ ਆਈ.ਡੀ. ਕਾਰਡ ਸਿਰਫ਼ ਸ਼ੋਅ ਪੀਸ ਨਜ਼ਰ ਆ ਰਹੇ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਪੰਜਾਬ ਦੇ ਐਮ.ਸੀ. ਅਤੇ ਪੰਚ ਸਰਪੰਚਾਂ ਨੂੰ ਆਈ.ਡੀ. ਕਾਰਡ ਰਾਹੀਂ ਸਿੱਧੀ ਸਕੱਤਰੇਤ ਵਿੱਚ ਐਂਟਰੀ ਮਿਲੇਗੀ।

ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਅਹੁਦਾ ਸੰਭਾਲਣ ਤੋਂ ਕੁਝ ਦਿਨਾਂ ਬਾਅਦ ਹੀ ਇਹ ਐਲਾਨ ਕਰ ਦਿੱਤਾ ਸੀ ਕਿ ਪੰਜਾਬ ਵਿੱਚ ਹੁਣ ਆਮ ਆਦਮੀ ਦੀ ਸਰਕਾਰ ਆਉਣ ਕਰਕੇ ਕਿਸੇ ਵੀ ਆਮ ਵਿਅਕਤੀ ਨੂੰ ਸਿਵਲ ਸਕੱਤਰੇਤ ਵਿੱਚ ਆਉਣ ਲਈ ਕੋਈ ਪਰੇਸ਼ਾਨੀ ਨਹੀਂ ਆਏਗੀ। ਇੱਥੋ ਤੱਕ ਆਮ ਜਨਤਾ ਦੇ ਨੁਮਾਇੰਦੇ ਐਮ.ਸੀ. ਅਤੇ ਮੇਅਰ ਤੋਂ ਲੈ ਕੇ ਪੰਚ ਸਰਪੰਚਾਂ, ਜ਼ਿਲਾ ਪਰੀਸ਼ਦ ਤੇ ਬਲਾਕ ਸਮਿਤੀ ਮੈਂਬਰਾਂ ਤੱਕ ਨੂੰ ਸਰਕਾਰ ਵਲੋਂ ਖ਼ਾਸ ਕਿਸਮ ਦਾ ਆਈ.ਡੀ. ਕਾਰਡ ਬਣਾ ਕੇ ਦਿੱਤਾ ਜਾਏਗਾ। ਜਿਸ ਨੂੰ ਦਿਖਾ ਕੇ ਸਿਵਲ ਸਕੱਤਰੇਤ ਵਿੱਚ ਉਨਾਂ ਦੀ ਐਂਟਰੀ ਹੋਵੇਗੀ ਅਤੇ ਉਹ ਅਧਿਕਾਰੀਆਂ ਸਣੇ ਮੰਤਰੀਆਂ ਨੂੰ ਵੀ ਮਿਲ ਸਕਣਗੇ। ਇਸ ਲਈ ਉਨਾਂ ਨੂੰ ਲਾਈਨਾਂ ਵਿੱਚ ਲੱਗ ਕੇ ਐਂਟਰੀ ਪਾਸ ਬਣਵਾਉਣ ਦੀ ਲੋੜ ਨਹੀਂ ਪਏਗੀ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਐਲਾਨ ਤਾਂ ਕਰ ਦਿੱਤਾ ਪਰ ਇਸ ਲਈ ਸਰਕਾਰ ਦੀ ਮਜਬੂਰੀ ਬਣ ਗਈ ਸੀ ਕਿ ਐਲਾਨ ਅਨੁਸਾਰ ਆਈ.ਡੀ. ਕਾਰਡ ਤਿਆਰ ਕੀਤੇ ਜਾਣ। ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਐਲਾਨ ਮੁਤਾਬਕ ਆਈ.ਡੀ. ਕਾਰਡ ਤਿਆਰ ਕਰਨ ਦੀ ਪ੍ਰਕਿ੍ਰਆ ਸ਼ੁਰੂ ਕਰ ਦਿੱਤੀ ਗਈ ਹੈ ਪਰ ਇਸ ਪ੍ਰਕਿਰਿਆ ਵਿੱਚ ਇਹ ਲਿਖ ਦਿੱਤਾ ਗਿਆ ਹੈ ਕਿ ਜਾਰੀ ਹੋਏ ਆਈ.ਡੀ. ਕਾਰਡ ਨੂੰ ਲੈ ਕੇ ਜਦੋਂ ਵੀ ਸਕੱਤਰੇਤ ਆਉਣਾ ਹੋਇਆ ਤਾਂ ਉਨਾਂ ਨੂੰ ਇਸ ਆਈ.ਡੀ. ਕਾਰਡ ਨੂੰ ਦਿਖਾਉਣ ਤੋਂ ਬਾਅਦ ਸਿੱਧੀ ਐਂਟਰੀ ਦੀ ਥਾਂ ’ਤੇ ਰਿਸੈਪਸ਼ਨ ’ਤੇ ਕਾਰਡ ਦਿਖਾ ਕੇ ਐਂਟਰੀ ਪਾਸ ਜਾਰੀ ਕਰਵਾਉਣਾ ਪਏਗਾ।

ਹਰ ਆਈ ਕਾਰਡ ’ਤੇ ਲੱਗੇਗੀ ਚੰਨੀ ਦੀ ਫੋਟੋ

ਪੰਜਾਬ ਸਰਕਾਰ ਵਲੋਂ ਜਾਰੀ ਹੋਣ ਵਾਲੇ ਇਨਾਂ ਆਈ.ਡੀ. ਕਾਰਡ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਫੋਟੋ ਲਗਾਈ ਜਾ ਰਹੀ ਹੈ। ਆਈ.ਡੀ. ਕਾਰਡ ਭਾਵੇਂ ਪੰਚ ਸਰਪੰਚ ਅਤੇ ਐਮ.ਸੀ. ਤੇ ਮੇਅਰ ਦਾ ਹੋਏਗਾ ਪਰ ਉਸ ਆਈ.ਡੀ. ਕਾਰਡ ’ਤੇ ਚਰਨਜੀਤ ਸਿੰਘ ਚੰਨੀ ਦੀ ਫੋਟੋ ਲਗਾਈ ਜਾਏਗੀ। ਇਸ ਲਈ ਬਕਾਇਦਾ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਲੈਟੇਸਟ ਫੋਟੋ ਹੀ ਚੰਡੀਗੜ੍ਹ ਤੋਂ ਲੈ ਕੇ ਆਈ.ਡੀ. ਕਾਰਡ ’ਚ ਲਗਾਈ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ