ਬਿਕਰਮ ਮੀਜੀਠੀਆ ਦੀ ਅਗਾਊਂ ਜਮਾਨਤ ਅਰਜ਼ੀ ਖਾਰਜ
(ਕੁਲਵੰਤ ਕੋਟਲੀ ) ਮੋਹਾਲੀ। ਐਨਡੀਪੀਐਸ ਕੇਸ ਦਾ ਸਾਹਮਣਾ ਕਰ ਰਹੇ ਅਕਾਲੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅਗਾਊਂ ਜ਼ਮਾਨਤ ਲਈ ਮੋਹਾਲੀ ਦੀ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ ਜਿਸਨੂੰ ਅਦਾਲਤ ਨੇ ਖ਼ਾਰਜ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਬਿਕਰਮ ਸਿੰਘ ਮਜੀਠੀਆ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਵੱਲੋਂ ਵੱਖ ਵੱਖ ਥਾਵਾਂ ਉਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਗ੍ਰਿਫਤਾਰੀ ਤੋਂ ਬੱਚਣ ਦੇ ਲਈ ਮਜੀਠੀਆ ਵੱਲੋਂ ਅਦਾਲਤ ਵੱਲ ਰੁਖ ਕੀਤਾ ਗਿਆ ਸੀ।
ਅਦਾਲਤ ਵਿੱਚ ਅੱਜ ਬਚਾਅ ਪੱਖ ਅਤੇ ਸਰਕਾਰੀ ਵਕੀਲਾਂ ਵਿੱਚ ਜਬਰਦਸਤ ਬਹਿਸ ਹੋਈ ਜਿਸ ਤੋਂ ਬਾਦ ਅਦਾਲਤ ਨੇ ਫੈਸਲਾ ਰਾਖਵਾਂ ਰੱਖ ਲਿਆ ਸੀ। ਦੂਜੇ ਪਾਸੇ ਸਰਕਾਰ ਵੱਲੋਂ ਵੀ ਜ਼ਮਾਨਤ ਦਾ ਵਿਰੋਧ ਕਰਨ ਦੇ ਲਈ ਆਪਣੇ ਵਕੀਲ ਖੜ੍ਹੇ ਕੀਤੇ ਗਏ ਸੀ। ਇਹ ਵੀ ਵਰਨਣਯੋਗ ਹੈ ਕਿ ਬੀਤੇ ਕੱਲ੍ਹ ਗ੍ਰਹਿ ਮੰਤਰਾਲੇ ਵੱਲੋਂ ਮਜੀਠੀਆ ਖਿਲਾਫ ਲੂਕਆਊਟ ਨੋਟਿਸ ਵੀ ਜਾਰੀ ਕੀਤਾ ਸੀ। ਕੇਸ ਦਰਜ ਹੋਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਲਗਾਤਾਰ ਰੂਪੋਸ਼ ਚੱਲ ਰਹੇ ਹਨ।
ਜਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਮੋਹਾਲੀ ਕ੍ਰਾਈਮ ਬ੍ਰਾਂਚ ਥਾਣੇ ਵਿੱਚ ਅਕਾਲੀ ਆਗੂ ਮਜੀਠੀਆ ਖਿਲਾਫ ਐਨਡੀਪੀਐਸ ਐਕਟ ਦੀ ਧਾਰਾ 25, 27ਏ, 29 ਤਹਿਤ ਕੇਸ ਦਰਜ ਕੀਤਾ ਹੈ। ਮਜੀਠੀਆ ਦੀਆਂ ਤਾਰਾਂ ਪੰਜਾਬ ਵਿੱਚ ਕੁਝ ਸਾਲ ਪਹਿਲਾਂ ਬੇਨਕਾਬ ਹੋਏ 6 ਹਜ਼ਾਰ ਕਰੋੜ ਰੁਪਏ ਦੇ ਸਿੰਥੈਟਿਕ ਡਰੱਗ ਰੈਕੇਟ ਨਾਲ ਜੁੜੀਆਂ ਹੋਈਆਂ ਹਨ।
ਮਜੀਠੀਆ ਨੂੰ ਹਾਲੇ ਤੱਕ ਨਹੀਂ ਫੜ ਸਕੀ ਪੁਲਿਸ
ਸੋਮਵਾਰ ਰਾਤ ਨੂੰ ਅਕਾਲੀ ਆਗੂ ਮਜੀਠੀਆ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਚੰਡੀਗੜ੍ਹ ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਛਾਪਾ ਮਾਰਿਆ, ਹਾਲਾਂਕਿ ਮਜੀਠੀਆ ਉਥੇ ਨਹੀਂ ਮਿਲਿਆ। ਮਜੀਠੀਆ ਉਦੋਂ ਪੰਜਾਬ ਪੁਲਿਸ ਦੀ ਸੁਰੱਖਿਆ ਛੱਡ ਫਰਾਰ ਹੋ ਗਏ ਸਨ। ਪੁਲਿਸ ਨੇ ਮਜੀਠੀਆ ਦੀ ਭਾਲ ਵਿੱਚ ਕਈ ਸੂਬਿਆਂ ਵਿੱਚ ਛਾਪੇ ਮਾਰੇ ਪਰ ਕੁਝ ਨਹੀਂ ਮਿਲਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ