ਕੈਪਟਨ ਨੇ ਸਿੱਧੂ ’ਤੇ ਕੱਸਿਆ ਵਿਅੰਗ
(ਸੱਚ ਕਹੂੰ ਨਿਊਜ਼), ਚੰਡੀਗੜ੍ਹ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਿਰੋਜ਼ਪੁਰ ਸਰਹੱਦੀ ਖੇਤਰ ‘ਚ ਡਰੋਨ ਬਰਾਮਦਗੀ ਦੇ ਬਹਾਨੇ ਪੰਜਾਬ ਕਾਂਗਰਸ ‘ਤੇ ਵੱਡਾ ਹਮਲਾ ਕੀਤਾ ਹੈ। ਕੈਪਟਨ ਨੇ ਕਿਹਾ ਕਿ ਸਾਰਾ ਦਿਨ ਭੰਗੜਾ ਪਾਉਣ ਦੀ ਬਜਾਏ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਮੁੱਖ ਮੰਤਰੀ ਨੂੰ ਆਪਣੇ ਗ੍ਰਹਿ ਮੰਤਰੀ ਨੂੰ ਸਲਾਹ ਦੇਣੀ ਚਾਹੀਦੀ ਹੈ ਕਿ ਉਹ ਸਰਗਰਮ ਰਹਿਣ ਤੇ ਇਨਕਾਰ ਕਰਨ ਵਾਲੇ ਸੁਭਾਅ ਤੋਂ ਬਾਹਰ ਆਉਣ ।
ਕੈਪਟਨ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਵੀ ਨਹੀਂ ਬਖਸ਼ਿਆ। ਕੈਪਟਨ ਨੇ ਨਵਜੋਤ ਸਿੱਧੂ ’ਤੇ ਵਿਅੰਗ ਕਸਦਿਆਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੂੰ ਨਵਜੋਤ ਸਿੱਧੂ ਨੂੰ ਇਹ ਕਹਿਣ ਲਈ ਕਿਹਾ ਕਿ ਸਿੱਧੂ ਆਪਣੇ ਵੱਡਨ ਭਰਾ ਇਮਰਾਨ ਖਾਨ ਨੂੰ ਇਹ ਗੱਲ ਕਹਿ ਦੇਣ ਕਿ ਉਹ ਸਾਡੇ ਸਰਹੱਦੀ ਸੂਬੇ ਪੰਜਾਬ ’ਚ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕਰਨਾ ਬੰਦ ਕਰ ਦੇਣ।
ਕੈਪਟਨ ਨੇ ਕਈ ਵਾਰ ਚੁੱਕਿਆ ਸੀ ਡਰੋਨ ਦਾ ਮੁੱਦਾ ਪਰ ਰੰਧਾਵਾ ਕਰਦੇ ਰਹੇ ਨਾਂਹ
ਜਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਡਰੋਨਾਂ ਰਾਹੀਂ ਪੰਜਾਬ ਵਿੱਚ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਦਾ ਮੁੱਦਾ ਕਈ ਵਾਰ ਚੁੱਕਿਆ ਹੈ। ਉਨ੍ਹਾਂ ਇਸ ਨੂੰ ਪੰਜਾਬ ਅਤੇ ਕੌਮੀ ਸੁਰੱਖਿਆ ਲਈ ਖ਼ਤਰਾ ਦੱਸਿਆ। ਹਾਲਾਂਕਿ ਜਦੋਂ ਉਨ੍ਹਾਂ ਨੂੰ ਹਟਾਇਆ ਗਿਆ ਅਤੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਗ੍ਰਹਿ ਮੰਤਰੀ ਬਣੇ ਤਾਂ ਉਹ ਇਸ ਤੋਂ ਇਨਕਾਰ ਕਰਦੇ ਰਹੇ। ਉਨ੍ਹਾਂ ਕਿਹਾ ਕਿ ਡਰੋਨ ਸਿਰਫ਼ ਕੈਪਟਨ ਦੇ ਸਮੇਂ ਹੀ ਕਿਉਂ ਆਉਂਦੇ ਸਨ, ਸਾਡੇ ਵੇਲੇ ਡਰੋਨ ਨਹੀਂ ਆਉਂਦੇ। ਹਾਲਾਂਕਿ ਉਸ ਤੋਂ ਬਾਅਦ ਵੀ ਪੰਜਾਬ ਵਿੱਚ ਡਰੋਨ ਮਿਲਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਕੈਪਟਨ ਕੌਮੀ ਸੁਰੱਖਿਆ ਸਬੰਧੀ ਵਾਰ-ਵਾਰ ਚੰਨੀ ਸਰਕਾਰ ’ਤੇ ਉਂਗਲ ਉਠਾ ਰਹੇ ਹਨ।
ਇਹ ਵੀ ਪੜ੍ਹੋ..
ਬੀਐਸਐਫ਼ ਨੇ ਕਾਬੂ ਕੀਤਾ ਪਾਕਿਸਤਾਨੀ ਡਰੋਨ
ਬੀਐਸਐਫ਼ ਨੇ ਕਾਬੂ ਕੀਤਾ ਪਾਕਿਸਤਾਨੀ ਡਰੋਨ
ਤਰਨਤਾਰਨ। ਜ਼ਿਲ੍ਹੇ ਦੀ ਭਾਰਤ ਪਾਕਿ ਸਰਹੱਦ ਅਧੀਨ ਇੱਕ ਪਿੰਡ ਨਜ਼ਦੀਕ ਬੀਤੀ ਰਾਤ ਪਾਕਿਸਤਾਨੀ ਡਰੋਨ ਵੱਲੋਂ ਦਸਤਕ ਦਿੱਤੀ ਗਈ। ਬੀਐੱਸਐੱਫ ਦੀ 103 ਬਟਾਲੀਅਨ ਵੱਲੋਂ ਹਰਕਤ ਵਿਚ ਆਉਂਦੇ ਹੋਏ ਡਰੋਨ ਨੂੰ ਸੁੱਟਣ ਲਈ ਫਾਇਰਿੰਗ ਕੀਤੀ ਗਈ। ਡਰੋਨ ਨੂੰ ਜ਼ਮੀਨ ‘ਤੇ ਡਿੱਗਣ ਉਪਰੰਤ ਬੀਐੱਸਐੱਫ ਵੱਲੋਂ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਇਸ ਤੋਂ ਬਾਅਦ ਬੀਐੱਸਐੱਫ ਵੱਲੋਂ ਇਲਾਕੇ ‘ਚ ਸਰਚ ਮੁਹਿੰਮ ਜ਼ਿਲ੍ਹਾ ਪੁਲਿਸ ਦੀ ਮਦਦ ਨਾਲ ਸ਼ੁਰੂ ਕੀਤੀ ਗਈ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੀ ਭਾਰਤ ਪਾਕਿਸਤਾਨ ਸਰਹੱਦ ਨਜ਼ਦੀਕ ਮੌਜੂਦ ਪਿੰਡ ਵਾਂ ਤਾਰਾ ਸਿੰਘ ਬੀਓਪੀ ਖਾਲੜਾ ਨਜ਼ਦੀਕ ਬੀਤੀ ਰਾਤ ਕਰੀਬ 12 ਵਜੇ ਪਿੰਡ ਵਾਸੀਆਂ ਵੱਲੋਂ ਡਰੋਨ ਦੀ ਆਵਾਜ਼ ਸੁਣਨ ਤੋਂ ਬਾਅਦ ਸਹਿਮ ਭਰਿਆ ਮਾਹੌਲ ਬਣ ਗਿਆ।
ਇਸ ਦੌਰਾਨ ਸਰਹੱਦ ‘ਤੇ ਤਾਇਨਾਤ ਬੀਐੱਸਐੱਫ ਦੀ 103 ਬਟਾਲੀਅਨ ਵੱਲੋਂ ਕੁੱਝ ਰੌਂਦ ਫਾਇਰ ਵੀ ਕੀਤੇ ਗਏ। ਕੁੱਝ ਸਮਾਂ ਬਾਅਦ ਜਦੋਂ ਡਰੋਨ ਦੀ ਆਵਾਜ਼ ਬੰਦ ਹੋ ਗਈ ਤਾਂ ਬੀਐੱਸਐੱਫ ਵੱਲੋਂ ਚਲਾਈ ਸਰਚ ਮੁਹਿੰਮ ਦੌਰਾਨ ਜਮੀਨ ‘ਤੇ ਡਿੱਗੇ ਡਰੋਨ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਬਰਾਮਦ ਕੀਤਾ ਗਿਆ ਡਰੋਨ ਕਿਸੇ ਤਕਨੀਕੀ ਕਾਰਨਾਂ ਕਰਕੇ ਜ਼ਮੀਨ ਉੱਪਰ ਡਿੱਗ ਪਿਆ ਸੀ। ਹਾਲਾਂਕਿ ਇਸ ਬਾਬਤ ਬੀਐੱਸਐੱਫ ਦਾ ਕੋਈ ਵੀ ਅਧਿਕਾਰੀ ਪੁਸ਼ਟੀ ਕਰਨ ਲਈ ਤਿਆਰ ਨਹੀਂ ਹੈ। ਦੱਸਣਯੋਗ ਹੈ ਕਿ ਸੰਘਣੀ ਧੁੰਦ ਅਤੇ ਕੋਹਰੇ ਨੂੰ ਲੈ ਭਾਰਤ ਪਾਕਿਸਤਾਨ ਸਰਹੱਦ ਵਿਖੇ ਪਾਕਿਸਤਾਨ ਵੱਲੋਂ ਡਰੋਨ ਦੀ ਆਮਦ ਪਹਿਲਾਂ ਨਾਲੋਂ ਤੇਜ਼ ਹੋਣ ਦੇ ਆਸਾਰ ਬਣ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ