ਪੱਲੇਦਾਰਾਂ ਨੇ ਵੇਅਰ ਹਾਊਸ ਦੇ ਗੋਦਾਮ ਦੇ ਗੇਟ ’ਤੇ ਕੀਤਾ ਰੋਸ ਮੁਜ਼ਾਹਰਾ

Palledars Protest Sachkahoon

ਪੱਲੇਦਾਰ ਯੂਨੀਅਨ ਵੱਲੋਂ ਚੱਲ ਰਹੀ ਹੈ ਮੁਕੰਮਲ ਹੜਤਾਲ

ਮਾਮਲਾ, ਠੇਕੇਦਾਰੀ ਸਿਸਟਮ ਬੰਦ ਕਰਕੇ ਸਿੱਧੀ ਅਦਾਇਗੀ ਦਾ

(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਸਥਾਨਕ ਸ਼ਹਿਰ ਦੀ ਪੱਲੇਦਾਰ ਯੂਨੀਅਨ ਵੱਲੋਂ ਪੰਜਾਬ ਦੀਆਂ ਸਮੂਹ ਪੱਲੇਦਾਰ ਯੂਨੀਅਨਾਂ ਦੇ ਸੱਦੇ ’ਤੇ ਅੱਜ ਸੁਨਾਮ ਦੇ ਸਰਕਾਰੀ ਗੁਦਾਮ ਪੰਜਾਬ ਰਾਜ ਗੁਦਾਮ ਨਿਗਮ ਵੇਅਰ ਹਾਊਸ ਦੇ ਗੇਟ ’ਤੇ ਰੋਸ ਮੁਜ਼ਾਹਰਾ ਕੀਤਾ। ਇਹ ਰੋਸ ਮੁਜ਼ਾਹਰਾ ਯੂਨੀਅਨ ਦੇ ਪ੍ਰਧਾਨ ਬਲਦੀਪ ਸਿੰਘ ਅਤੇ ਨਰੈਣ ਸਿੰਘ ਸੈਕਟਰੀ ਦੀ ਅਗਵਾਈ ਵਿਚ ਕੀਤਾ ਗਿਆ। ਇਸ ਮੌਕੇ ਸੂਬਾ ਕਮੇਟੀ ਮੈਂਬਰ ਬੁਲਾਰੇ ਮੇਵਾ ਸਿੰਘ ਬਾਸੀਅਰਕ ਵਿਸ਼ੇਸ਼ ਤੌਰ ’ਤੇ ਪਹੁੰਚੇ।

ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਪੰਜਾਬ ਦੀਆਂ ਫੂਡ ਏਜੰਸੀਆਂ ਵਿੱਚੋਂ ਠੇਕੇਦਾਰੀ ਸਿਸਟਮ ਖਤਮ ਕਰਕੇ ਪੱਲੇਦਾਰ ਮਜ਼ਦੂਰਾਂ ਨੂੰ ਸਿੱਧਾ ਭੁਗਤਾਨ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੰਜਾਬ ਦੀਆਂ ਸਮੂਹ ਪੱਲੇਦਾਰ ਯੂਨੀਅਨਾਂ ਵੱਲੋਂ ਇਕ ਮੰਗ ਪੱਤਰ ਪਿਛਲੇ ਮਹੀਨੇ ਮੁੱਖ ਮੰਤਰੀ ਪੰਜਾਬ ਨੂੰ ਦਿੱਤਾ ਸੀ ਅਤੇ ਉਨ੍ਹਾਂ 7 ਦਸੰਬਰ ਤੱਕ ਉਨ੍ਹਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਗੱਲ ਸੁਣਨ ਦਾ ਸਮਾਂ ਦਿੱਤਾ ਗਿਆ ਸੀ ਨਹੀਂ ਉਸ ਤੋਂ ਬਾਅਦ ਸਾਰੇ ਪੰਜਾਬ ਵਿੱਚ ਸਮੂਹ ਪੱਲੇਦਾਰ ਯੂਨੀਅਨਾਂ ਵੱਲੋਂ ਮੁਕੰਮਲ ਹੜਤਾਲ ਕਰਨ ਬਾਰੇ ਲਿਖਿਆ ਗਿਆ ਸੀ।

ਆਗੂਆਂ ਨੇ ਕਿਹਾ ਕਿ ਲੰਮੇ ਸਮੇਂ ਤੋਂ ਠੇਕੇਦਾਰੀ ਸਿਸਟਮ ਨੂੰ ਖਤਮ ਕਰਕੇ ਮਜ਼ਦੂਰਾਂ ਨੂੰ ਸਿੱਧੇ ਭੁਗਤਾਨ ਅਤੇ ਮਜ਼ਦੂਰ ਦੀ ਠੇਕੇਦਾਰਾਂ ਤੋਂ ਹੁੰਦੀ ਲੁੱਟ ਨੂੰ ਬਚਾਉਣ ਆਦਿ ਮੰਗਾਂ ਸਮੇਂ-ਸਮੇਂ ਦੀਆਂ ਸਰਕਾਰਾਂ ਤੋਂ ਸਮੂਹ ਜਥੇਬੰਦੀਆਂ ਉਠਾਉਂਦੀਆਂ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਇਸ ਸਰਕਾਰ ਨੂੰ ਵੀ ਕਈ ਮਹੀਨਿਆਂ ਤੋਂ ਸੁਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਜਦੋਂ ਕਿ ਅਸੀਂ ਹੁਣ ਦੇ ਮੁੱਖ ਮੰਤਰੀ, ਫੂਡ ਮੰਤਰੀ ਤੇ ਫੂਡ ਸੈਕਟਰੀ ਨੂੰ ਆਪਣੇ ਮੰਗ ਪੱਤਰ ਦੇ ਚੁੱਕੇ ਹਾਂ ਪਰ ਸਰਕਾਰ ਵੱਲੋਂ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਹੁਣ ਪੰਜਾਬ ਦੀਆਂ ਸਮੂਹ ਪੱਲੇਦਾਰ ਜਥੇਬੰਦੀਆਂ ਵੱਲੋਂ ਪੰਜਾਬ ਦੀਆਂ ਫੂਡ ਏਜੰਸੀਆਂ ਦਾ ਕੰਮ ਲੋਡ-ਅਣਲੋਡਿੰਗ ਅਤੇ ਸਟੇਸ਼ਨ ਦੀਆਂ ਸਪੈਸ਼ਲਾਂ ਅਤੇ ਗੱਠਾਂ ਦੀ ਲੋਡ-ਅਨਲੋਡ ਮੁਕੰਮਲ ਬੰਦ ਕਰਕੇ ਅਣਮਿੱਥੇ ਸਮੇਂ ਲਈ ਹੜਤਾਲ ਉੱਪਰ ਜਾਣ ਦਾ ਫੈਸਲਾ ਕੀਤਾ ਗਿਆ ਹੈ।

ਆਗੂਆਂ ਨੇ ਕਿਹਾ ਕਿ ਇਸ ਹੜਤਾਲ ’ਚ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਫੂਡ ਏਜੰਸੀਆਂ ਦੀ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਆਗੂਆਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਤੋਂ ਮੰਗ ਹਨ ਕਿ ਸਮੂਹ ਪੱਲੇਦਾਰ ਭਾਈਚਾਰੇ ਨੂੰ ਸਿੱਧਾ ਭੁਗਤਾਨ ਦੇ ਕੇ ਰੁਜ਼ਗਾਰ ਦੇ ਲਾਈਕ ਕੀਤਾ ਜਾਵੇ ਤਾਂ ਜੋ ਉਹ ਅਤੇ ਉਨ੍ਹਾਂ ਦੇ ਬੱਚੇ ਪੇਟ ਭਰ ਰੋਟੀ ਖਾ ਸਕਣ। ਇਸ ਮੌਕੇ ਉਪਰੋਕਤ ਤੋਂ ਇਲਾਵਾ ਭੀਮ ਸਿੰਘ, ਨਿੱਕਾ ਸਿੰਘ, ਖੀਰਾ ਸਿੰਘ, ਜੋਰਾ ਸਿੰਘ, ਵਿੱਕੀ ਸਿੰਘ, ਕਾਮਰੇਡ ਗੋਬਿੰਦ ਸਿੰਘ, ਸਾਬਕਾ ਪ੍ਰਧਾਨ ਸਦੀਕ ਖਾਂ ਅਤੇ ਨਿੱਕਾ ਸਿੰਘ ਲਖਮੀਰਵਾਲਾ ਸਮੇਤ ਵੱਡੀ ਗਿਣਤੀ ਵਿਚ ਪੱਲੇਦਾਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ