ਭਾਜਪਾ ਵਿਧਾਨ ਸਭਾ ਚੋਣ ਇਨਚਾਰਜ ਨਾਲ ਅਮਰਿੰਦਰ ਸਿੰਘ ਦੀ ਇਕੱਲੇ ਮੀਟਿੰਗ
ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਨਹੀਂ ਦਿੱਤਾ ਗਿਆ ਸੀ ਸੱਦਾ
(ਅਸ਼ਵਨੀ ਚਾਵਲਾ) ਚੰਡੀਗੜ । ਅਮਰਿੰਦਰ ਸਿੰਘ ਦੀ ਭਾਜਪਾ ਦੇ ਲੀਡਰਾਂ ਨਾਲ ਲੰਚ ਡਿਪਲੋਮੈਸੀ ਸ਼ੁਰੂ ਹੋ ਗਈ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੇ ਇਨਚਾਰਜ ਕੇਂਦਰੀ ਕੈਬਨਿਟ ਮੰਤਰੀ ਗਜੇਂਦਰ ਸਿੰਘ ਸੇਖਾਵਤ ਨੂੰ ਲੰਚ ’ਤੇ ਸੱਦ ਕੇ ਅਮਰਿੰਦਰ ਸਿੰਘ ਨੇ ਡੇਢ ਘੰਟੇ ਤੋਂ ਜਿਆਦਾ ਮੀਟਿੰਗ ਕੀਤੀ। ਇਸ ਦੌਰਾਨ ਗਜੇਂਦਰ ਸਿੰਘ ਸ਼ੇਖਾਵਤ ਨਾਲ ਕੋਈ ਵੀ ਨਾਲ ਨਹੀਂ ਸੀ। ਇਥੇ ਤੱਕ ਕਿ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਵੀ ਸੱਦਿਆ ਨਹੀਂ ਗਿਆ ਸੀ। ਇਨਾਂ ਦੋਹੇ ਲੀਡਰਾਂ ਦੀ ਇਹ ਪਹਿਲੀ ਮੁਲਾਕਾਤ ਸੀ, ਜਿਸ ਕਾਰਨ ਪੰਜਾਬ ਦੀ ਰਾਜਨੀਤੀ ਅਤੇ ਰਣਨੀਤੀ ਬਾਰੇ ਕਾਫ਼ੀ ਜਿਆਦਾ ਚਰਚਾ ਹੋਈ ਪਰ ਇਸ ਚਰਚਾ ਵਿੱਚ ਕੀ ਹੋਇਆ ? ਇਸ ਬਾਰੇ ਕਿਸੇ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ, ਕਿਉਂਕਿ ਲੰਚ ਮੀਟਿੰਗ ਦੌਰਾਨ ਇਨਾਂ ਦੋਹੇ ਲੀਡਰਾਂ ਤੋਂ ਇਲਾਵਾ ਕੋਈ ਵੀ ਮੌਕੇ ’ਤੇ ਹਾਜ਼ਰ ਨਹੀਂ ਸੀ।
ਗਜੇਂਦਰ ਸਿੰਘ ਸੇਖਾਵਤ ਬੀਤੇ ਦਿਨ ਤੋਂ ਹੀ ਚੰਡੀਗੜ ਵਿਖੇ ਹਨ ਅਤੇ ਉਹ ਦਿਲੀ ਤੋਂ ਭਾਜਪਾ ਵਿੱਚ ਸ਼ਾਮਲ ਹੋਏ ਮਨਜਿੰਦਰ ਸਿਰਸਾ ਨਾਲ ਚੰਡੀਗੜ ਦੇ ਪੰਜ ਤਾਰਾ ਹੋਟਲ ਵਿੱਚ ਰੁੱਕੇ ਹੋਏ ਹਨ। ਇਸ ਹੋਟਲ ਵਿੱਚ ਵੀ ਸਾਰਾ ਦਿਨ ਮੀਟਿੰਗਾਂ ਦਾ ਦੌਰ ਚਲਦਾ ਰਿਹਾ ਪਰ ਜਦੋਂ ਅਮਰਿੰਦਰ ਸਿੰਘ ਦੇ ਸਿਸਵਾ ਫਾਰਮ ਵਿੱਚ ਲੰਚ ’ਤੇ ਜਾਣਾ ਸੀ ਤਾਂ ਗਜੇਂਦਰ ਸ਼ੇਖਾਵਤ ਇਕੱਲੇ ਹੀ ਗਏ ਸਨ। ਅਮਰਿੰਦਰ ਸਿੰਘ ਵਲੋਂ ਦਿੱਲੀ ਵਿਖੇ ਭਾਜਪਾ ਲੀਡਰਾਂ ਨਾਲ ਤਾਂ ਮੁਲਾਕਾਤ ਕੀਤੀ ਗਈ ਸੀ ਪਰ ਗਜੇਂਦਰ ਸਿੰਘ ਸ਼ੇਖਾਵਤ ਨਾਲ ਉਨਾਂ ਦੀ ਪੰਜਾਬ ਵਿੱਚ ਪਹਿਲੀ ਮੁਲਾਕਾਤ ਹੈ। ਇਸ ਮੁਲਾਕਾਤ ਨੂੰ ਕਾਫ਼ੀ ਜਿਆਦਾ ਅਹਿਮ ਮੰਨਿਆ ਜਾ ਰਿਹਾ ਹੈ, ਕਿਉਂਕਿ ਪੰਜਾਬ ਵਿੱਚ ਭਾਜਪਾ ਵਲੋਂ ਗਜੇਂਦਰ ਸਿੰਘ ਸ਼ੇਖਾਵਤ ਨੂੰ ਵਿਧਾਨ ਸਭਾ ਚੋਣਾਂ ਦਾ ਇਨਚਾਰਜ ਬਣਾਇਆ ਗਿਆ ਹੈ ਅਤੇ ਹੁਣ ਅਮਰਿੰਦਰ ਸਿੰਘ ਨਾਲ ਮਿਲ ਕੇ ਭਾਜਪਾ ਪੰਜਾਬ ਵਿੱਚ ਚੋਣ ਲੜਨ ਜਾ ਰਹੀ ਹੈ।
60 ਸੀਟਾਂ ’ਤੇ ਭਾਜਪਾ ਅਤੇ 40 ਸੀਟਾਂ ਮਿਲਨਗੀਆਂ ਅਮਰਿੰਦਰ ਸਿੰਘ ਨੂੰ
ਲੰਚ ਮੀਟਿੰਗ ਦੌਰਾਨ ਕੁਝ ਹੱਦ ਤੱਕ ਸੀਟਾਂ ਦੇ ਬਟਵਾਰੇ ਨੂੰ ਲੈ ਕੇ ਵੀ ਚਰਚਾ ਹੋਈ ਪਰ ਇਸ ਬਾਰੇ ਕੋਈ ਜਾਣਕਾਰੀ ਬਾਹਰ ਨਿਕਲ ਕੇ ਨਹੀਂ ਆਈ ਹੈ ਪਰ ਇਸ ਮੀਟਿੰਗ ਪਹਿਲਾਂ ਗਜੇਂਦਰ ਸਿੰਘ ਸੇਖ਼ਾਵਤ ਨੂੰ ਭਾਜਪਾ ਹਾਈ ਕਮਾਨ ਵਲੋਂ ਇਸ਼ਾਰਾ ਕੀਤਾ ਗਿਆ ਸੀ ਕਿ ਅਮਰਿੰਦਰ ਸਿੰਘ ਨੂੰ 40 ਸੀਟਾਂ ਤੱਕ ਹੀ ਸੀਮਤ ਕੀਤਾ ਜਾਵੇ ਅਤੇ ਭਾਜਪਾ ਕੋਲ 60 ਸੀਟਾਂ ਨੂੰ ਰੱਖਿਆ ਜਾਵੇ। ਇਸ ਨਾਲ ਹੀ ਸੁਖਦੇਵ ਢੀਂਡਸਾ ਦੀ ਪਾਰਟੀ ਨੂੰ 17 ਸੀਟਾਂ ਦਿੱਤੀ ਜਾਣ। ਹਾਲਾਂਕਿ ਇਸ ਸਬੰਧੀ ਅਮਰਿੰਦਰ ਸਿੰਘ ਨਾਲ ਚਰਚਾ ਦੌਰਾਨ ਕੁਝ ਫਾਈਨਲ ਹੋਇਆ ਹੈ ਜਾਂ ਫਿਰ ਨਹੀਂ, ਇਸ ਬਾਰੇ ਕੋਈ ਵੀ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਹੈ ਪਰ ਇਸ ਸੀਟ ਬਟਵਾਰੇ ਦੇ ਫ਼ਾਰਮੂਲੇ ’ਤੇ ਭਾਜਪਾ ਕੰਮ ਕਰ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ