ਸਮੁੱਚੇ ਬਿਜਲੀ ਮੁਲਾਜਮ 2 ਦਸੰਬਰ ਤੋਂ 7 ਦਸੰਬਰ ਤੱਕ ਮਾਸ ਕੈਜੂਅਲ ਲੀਵ ’ਤੇ ਜਾਣਗੇ
ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਮੋਰਿੰਡਾ ਵਿਖੇ 2 ਦਸੰਬਰ ਦੀ ਥਾਂ 7 ਦਸੰਬਰ ਨੂੰ ਸੂਬਾਈ ਧਰਨਾ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ : ਆਗੂ
(ਸੱਚ ਕਹੂੰ ਨਿਊਜ਼) ਪਟਿਆਲਾ। ਪੀਐਸਈਬੀ ਇੰਪਲਾਈਜ, ਜੁਆਇੰਟ ਫੋਰਮ ਸਮੇਤ ਪਾਵਰਕੌਮ ਤੇ ਟਰਾਂਸਕੋ ਵਿੱਚ ਕੰਮ ਕਰਦੀਆਂ 15 ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਈ। ਜਿਸ ਵਿੱਚ ਪੀਐਸਈਬੀ ਇੰਪਲਾਈਜ ਜੁਆਇੰਟ ਫੋਰਮ ਦੀਆਂ 10 ਜੱਥੇਬੰਦੀਆਂ ਸਮੇਤ ਭਰਾਤਰੀ ਜੱਥੇਬੰਦੀਆਂ ਬਿਜਲੀ ਮੁਲਾਜ਼ਮ ਏਕਤਾ ਮੰਚ ਦੀਆਂ ਚਾਰ ਜੱਥੇਬੰਦੀਆਂ, ਸਬ ਸਟੇਸ਼ਨ ਸਟਾਫ ਇੰਪਲਾਈਜ ਯੂਨੀਅਨ (ਰਜਿ.), ਪਾਵਰ ਟਰਾਂਸਮਿਸ਼ਨ ਇੰਪਲਾਈਜ ਯੂਨੀਅਨ, ਯੂਨਾਇਟਿਡ ਮੁਲਾਜਮ ਆਰਗੇਨਾਈਜੇਸ਼ਨ ਆਦਿ ਦੇ ਆਗੂ ਸ਼ਾਮਲ ਹੋਏ।
ਇਸ ਮੌਕੇ ਮੀਟਿੰਗ ਵਿੱਚ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਪੇ ਬੈਂਡ ਵਿੱਚ ਵਾਧਾ, ਪੰਜਵੇਂ ਪੇ ਕਮਿਸ਼ਨ ਦੀ ਰਿਪੋਰਟ ਅਨੁਸਾਰ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫੇਕਸ਼ਨ ਨੂੰ ਪਾਵਰਕੌਮ ਵਿੱਚ ਵੇਜ ਫਾਰਮੂਲੇਸ਼ਨ ਕਮੇਟੀ ਰਾਹੀਂ ਬਿਜਲੀ ਮੁਲਾਜਮਾਂ ਦੀਆਂ ਤਨਖਾਹ ਸੋਧ ਕੇ ਮੁਲਾਜਮਾਂ ਨੂੰ ਤਨਖਾਹ ਸਕੇਲ ਦੇਣ ਅਤੇ ਵੱਖ-ਵੱਖ ਜੱਥੇਬੰਦੀਆਂ ਨਾਲ ਹੋਏ ਫੈਸਲੇ ਲਾਗੂ ਕਰਨ ਦੀ ਮੰਗ ਕੀਤੀ। ਇਨ੍ਹਾਂ ਆਗੂਆਂ ਨੇ ਬਿਜਲੀ ਮੁਲਾਜ਼ਮਾਂ ਤੇ ਪੰਜਾਬ ਦੇ ਸਕੇਲ ਥੋਪਣ ਦੀ ਨਿੰਦਾ ਕੀਤੀ। ਜੋ ਕਿ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਿਜਲੀ ਮੁਲਾਜਮ ਪੰਜਾਬ ਦੇ ਮੁਲਾਜ਼ਮਾਂ ਤੋਂ ਵੱਧ ਵਧੀਆਂ ਤਨਖਾਹ ਸਕੇਲ ਲੈ ਰਹੇ ਹਨ।
ਮੀਟਿੰਗ ਵਿੱਚ ਜੱਥੇਬੰਦੀਆਂ ਦੇ ਸੂਬਾਈ ਆਗੂਆਂ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਮਨਜੀਤ ਸਿੰਘ ਚਾਹਲ, ਹਰਪਾਲ ਸਿੰਘ, ਬਲਦੇਵ ਸਿੰਘ ਮੰਡੋਲੀ, ਬਲਵਿੰਦਰ ਸਿੰਘ ਸੰਧੂ, ਮਨਜੀਤ ਕੁਮਾਰ, ਸਿਕੰਦਰ ਨਾਥ, ਜਗਜੀਤ ਸਿੰਘ ਕੋਟਲੀ, ਜਗਰੂਪ ਸਿੰਘ ਮਹਿਮਦਪੁਰ, ਅਵਤਾਰ ਸਿੰਘ ਕੈਂਥ, ਹਰਦੇਵ ਸਿੰਘ ਪੰਡੋਰੀ, ਹਰਦੀਪ ਸਿੰਘ, ਸੁਖਵਿੰਦਰ ਸਿੰਘ ਆਦਿ ਸਾਥੀ ਸਮਲ ਹੋਏ। ਇਨ੍ਹਾਂ ਆਗੂਆਂ ਨੇ ਪਾਵਰਕਾਮ ਮੈਨੇਜਮੈਂਟ ਦੀ ਮੁਲਾਜ਼ਮ ਵਿਰੋਧੀ ਅਤੇ ਟਾਲਮਟੋਲ ਵਾਲੀ ਨੀਤੀ ਦਾ ਸਖਤ ਵਿਰੋਧ ਕੀਤਾ ਅਤੇ ਕਿਹਾ ਕਿ ਮੈਨੇਜਮੈਂਟ ਜੱਥੇਬੰਦੀਆਂ ਨਾਲ ਮੀਟਿੰਗਾਂ ਵਿੱਚ ਮੰਨੀਆਂ ਮੰਗਾਂ ਲਾਗੂ ਕਰਨ ਅਤੇ ਦਿੱਤੇ ਭਰੋਸੇ ਤੋਂ ਭੱਜ ਰਹੀ ਹੈ। ਜਿਸ ਕਾਰਨ 30-ਨਵੰਬਰ-2021 ਤੱਕ ਪੇ ਬੈਂਡ ਵਿੱਚ ਵਾਧੇ ਅਤੇ ਹੋਰ ਮੰਗਾਂ ਤੇ ਜੋ ਸਹਿਮਤੀਆਂ ਬਣੀਆਂ ਸਨ ਉਹ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਜਿਸ ਕਾਰਨ ਮੁਲਾਜਮਾਂ ਵਿੱਚ ਸਖਤ ਰੋਸ ਹੈ ਅਤੇ ਉਹ ਸੰਘਰਸ਼ ਨੂੰ ਤੇਜ ਕਰਨ ਲਈ ਮਜਬੂਰ ਹਨ।
ਆਗੂਆਂ ਨੇ ਕਿਹਾ ਕਿ ਮੈਨੇਜਮੈਂਟ ਅਣਫੇਅਰ ਲੇਬਰ ਪ੍ਰੈਕਟਿਸ ਕਰ ਰਹੀ ਹੈ, ਜਿਸ ਦਾ ਅਦਾਰੇ ਅੰਦਰ ਸਨਅਤੀ ਮਾਹੌਲ ਤੇ ਮਾੜਾ ਅਸਰ ਪਵੇਗਾ। ਇਨ੍ਹਾਂ ਜੱਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਬਿਜਲੀ ਮੁਲਾਜਮ 2-ਦਸੰਬਰ ਤੋਂ 7 ਦਸੰਬਰ ਤੱਕ ਸਮੂਹਿਕ ਛੁੱਟੀ ਤੇ ਰਹਿਣਗੇ ਅਤੇ 7 ਦਸੰਬਰ ਨੂੰ ਮੁੱਖ ਮੰਤਰੀ ਦੇ ਰਿਹਾਇਸ਼ ਮੋਰਿੰਡਾ ਵਿਖੇ ਸੂਬਾ ਪੱਧਰੀ ਧਰਨਾ ਅਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਤੋਂ ਇਲਾਵਾ 3 ਦਸੰਬਰ ਤੋਂ ਮੁੱਖ ਮੰਤਰੀ ਪੰਜਾਬ, ਖਜਾਨਾ ਮੰਤਰੀ ਪੰਜਾਬ ਅਤੇ ਸੂਬਾਈ ਪ੍ਰਧਾਨ ਕਾਂਗਰਸ ਕਮੇਟੀ ਪੰਜਾਬ ਵਿਰੁੱਧ ਫੀਲਡ ਦੇ ਦੌਰਿਆਂ ਸਮੇਂ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਉਨ੍ਹਾਂ ਮੰਗ ਕੀਤੀ ਕਿ ਅਦਾਰੇ ਅੰਦਰ ਸਨਅਤੀ ਮਾਹੌਲ ਕਾਇਮ ਰੱਖਣ ਲਈ ਜੱਥੇਬੰਦੀਆਂ ਨਾਲ ਹੋਏ ਫੈਸਲੇ ਅਤੇ ਮੰਨੀਆਂ ਮੰਗਾਂ ਲਾਗੂ ਕੀਤੀਆਂ ਜਾਣ। ਜੇਕਰ ਮੁਲਾਜ਼ਮ ਮੰਗਾਂ ਲਾਗੂ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ