ਵਾਪਰ ਕਿਵੇਂ ਠੀਕ ਹੋਵੇਗਾ ਵਪਾਰੀ ਨੂੰ ਪਤਾ, ‘ਆਪ’ ਦੀ ਸਰਕਾਰ ਬਣਨ ‘ਤੇ ਵਪਾਰੀਆਂ ਨਾਲ ਚਰਚਾ ਕਰਕੇ ਬਣਾਵਾਂਗੇ ਯੋਜਨਾ: ਸਿਸੋਦੀਆ
ਆਪ’ ਦੀ ਸਰਕਾਰ ਬਣਨ ‘ਤੇ ਇੰਸਪੈਕਟਰੀ ਰਾਜ ਅਤੇ ਵਾਧੂ ਕਾਗਜੀ ਪ੍ਰੀਕਿਰਿਆ ਨੂੰ ਬੰਦ ਕਰਕੇ ਵਪਾਰ ਵਧਾਇਆ ਜਾਵੇਗਾ
ਵਪਾਰ ਦੀ ਤਰੱਕੀ ਤੋਂ ਬਿਨਾਂ ਨਹੀਂ ਹੋ ਸਕਦੀ ਸੂਬੇ ਦੀ ਤਰੱਕੀ: ਸਿਸੋਦੀਆ
(ਸਤਪਾਲ ਥਿੰਦ) ਫਿਰੋਜ਼ਪੁਰ । ਆਮ ਆਦਮੀ ਪਾਰਟੀ ਦੇ ਕੌਮੀ ਨੇਤਾ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਫਿਰੋਜ਼ਪੁਰ ਵਿੱਚ ‘ਵਪਾਰੀਆਂ- ਕਾਰੋਬਾਰੀਆਂ ਨਾਲ ਮਨੀਸ਼ ਸਿਸੋਦੀਆ ਦੀ ਗੱਲਬਾਤ’ ਪ੍ਰੋਗਰਾਮ ਦੌਰਾਨ ਉਦਯੋਗਪਤੀਆਂ, ਵਪਾਰੀਆਂ, ਕਾਰੋਬਾਰੀਆਂ, ਟਰਾਂਸਪੋਰਟਰਾਂ ਅਤੇ ਦੁਕਾਨਦਾਰਾਂ ਦੇ ਰੂਬਰੂ ਹੋਏ। ਮਨੀਸ਼ ਸਿਸੋਦੀਆ ਨੇ ਆਏ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਮੱਸਿਆਵਾਂ ਦੇ ਹੱਲ ਬਾਰੇ ਨੁਕਤੇ ਸਾਂਝੇ ਕੀਤੇ। ਇਸ ਮੌਕੇ ‘ਆਪ’ ਆਗੂ ਰਣਬੀਰ ਭੁੱਲਰ, ਆਸ਼ੂ ਬੰਗੜ, ਅਨਿਲ ਠਾਕੁਰ ਅਤੇ ਰਮਨ ਮਿੱਤਲ ਵੀ ਹਾਜ਼ਰ ਸਨ।
ਮੰਗਲਵਾਰ ਨੂੰ ‘ਵਪਾਰੀਆਂ- ਕਾਰੋਬਾਰੀਆਂ ਨਾਲ ਮਨੀਸ਼ ਸਿਸੋਦੀਆ ਦੀ ਗੱਲਬਾਤ’ ਪ੍ਰੋਗਰਾਮ ਦੌਰਾਨ ‘ਆਪ’ ਦੇ ਕੌਮੀ ਆਗੂ ਮਨੀਸ਼ ਸਿਸੋਦੀਆ ਨੇ ਉਦਯੋਗਪਤੀਆ, ਵਪਾਰੀਆਂ, ਕਾਰੋਬਾਰੀਆਂ, ਟਰਾਂਸਪੋਰਟਰਾਂ ਅਤੇ ਦੁਕਾਨਦਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ, ‘‘ਵਪਾਰੀਆਂ ਨੂੰ ਇਮਾਨਦਾਰ ਰਾਜਨੀਤੀ ਦੇਵੋ, ਵਪਾਰ ਦੀ ਤਰੱਕੀ ਖ਼ੁੱਦ ਹੋ ਜਾਵੇਗੀ। ਵਪਾਰ ਦੀ ਤਰੱਕੀ ਤੋਂ ਬਿਨਾਂ ਕਿਸੇ ਵੀ ਸੂਬੇ ਦੀ ਤਰੱਕੀ ਨਹੀਂ ਹੋ ਸਕਦੀ। ਇਸ ਲਈ ਵਪਾਰ ’ਤੇ ਲੱਗੀਆਂ ਗੈਰ-ਜ਼ਰੂਰੀ ਪਾਬੰਦੀਆਂ ਦੂਰ ਕਰਨੀਆਂ ਪੈਣਗੀਆਂ ਅਤੇ ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਣਾ ਚਾਹੀਦਾ।’’ ਇਸ ਮੌਕੇ ਕਾਰੋਬਾਰੀ ਮਨਮੋਹਨ ਸਿਆਲ ਅਤੇ ਭਰਤ ਮਹਿਤਾ ਸਮੇਤ ਕਈ ਵਾਪਰੀਆਂ ਨੇ ਪੇਸ਼ ਆ ਰਹੀਆਂ ਸਮੱਸਿਆਵਾਂ ਅਤੇ ਇਨਾਂ ਦੇ ਹੱਲ ਬਾਰੇ ਵਿਚਾਰ ਮਨੀਸ਼ ਸਿਸੋਦੀਆ ਨਾਲ ਸਾਂਝੇ ਕੀਤੇ।
ਕੌਮੀ ਆਗੂ ਸਿਸੋਦੀਆ ਨੇ ਕਿਹਾ ਕਿ ਜਿਹੜਾ ਪੰਜਾਬ ਕਦੇ ਆਪਣੇ ਉਦਯੋਗ, ਵਪਾਰ ਅਤੇ ਕਾਰੋਬਾਰ ਲਈ ਮਸ਼ਹੂਰ ਹੁੰਦਾ ਸੀ। ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੇ ਉਸ ਰੰਗਲੇ ਪੰਜਾਬ ਦੀ ਆਰਥਿਕ ਅਤੇ ਸਮਾਜਿਕ ਹਾਲਤ ਨੂੰ ਕਮਜ਼ੋਰ ਅਤੇ ਚਿੰਤਾਜਨਕ ਕਰ ਦਿੱਤਾ ਹੈ। ਇਥੇ ‘ਆਪ’ ਦੀ ਸਰਕਾਰ ਬਣਨ ’ਤੇ ਵਪਾਰ, ਕਾਰੋਬਾਰ ਨੂੰ ਪੂਰੀ ਤਰ੍ਹਾਂ ਵਿਕਸਤ ਕੀਤਾ ਜਾਵੇਗਾ, ਜਿਸ ਨਾਲ ਰੋਜ਼ਗਾਰ ਵਧੇਗਾ ਅਤੇ ਪੰਜਾਬ ਮੁੜ ਖੁਸ਼ਹਾਲ ਸੂਬਾ ਬਣ ਜਾਵੇਗਾ। ਸਿਸੋਦੀਆ ਨੇ ਕਿਹਾ ਕਿ ਪੰਜਾਬ ਦੇ ਉਦਯੋਗ ਅਤੇ ਕਾਰੋਬਾਰ ਦੀ ਤਰੱਕੀ ਲਈ ਇੱਕ ਰੋਡਮੈਪ ਤਿਆਰ ਕੀਤਾ ਜਾਵੇਗਾ, ਕਿਉਂਕਿ ‘ਆਪ‘ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਾਜਨੀਤੀ ਕੰਮ ਕਰਨਾ ਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਕਾਰੋਬਾਰੀਆਂ, ਵਪਾਰੀਆਂ ਨਾਲ ਹਰ ਮੰਚ ‘ਤੇ ਵਿਚਾਰ ਚਰਚਾ ਕਰਦੀ ਹੈ, ਕਿਉਂਕਿ ਅਰਵਿੰਦ ਕੇਜਰੀਵਾਲ ਨੂੰ ਸਰਕਾਰ ਚਲਾਉਣੀ ਆਉਂਦੀ ਹੈ, ਪਰ ਵਪਾਰ ਕਰਨਾ ਕੇਵਲ ਵਪਾਰੀਆਂ, ਕਾਰੋਬਾਰੀਆਂ ਨੂੰ ਹੀ ਆਉਂਦਾ ਹੈ।
ਮਨੀਸ਼ ਸਿਸੋਦੀਆ ਨੇ ਕਿਹਾ ਅੱਜ-ਕੱਲ੍ਹ ਪੰਜਾਬ ’ਚ ਸਿੱਖਿਆ ਦਾ ਮੁੱਦਾ ਕਾਫ਼ੀ ਗਰਮ ਹੈ ਅਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਦੇਸ਼ ਦੀ ਰਾਜਨੀਤੀ ਵਿੱਚ ਚੋਣਾ ਸਮੇਂ ਪਹਿਲੀ ਵਾਰ ਸਿੱਖਿਆ ‘ਤੇ ਬਹਿਸ ਸ਼ੁਰੂ ਹੋਈ ਹੈ। ਉਨਾਂ ਦੱਸਿਆ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਕੂਲ ਸਿੱਖਿਆ ਵਿਵਸਥਾ ਨੂੰ ਮਜ਼ਬੂਤ ਕੀਤਾ ਹੈ ਅਤੇ ਦੇਸ਼ ਵਿੱਚ ਸਭ ਤੋਂ ਜ਼ਿਆਦਾ ਬਜਟ ਦਾ 25 ਫ਼ੀਸਦੀ ਹਿੱਸਾ ਸਿੱਖਿਆ ਦੇ ਵਿਕਾਸ ਲਈ ਖ਼ਰਚਿਆ ਹੈ। ਇਸ ਦੌਰਾਨ ਸ਼ਹਿਰੀ ਹਲਕੇ ਦੀ ਟੀਮ ਵੱਲੋਂ ਮਨੀਸ਼ ਸਿਸੋਦਿਆ ਨੂੰ ਯਾਦਗਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ।
ਮਨੀਸ਼ ਸਸੋਦਿਆ ਦੀ ਫਿਰੋਜ਼ਪੁਰ ਫੇਰੀ ਦੌਰਾਨ ਨਰਾਜ਼ਗੀ ’ਚ ਦਿਸੇ ਪਾਰਟੀ ਵਰਕਰ
ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦਿਆ ਦੀ ਫਿਰੋਜ਼ਪੁਰ ਫੇਰੀ ਦੌਰਾਨ ਆਪ ਪਾਰਟੀ ਦੇ ਵਰਕਰਾਂ ’ਚ ਕਾਫ਼ੀ ਨਰਾਜ਼ਗੀ ਦੇਖਣ ਨੂੰ ਮਿਲੀ ਜਦੋ ਕਈ ਪੁਰਾਣੇ ਵਰਕਰਾਂ ਨੂੰ ਮਿਲ ਬਗੈਰ ਮਨੀਸ਼ ਸਿਸੋਦਿਆ ਗਏ ਚਲੇ। ਦਰਅਸਲ ਪਿਛਲੇ ਦਿਨਾਂ ਤੋਂ ਫਿਰੋਜ਼ਪੁਰ ਅੰਦਰ ਆਪ ਵਰਕਰਾਂ ‘ਚ ਇਸ ਗੱਲ ਦਾ ਰੋਸ ਪਾਇਆ ਜਾ ਰਿਹਾ ਹੈ ਕਿ ਪਾਰਟੀ ਵੱਲੋਂ ਉਹਨਾਂ ਦੇ ਹਲਕਿਆਂ ਅੰਦਰ ਬਾਹਰੀ ਇੰਚਾਰਜ ਲਗਾਏ ਗਏ ਜਾ ਰਹੇ , ਜਿਸ ਮਗਰੋਂ ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਜਾਵੇਗਾ ਅਤੇ ਬਾਅਦ ‘ਚ ਉਹਨਾਂ ਦੀ ਕਿਸੇ ਨੇ ਗੱਲ ਨਹੀਂ ਸੁਣਨੀ, ਜਿਸ ਕਰਕੇ ਪੁਰਾਣੇ ਵਰਕਰ ਮਨੀਸ਼ ਸਿਸੋਦਿਆ ਨੂੰ ਮਿਲਣਾ ਚਾਹੁੰਦੇ ਸਨ ਪਰ ਉਹਨਾਂ ਨੂੰ ਮਿਲਣ ਤੱਕ ਨਹੀਂ ਦਿੱਤਾ ਗਿਆ, ਜਿਸ ਕਾਰਨ ਪਾਰਟੀ ਵਰਕਰ ਕਾਫੀ ਨਿਰਾਸ਼ਾ ‘ਚ ਦਿਖੇ । ਉੱਧਰ ਕਈ ਸੀਨੀਅਰ ਆਗੂਆਂ ਦਾ ਕਹਿਣਾ ਸੀ ਕਿ ਮਨੀਸ਼ ਸਸੋਦਿਆ ਦੀ ਇਹ ਮੀਟਿੰਗ ਸਿਰਫ ਵਪਾਰੀ ਵਰਗ ਨਾਲ ਹੀ ਸੀ, ਨਾ ਕਿ ਕੋਈ ਹੋਰ ਮਸਲਿਆਂ ’ਤੇ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ