ਐੱਨਐੱਚਐੱਮ ਅਧੀਨ ਕੰਮ ਕਰਦੇ ਕਰਮਚਾਰੀਆਂ ਨੇ ਨੈਸ਼ਨਲ ਹਾਈਵੇਅ ਕੀਤਾ ਜਾਮ
ਦੇਰ ਸ਼ਾਮ ਤੱਕ ਜਾਮ ਲਗਾਤਾਰ ਜਾਰੀ
(ਕੁਲਵੰਤ ਕੋਟਲੀ) ਖਰੜ/ਮੋਹਾਲੀ। ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਪੰਜਾਬ ਅਧੀਨ ਕੰਮ ਕਰ ਰਹੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਸਬੰਧੀ ਅੱਜ ਖਰੜ ਵਿੱਚ ਰੈਲੀ ਕੀਤੀ ਇਸ ਦੌਰਾਨ ਜਦੋਂ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਸਰਕਾਰ ਨਾਲ ਕੋਈ ਗੱਲਬਾਤ ਨਾ ਕਰਵਾਈ ਗਈ ਤਾਂ ਗੁੱਸੇ ਆਏ ਕਰਮਚਾਰੀਆਂ ਨੇ ਨੈਸ਼ਨਲ ਹਾਈਵੇਅ ਨੂੰ ਜਾਮ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਵੱਲੋਂ ਨੈਸ਼ਨਲ ਹਾਈਵੇਅ ’ਤੇ ਲਗਾਇਆ ਗਿਆ ਜਾਮ ਖਬਰ ਲਿਖੇ ਜਾਣ ਤੱਕ ਲਗਾਤਾਰ ਜਾਰੀ ਸੀ।
ਜ਼ਿਕਰਯੋਗ ਹੈ ਕਿ ਐਨ.ਐਚ.ਐਮ ਤਹਿਤ ਕਰੀਬ 12 ਹਜ਼ਾਰ ਕਰਮਚਾਰੀ ਪਿੱਛਲੇ 12- 15 ਸਾਲਾਂ ਤੋਂ ਬਹੁਤ ਹੀ ਘੱਟ ਤਨਖ਼ਾਹ ’ਤੇ ਕੰਮ ਕਰ ਰਹੇ ਹਨ। ਸਰਕਾਰਾਂ ਨੇ ਲੰਮੇ ਸਮੇਂ ਤੱਕ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਪੱਕਾ ਨਹੀਂ ਕੀਤਾ ਅਤੇ ਹੁਣ ਇਹ ਕਰਮਚਾਰੀ ਆਪਣੀ ਨੌਕਰੀ ਪੱਕੀ ਕਰਾਉਣ ਅਤੇ ਚੰਗੀ ਤਨਖ਼ਾਹ ਦੀ ਮੰਗ ਕਰਦੇ ਆ ਰਹੇ ਹਨ। ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਕਿਸੇ ਨਾ ਕਿਸੇ ਦਬਾਅ ਨਾਲ ਉਨ੍ਹਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ।
ਆਗੂਆਂ ਨੇ ਕਿਹਾ ਕਿ ਉਹਨਾਂ ਨੂੰ ਦਿੱਤੀ ਜਾ ਰਹੀ ਬਹੁਤ ਘੱਟ ਤਨਖਾਹ ਨਾਲ ਘਰਾਂ ਦਾ ਗੁਜਾਰਾ ਕਰਨਾ ਮੁਸ਼ਕਿਲ ਹੈ। ਆਗੂਆਂ ਨੇ ਕਿਹਾ ਕਿ ਮੰਗਾਂ ਸਬੰਧੀ ਸਰਕਾਰ ਨਾਲ ਕਈ ਵਾਰ ਮੀਟਿੰਗ ਹੋਈ, ਪ੍ਰੰਤੂ ਸਰਕਾਰ ਮੀਟਿੰਗਾਂ ਵਿੱਚ ਭਰੋਸੇ ਦੇ ਕੇ ਲਾਰੇ ਲਾਉਂਦੀ ਆ ਰਹੀ ਹੈ। ਆਗੂਆਂ ਨੇ ਕਿਹਾ ਕਿ ਜਦੋਂ ਦੇਸ਼ ਭਰ ਵਿੱਚ ਕਰੋਨਾ ਮਹਾਂਮਾਰੀ ਨੇ ਹਾਹਾਕਾਰ ਮਚਾਇਆ ਸੀ ਤਾਂ ਇਨ੍ਹਾਂ ਮੁਲਾਜਮਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਮੂਹਰੇ ਹੋਕੇ ਦਿਨ ਰਾਤ ਇੱਕ ਕਰਕੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿੱਚ ਸਿਹਤ ਸਹੂਲਤਾਂ ਉਪਲਬਧ ਕਰਵਾਈਆਂ ਸਨ। ਪਾਰਦਰਸੀ ਚੋਣ ਪ੍ਰਕਿਰਿਆ ਨਾਲ ਭਾਰਤੀ ਹੋਏ ਮੁਲਾਜਮਾਂ ਦੇ ਤਜਰਬੇਕਾਰ ਹੋਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਉਨ੍ਹਾਂ ਮੁਲਾਜਮਾਂ ਨੂੰ ਰੈਗੂਲਰ ਨਹੀਂ ਕੀਤਾ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਆਉਣ ਵਾਲੇ ਸਮੇਂ ਹੋਰ ਤੇਜ਼ ਕੀਤਾ ਜਾਵੇਗਾ।
ਐੱਨਐੱਚਐੱਮ ਦੇ ਕਰਮਚਾਰੀਆਂ ਦੀਆਂ ਮੰਗਾਂ ਦਾ ਸਮੱਰਥਨ ਕਰਨ ਲਈ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਸਿੰਘ ਅਤੇ ਯੂਥ ਵਿੰਗ ਦੇ ਆਗੂ ਤੇ ਖਰੜ ਹਲਕੇ ਤੋਂ ‘ਆਪ’ ਦੇ ਇੰਚਾਰਜ ਅਨਮੋਲ ਗਗਨ ਮਾਨ ਸਮੱਰਥਨ ਕਰਨ ਪੁੱਜੇ। ‘ਆਪ’ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਤਾਂ ਹੁਣ ‘ਐਲਾਨਜੀਤ ਮੁੱਖ ਮੰਤਰੀ’ ਬਣ ਚੁੱਕੇ ਹਨ, ਜੋ ਕੇਵਲ ਐਲਾਨ ਹੀ ਕਰਦੇ ਹਨ ਲੇਕਿਨ ਅਸਲ ਵਿੱਚ ਕੋਈ ਕੰਮ ਨਹੀਂ ਕਰਦੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ