ਪਿੰਡ ਭੁੱਲਰ ਵਿਖੇ ਅਪਰਾਧਿਕ ਸਮੱਗਰੀ ਸਮੇਤ ਛੇ ਨੌਜਵਾਨ ਕਾਬੂ
ਪਿੰਡ ਵਾਸੀਆਂ ਨੇ ਲਾਏ ਕੁਝ ਪੁਲਿਸ ਕਰਮਚਾਰੀਆਂ ਵੱਲੋਂ ਹਾਜ਼ਰੀ ਭਰਨ ਦੇ ਦੋਸ਼
(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਦਿਨ-ਬ-ਦਿਨ ਨਸ਼ਿਆਂ ਦੀ ਚੁੰਗਲ ’ਚ ਫਸਦੀ ਜਾ ਰਹੀ ਨੌਜਵਾਨ ਪੀੜ੍ਹੀ ਲਗਭਗ ਖ਼ਤਮ ਹੋਣ ਦੀ ਕੰਗਾਰ ’ਤੇ ਪਹੁੰਚ ਚੁੱਕੀ ਹੈ, ਉਧਰ ਪੰਜਾਬ ਸਰਕਾਰ ਦੇ ਨੁਮਾਇੰਦੇ ਪੰਜਾਬ ਵਿਚੋਂ ਨਸ਼ਾ ਖ਼ਤਮ ਕਰਨ ਦੇ ਦਾਅਵੇ ਕਰ ਰਹੇ ਹਨ, ਪਰ ਅਸਲ ’ਚ ਚਿੱਟਾ ਨਾਮਕ ਨਸ਼ੇ ਨੇ 10 ਤੋਂ 15 ਸਾਲ ਦੇ ਬੱਚਿਆਂ ਨੂੰ ਵੀ ਆਪਣੀ ਗਿ੍ਰਫ਼ਤ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਸਥਿੱਤ ਪਿੰਡ ਭੁੱਲਰ ਦਾ, ਜਿੱਥੇ ਪਿੰਡ ਵਾਸੀਆਂ ਨੇ ਕੁਝ ਤਸਕਰਾਂ ਨੂੰ ਫੜਨ ਦਾ ਦਾਅਵਾ ਕੀਤਾ ਹੈ।
ਮੌਕੇ ’ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਦੇ ਹੀ ਨੌਜਵਾਨ ਦੀ ਮੱਦਦ ਨਾਲ ਕੁਝ ਵਿਅਕਤੀ ਪਿੰਡ ਭੁੱਲਰ ਵਿਖੇ ਪਿੰਡ ਵਾਸੀਆਂ ਦੇ ਰੋਕਣ ਦੇ ਬਾਵਜ਼ੂਦ ਚਿੱਟੇ ਦਾ ਕਾਰੋਬਾਰ ਪਿਛਲੇ ਕਰੀਬ 2 ਸਾਲ ਤੋਂ ਕਰ ਰਹੇ ਹਨ, ਆਖਰ ਅੱਜ ਮੰਗਲਵਾਰ ਦੀ ਸਵੇਰ ਪਿੰਡ ਵਾਸੀਆਂ ਨੇ 6 ਵਿਅਕਤੀਆਂ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕੀਤਾ ਹੈ, ਪਿੰਡ ਵਾਸੀਆਂ ਨੇ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨਾਂ ਪਾਸੋਂ ਇੱਕ ਦੇਸੀ ਪਿਸਤੋਲ, ਕਾਰਤੂਸ, ਕਿਰਚ, ਕਰਪਾਨਾਂ ਤੇ ਹੋਰ ਵੀ ਅਪਰਾਧਿਕ ਸਮੱਗਰੀ ਬਰਾਮਦ ਕੀਤੀ ਹੈ।
ਉਨ੍ਹਾਂ ਜ਼ਿਲ੍ਹਾ ਪੁਲਿਸ ਦੇ ਕੁਝ ਕਰਮਚਾਰੀਆਂ ’ਤੇ ਇਹ ਵੀ ਦੋਸ਼ ਲਾਏ ਹਨ ਕਿ ਉਨ੍ਹਾਂ ਦੀ ਸ਼ਹਿ ’ਤੇ ਇਹ ਨਸ਼ੇ ਦਾ ਕਾਰੋਬਾਰ ਪਿਛਲੇਂ ਲੰਮੇ ਸਮੇਂ ਤੋਂ ਚੱਲ ਰਿਹਾ ਹੈ, ਜੋ ਰੋਜ਼ਾਨਾ ਦੀ ਤਰ੍ਹਾਂ ਇੱਥੇ ਹਾਜ਼ਰੀਆਂ ਭਰਨ ਆਉਂਦੇ ਸਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਸੂਚਨਾ ਦਿੱਤੇ ਜਾਣ ਤੋਂ ਬਾਅਦ ਕਰੀਬ 2-3 ਘੰਟੇ ਬਾਅਦ ਪੁਲਿਸ ਅਧਿਕਾਰੀ ਮੌਕੇ ’ਤੇ ਪਹੰੁਚੇ, ਜਿਨਾਂ ਨੇ ਕਾਬੂ ਕੀਤੇ ਗਏ ਨੌਜਵਾਨਾਂ ਨੂੰ ਹਿਰਾਸਤ ’ਚ ਲਿਆ। ਪਿੰਡ ਵਾਸੀਆਂ ਨੇ ਜ਼ਿਲ੍ਹਾ ਪੁਲਿਸ ਕਪਤਾਨ ਤੋਂ ਮੰਗ ਕੀਤੀ ਕਿ ਉਕਤ ਵਿਅਕਤੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਪਿੰਡ ਦੇ ਨੌਜਵਾਨ ਇਸ ਚਿੱਟੇ ਤੋਂ ਨਿਜ਼ਾਤ ਪਾ ਸਕਣ। ਮੌਕੇ ’ਤੇ ਪਹੁੰਚੇ ਥਾਣਾ ਸਦਰ ਦੇ ਐਸ ਐਚ ਓ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨਗੇ ਜੋ ਵੀ ਤੱਥ ਸਾਹਮਣੇ ਆਉਣਗੇ ਉਨਾਂ ਦੇ ਅਧਾਰ ’ਤੇ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ