ਪਟਿਆਲਾ ਤੋਂ ਸੰਸਦ ਪਰਨੀਤ ਕੌਰ ਦਾ ਵੱਡਾ ਐਲਾਨ, ਕਾਂਗਰਸ ਦਾ ਸਾਥ ਨਹੀਂ ਦੇਣਗੇ ਚੋਣਾਂ ’ਚ
ਸਮਾਣਾ ਦੇ ਵਿਧਾਇਕ ਰਾਜਿੰਦਰ ਸਿੰਘ ਨੂੰ ਸੁਣਾਈਆਂ ਖਰੀਆਂ-ਖਰੀਆਂ ਤਾਂ ਅਮਰਿੰਦਰ ਸਿੰਘ ਦੀ ਕੀਤੀ ਤਾਰੀਫ਼
(ਸੁਨੀਲ ਚਾਵਲਾ) ਸਮਾਣਾ। ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੇ ਆਖ਼ਰਕਾਰ ਸਾਫ਼ ਕਰ ਦਿੱਤਾ ਹੈ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਨਾਲ ਨਹੀਂ ਸਗੋਂ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦਿੰਦੇ ਹੋਏ ਨਜ਼ਰ ਆਉਣਗੇ। ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਕਾਂਗਰਸੀ ਉਮੀਦਵਾਰਾਂ ਖ਼ਿਲਾਫ਼ ਨਾ ਸਿਰਫ਼ ਪਰਨੀਤ ਕੌਰ ਪ੍ਰਚਾਰ ਕਰਨਗੇ, ਸਗੋਂ ਅਮਰਿੰਦਰ ਸਿੰਘ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਹਰ ਸੰਭਵ ਜੋਰ ਵੀ ਲਗਾਉਣਗੇ।
ਇਸ ਦੀ ਲਗਭਗ ਸ਼ੁਰੂਆਤ ਸਮਾਣਾ ਹਲਕੇ ਤੋਂ ਪਰਨੀਤ ਕੌਰ ਵੱਲੋਂ ਕਰ ਦਿੱਤੀ ਗਈ ਹੈ। ਪਿਛਲੇ 5 ਸਾਲਾਂ ਦੌਰਾਨ ਪਹਿਲੀ ਵਾਰ ਪਰਨੀਤ ਕੌਰ ਵੱਲੋਂ ਜਨਤਕ ਤੌਰ ’ਤੇ ਇਸ਼ਾਰੇ-ਇਸ਼ਾਰੇ ਵਿੱਚ ਸਮਾਣਾ ਤੋਂ ਕਾਂਗਰਸੀ ਵਿਧਾਇਕ ਰਾਜਿੰਦਰ ਸਿੰਘ ਨੂੰ ਖਰੀਆਂ-ਖਰੀਆਂ ਸੁਣਾ ਦਿੱਤੀਆਂ ਪਰਨੀਤ ਕੌਰ ਨੂੰ ਇਸ ਗੱਲ ਦਾ ਗੁੱਸਾ ਸੀ ਕਿ ਜਿਹੜੇ ਵਿਕਾਸ ਕਾਰਜ਼ਾਂ ਲਈ ਕਰੋੜਾਂ ਰੁਪਏ ਦਾ ਫੰਡ ਉਹ ਅਮਰਿੰਦਰ ਸਿੰਘ ਤੋਂ ਪਾਸ ਕਰਵਾ ਕੇ ਲੈ ਕੇ ਆਏ ਸਨ, ਉਨ੍ਹਾਂ ਦਾ ਨੀਂਹ ਪੱਥਰ ਰੱਖਣ ਵਾਲੇ ਰਾਜਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਸੱਦਿਆ ਤੱਕ ਨਹੀਂ।
ਪਰਨੀਤ ਕੌਰ ਸਮਾਣਾ ਵਿਖੇ ਲਾਈਨਜ਼ ਕਲੱਬ ਗੋਲਡ ਵੱਲੋਂ ਲਗਾਏ ਗਏ ਅੱਖਾਂ ਦੇ ਮੁਫ਼ਤ ਕੈਂਪ ਦਾ ਉਦਘਾਟਨ ਕਰਨ ਪੁੱਜੇ ਸਨ। ਪਰਨੀਤ ਕੌਰ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਫ਼ ਕੀਤਾ ਕਿ ਜਿੱਥੇ ਉਨ੍ਹਾਂ ਦਾ ਪਰਿਵਾਰ ਹੋਵੇਗਾ, ਉਥੇ ਹੀ ਉਹ ਵੀ ਦਿਖਾਈ ਦੇਣਗੇ, ਇਸ ਲਈ ਇਹ ਸੁਆਲ ਹੀ ਖੜ੍ਹਾ ਨਹੀਂ ਹੁੰਦਾ ਕਿ ਭਵਿੱਖ ਵਿੱਚ ਕਾਂਗਰਸ ਨਾਲ ਰਹਿਣਗੇ ਜਾਂ ਫਿਰ ਨਹੀਂ ਰਹਿਣਗੇ। ਪਰਨੀਤ ਕੌਰ ਨੇ ਸਮਾਣਾ ਵਿਖੇ ਅਮਰਿੰਦਰ ਸਿੰਘ ਵੱਲੋਂ ਸਾਢੇ 4 ਸਾਲ ਦੌਰਾਨ ਪੰਜਾਬ ਵਿੱਚ ਜਿਹੜੇ ਵਿਕਾਸ ਕਾਰਜ਼ ਕੀਤੇ ਹਨ, ਉਨ੍ਹਾਂ ਦਾ ਜੰਮ ਕੇ ਗੁਣਗਾਨ ਕੀਤਾ, ਸਗੋਂ ਬੀਤੇ 2 ਮਹੀਨੇ ਦੌਰਾਨ ਜਿਹੜੇ ਵੀ ਵੱਡੇ ਐਲਾਨ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੇ ਗਏ ਹਨ, ਉਨ੍ਹਾਂ ਦੀ ਚਰਚਾ ਤੱਕ ਨਹੀਂ ਕੀਤੀ। ਪਰਨੀਤ ਕੌਰ ਨੇ ਕਿਸਾਨੀ ਅੰਦੋਲਨ ਨੂੰ ਖ਼ਤਮ ਕਰਵਾਉਣ ਅਤੇ ਤਿੰਨੇ ਖੇਤੀ ਕਾਨੂੰਨ ਵਾਪਸ ਕਰਵਾਉਣ ਵਿੱਚ ਅਮਰਿੰਦਰ ਸਿੰਘ ਦਾ ਹੀ ਅਹਿਮ ਰੋਲ ਕਰਾਰ ਦਿੱਤਾ ਹੈ। ਇਸ ਲਈ ਪੰਜਾਬ ਦੇ ਕਿਸਾਨ ਅਮਰਿੰਦਰ ਸਿੰਘ ਨੂੰ ਹੀ ਆਪਣਾ ਸੱਚਾ ਲੀਡਰ ਮੰਨਦੇ ਹਨ।
ਪਰਨੀਤ ਕੌਰ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ 5 ਲੱਖ ਰੁਪਏ ਤੇ ਸਰਕਾਰੀ ਨੌਕਰੀ ਦੇਣ ਦਾ ਸਿਹਰਾ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਜਾਂਦਾ ਹੈ, ਕਿਉਂਕਿ ਇਹ ਵੱਡਾ ਫੈਸਲਾ ਕਰਨ ਵਾਲੇ ਵੀ ਅਮਰਿੰਦਰ ਸਿੰਘ ਹੀ ਹਨ। ਇੱਥੇ ਹੀ ਪਰਨੀਤ ਕੌਰ ਨੇ ਦਾਅਵਾ ਕੀਤਾ ਕਿ ਸਮਾਣਾ ਲਈ 27 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਜੋ ਪਿਛਲੇ ਦਿਨੀਂ ਸ਼ੁਰੂ ਹੋਏ ਹਨ ਉਹ ਉਨ੍ਹਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਰਹਿੰਦਿਆਂ ਪਾਸ ਕਰਵਾਏ ਸਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਮਾਣਾ ਦੇ ਵਿਕਾਸ ਲਈ ਹਮੇਸ਼ਾਂ ਤੱਤਪਰ ਰਹੇ ਹਨ ਪਰ ਉਨ੍ਹਾਂ ਨੂੰ ਇਸ ਗੱਲ ’ਤੇ ਵੀ ਅਫ਼ਸੋਸ ਹੈ ਕਿ ਉਨ੍ਹਾਂ ਦੇ ਯਤਨਾਂ ਨਾਲ ਅਮਰਿੰਦਰ ਸਿੰਘ ਵੱਲੋਂ ਦਿੱਤੇ ਗਏ ਇਸ ਪ੍ਰੋਜੈਕਟ ਦੀ ਸ਼ੁਰੂਆਤ ਸਮੇਂ ਉਨ੍ਹਾਂ ਨੂੰ ਯਾਦ ਤੱਕ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਫ਼ਿਰ ਵੀ ਉਨ੍ਹਾਂ ਨੂੰ ਇਸ ਪ੍ਰੋਜੈਕਟ ਦੀ ਸ਼ੁਰੂਆਤ ਦੀ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਲਕਾ ਵਿਧਾਇਕ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਮਾਣਾ ਦੇ ਵਿਕਾਸ ਲਈ ਕਾਫ਼ੀ ਸਹਿਯੋਗ ਦਿੱਤਾ ਗਿਆ। ਅੱਜ ਪ੍ਰਨੀਤ ਕੌਰ ਦੇ ਸਮਾਣਾ ਫੇਰੀ ਮੌਕੇ ਨਗਰ ਕੌਂਸਲ ਦੀ ਸਮੁੱਚੀ ਟੀਮ ਦੇ ਨਾਲ-ਨਾਲ ਕਈ ਸੀਨੀਅਰ ਕਾਂਗਰਸੀ ਆਗੂ ਗੈਰ ਹਾਜ਼ਿਰ ਰਹੇ। ਇਸ ਮੌਕੇ ਉਨ੍ਹਾਂ ਨਾਲ ਅਗਰਵਾਲ ਧਰਮਸ਼ਾਲਾ ਦੇ ਪ੍ਰਧਾਨ ਜੀਵਨ ਗਰਗ, ਨਗਰ ਕੌਂਸਲ ਸਮਾਣਾ ਦੇ ਸਾਬਕਾ ਪ੍ਰਧਾਨ ਯਸ਼ਪਾਲ ਸਿੰਗਲਾ, ਗੋਪਾਲ ਿਸ਼ਨ ਗਰਗ, ਪਵਨ ਬਾਂਸਲ, ਵਿਜੈ ਅਗਰਵਾਲ, ਸ਼ਾਮ ਲਾਲ ਸਿੰਗਲਾ, ਲਵ ਮਿੱਤਲ, ਸੰਜੀਵ ਗਰਗ, ਡਾ.ਅਨਿਲ ਗਰਗ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ