ਨਿਗਮ ਕਮਿਸ਼ਨਰ ਰਾਹੀਂ ਮੇਅਰ ਨੂੰ ਭੇਜਿਆ ਪੱਤਰ, ਬਹੁਮੱਤ ਸਿੱਧ ਕਰੋ ਜਾਂ ਫਿਰ ਅਸਤੀਫ਼ਾ ਸੌਂਪੋ
ਬ੍ਰਹਮ ਮਹਿੰਦਰਾ ਮੋਤੀ ਮਹਿਲ ’ਤੇ ਪੈ ਰਹੇ ਨੇ ਭਾਰੂ, ਕਦੇ ਵੀ ਸੱਦਿਆ ਜਾ ਸਕਦੈ ਹਾਊਸ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਮੋਤੀ ਮਹਿਲ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਦੀ ਛੁੱਟੀ ਹੋਣੀ ਤੈਅ ਹੈ। ਅੱਜ 42 ਕੌਸਲਰਾਂ ਵੱਲੋਂ ਆਪਣੇ ਦਸਤਖਤਾਂ ਹੇਠ ਨਗਰ ਨਿਗਮ ਦੇ ਕਮਿਸ਼ਨਰ ਰਾਹੀਂ ਮੇਅਰ ਨੂੰ ਇੱਕ ਪੱਤਰ ਸੌਂਪਦਿਆਂ ਮੰਗ ਕੀਤੀ ਗਈ ਹੈ ਕਿ ਉਹ ਜਾਂ ਤਾਂ ਆਪਣਾ ਬਹੁਮੱਤ ਸਿੱਧ ਕਰਨ ਜਾਂ ਫ਼ਿਰ ਮੇਅਰ ਦੀ ਕੁਰਸੀ ਤੋਂ ਅਸਤੀਫਾ ਦੇਣ। ਉਂਜ ਅੱਜ ਮੇਅਰ ਬਦਲਣ ਦੀ ਇਸ ਮੁਹਿੰਮ ਨੂੰ ਲੈ ਕੇ ਮੋਤੀ ਮਹਿਲ ਤੋਂ ਲੈ ਕੇ ਚੰਗੀਗੜ੍ਹ ਤੱਕ ਮੀਟਿੰਗਾਂ ਦਾ ਸਿਲਸਿਲਾ ਚੱਲਦਾ ਰਿਹਾ।
ਜਾਣਕਾਰੀ ਅਨੁਸਾਰ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਕੁਰਸੀ ਤੋਂ ਉਤਾਰਨ ਲਈ ਪਟਿਆਲਾ ਵਿਖੇ ਰਾਜਨੀਤੀ ਪੂਰੀ ਗਰਮਾਈ ਹੋਈ ਹੈ। ਅੱਜ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਰਿਹਾਇਸ ਮੋਤੀ ਮਹਿਲ ਵਿਖੇ ਕੁਝ ਕੌਂਸਲਰਾਂ ਦੀ ਮੀਟਿੰਗ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਦੀ ਅਗਵਾਈ ਹੇਠ ਹੋਈ ਜਦਕਿ ਕਾਂਗਰਸ ਅਤੇ ਬ੍ਰਹਮ ਮਹਿੰਦਰਾ ਧੜੇ ਦੇ ਕੌਂਸਲਰਾਂ ਦੀ ਮੀਟਿੰਗ ਚੰਡੀਗੜ੍ਹ ਵਿਖੇ ਬ੍ਰਹਮ ਮਹਿੰੰਦਰਾ ਦੀ ਸਰਕਾਰੀ ਰਿਹਾਇਸ਼ ’ਤੇ ਹੋਈ। ਇਸ ਦੌਰਾਨ ਕਾਂਗਰਸ ਦੇ ਇੰਚਾਰਜ਼ ਹਰੀਸ ਚੌਧਰੀ ਵੀ ਮੌਜੂਦ ਸਨ।
ਸੂਤਰਾਂ ਅਨੁਸਾਰ ਬ੍ਰਹਮ ਮਹਿੰਦਰਾ ਦਾ ਧੜਾ ਭਾਰੂ ਪੈ ਰਿਹਾ ਹੈ ਅਤੇ ਕਾਂਗਰਸ ਦੇ ਇੰਚਾਰਜ਼ ਹਰੀਸ ਚੌਧਰੀ ਦੀ ਹਾਜਰੀ ’ਚ 42 ਕੌਂਸਲਰਾਂ ਵੱਲੋਂ ਆਪਣੇ ਦਸਤਖਤਾਂ ਹੇਠ ਇੱਕ ਪੱਤਰ ਲਿਖ ਕੇ ਮੇਅਰ ਨੂੰ ਬਦਲਣ ਦੀ ਮੰਗ ਕਰ ਦਿੱਤੀ। ਮੀਟਿੰਗ ਤੋਂ ਬਾਅਦ ਉਕਤ ਪੱਤਰ ਨਗਰ ਨਿਗਮ ਦੇ ਕਮਿਸ਼ਨਰ ਵਿਨੀਤ ਕੁਮਾਰ ਰਾਹੀਂ ਮੇਅਰ ਨੂੰ ਸੌਂਪਦਿਆਂ ਆਪਣਾ ਬਹੁਮੱਤ ਸਿੱਧ ਕਰਨ ਲਈ ਕਹਿ ਦਿੱਤਾ ਹੈ। ਇਸ ਤੋਂ ਬਾਅਦ ਅਗਲੇ ਦਿਨਾਂ ਵਿੱਚ ਨਗਰ ਨਿਗਮ ਦਾ ਇਜਲਾਸ ਸੱਦਿਆ ਜਾਵੇਗਾ, ਜਿਸ ਵਿੱਚ ਫਲੋਰ ਟੈਸਟ ਹੋਵੇਗਾ।
ਇੱਧਰ ਨਿਗਮ ਦੇ ਕਮਿਸ਼ਨਰ ਵੱਲੋਂ ਪੱਤਰ ਮਿਲਣ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਉਨ੍ਹਾਂ ਕਿਹਾ ਕਿ ਜਲਦੀ ਹੀ ਨਿਗਮ ਦਾ ਹਾਊਸ ਸੱਦਿਆ ਜਾਵੇਗਾ। ਦੱਸਣਯੋਗ ਹੈ ਕਿ ਅੱਜ ਮੇਅਰ ਬਦਲਣ ਦੀ ਮੁਹਿੰਮ ਤਹਿਤ ਸਾਰਾ ਦਿਨ ਹੀ ਪਟਿਆਲਾ ’ਚ ਦੋ ਧੜ੍ਹਿਆਂ ਦੀ ਰਾਜਨੀਤੀ ਭਾਰੂ ਰਹੀ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਚੰਡੀਗੜ੍ਹ ਸਰਕਾਰੀ ਰਿਹਾਇਸ਼ ਵਿਖੇ ਹਲਕਾ ਪਟਿਆਲਾ ਸ਼ਹਿਰੀ ਅਤੇ ਹਲਕਾ ਦਿਹਾਤੀ ਦੇ ਕੌਂਸਲਰਾਂ ਨੂੰ ਪੁੱਜਣ ਦਾ ਆਦੇਸ਼ ਸੀ, ਜਿਸ ਤਹਿਤ ਅੱਜ 42 ਕੌਸਲਰ ਸਵੇਰੇ ਉੱਥੇ ਪੁੱਜੇ ਅਤੇ ਉਨ੍ਹਾਂ ਵੱਲੋਂ ਹਰੀਸ ਚੌਧਰੀ ਦੀ ਅਗਵਾਈ ਹੇਠ ਆਪਣੇ ਆਪਣੇ ਦਸਤਖਤ ਕੀਤੇ। ਇੱਧਰ ਮੋਤੀ ਮਹਿਲ ਵਿਖੇ ਵੀ ਸਵੇਰੇ ਆਪਣੇ ਧੜੇ ਦੇ ਕੌਂਸਲਰਾਂ ਨਾਲ ਪਰਨੀਤ ਕੌਰ ਵੱਲੋਂ ਮੀਟਿੰਗ ਕੀਤੀ ਅਤੇ ਇੱਥੇ 15 ਤੋਂ ਵੱਧ ਕੌਂਸਲਰਾਂ ਦੇ ਪੁੱਜਣ ਦੀ ਖ਼ਬਰ ਹੈ। ਪਟਿਆਲਾ ਦੇ ਮੇਅਰ ਦੀ ਕੁਰਸੀ ਬ੍ਰਹਮ ਮਹਿੰਦਰਾ ਅਤੇ ਮੋਤੀ ਮਹਿਲ ਦੇ ਧੜੇ ਲਈ ਮੁੱਛ ਦਾ ਸਵਾਲ ਬਣੀ ਹੋਈ ਹੈ। ਇੱਧਰ ਹੁਣ ਬ੍ਰਹਮ ਮਹਿੰਦਰਾ ਦਾ ਧੜਾ ਭਾਰੂ ਪੈਂਦਾ ਨਜਰ ਆ ਰਿਹਾ ਹੈ ਕਿਉਂਕਿ ਮੇਅਰ ਨੂੰ ਗੱਦੀਓ ਲਾਹੁਣ ਲਈ 42 ਕੌਂਸਲਰਾਂ ਦੀ ਦਰਕਾਰ ਹੈ, ਜੋ ਕਿ ਪੂਰੇ ਹੋ ਗਏ ਹਨ।
ਪਟਿਆਲਾ ’ਚ ਕੁੱਲ 60 ਕੌਂਸਲਰ
ਪਟਿਆਲਾ ਨਗਰ ਨਿਗਮ ਦੇ ਕੌਂਸਲਰਾਂ ਦੀ ਕੁੱਲ ਗਿਣਤੀ 60 ਹੈ। ਪਟਿਆਲਾ ਸ਼ਹਿਰੀ ਹਲਕੇ ’ਚ 32 ਕੌਂਸਲਰ ਆਉਂਦੇ ਹਨ, ਜਿਨ੍ਹਾਂ ਵਿੱਚ 31 ਕਾਂਗਰਸ ਅਤੇ 1 ਅਕਾਲੀ ਦਲ ਨਾਲ ਸਬੰਧ ਰੱਖਦਾ ਹੈ। ਪਟਿਆਲਾ ਦਿਹਾਤੀ ਹਲਕੇ ’ਚੋਂ 26 ਕੌਂਸਲਰ ਆਉਂਦੇ ਹਨ। ਇਸ ਤੋਂ ਇਲਾਵਾ 2 ਕੌਂਸਲਰ ਹਲਕਾ ਸਨੌਰ ਤੋਂ ਹਨ ਕਿਉਂਕਿ ਦੋ ਵਾਰਡ ਹਲਕਾ ਸਨੌਰ ਵਿੱਚ ਪੈਂਦੇ ਹਨ।
ਕਾਂਗਰਸ ਇੰਚਾਰਜ਼ ਨੇ ਸੱਦੀ ਸੀ ਕੌਸਲਰਾਂ ਦੀ ਮੀਟਿੰਗ : ਬ੍ਰਹਮ ਮਹਿੰਦਰਾ
ਇੱਧਰ ਇਸ ਸਬੰਧੀ ਜਦੋਂ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਕੌਂਸਲਰਾਂ ਨੂੰ ਚੰਡੀਗੜ੍ਹ ਵਿਖੇ ਕਾਂਗਰਸ ਦੇ ਇੰਚਾਰਜ਼ ਹਰੀਸ ਚੌਧਰੀ ਵੱਲੋਂ ਸੱਦਿਆ ਗਿਆ ਸੀ। ਉਨ੍ਹਾਂ ਵੱਲੋਂ ਹੀ ਕੌਂਸਲਰਾਂ ਨਾਲ ਮੀਟਿੰਗ ਕੀਤੀ ਗਈ ਹੈ ਅਤੇ ਉੱਥੇ ਹੀ ਕੌਂਸਲਰਾਂ ਨੇ ਦਸਤਖ਼ਤ ਕਰਕੇ ਆਪਣਾ ਨੋਟਿਸ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਕੌਸਲਰਾਂ ਨੂੰ ਚੰਡੀਗੜ੍ਹ ਨਹੀਂ ਸੱਦਿਆ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ