ਪ੍ਰਸ਼ਾਸਨ ਨੇ ਮੁੱਖ ਮੰਤਰੀ ਨਾਲ ਅੱਜ ਦੀ ਕਰਵਾਈ ਮੀਟਿੰਗ ਤੈਅ
- ਅਧਿਆਪਕਾਂ ਨੇ ਚੰਡੀਗੜ੍ਹ ਮੋਹਾਲੀ ਬੈਰੀਅਰ ’ਤੇ ਲਾਇਆ ਧਰਨਾ, ਮੀਟਿੰਗ ਤੱਕ ਜਾਰੀ ਰੱਖਣ ਦਾ ਐਲਾਨ
(ਕੁਲਵੰਤ ਕੋਟਲੀ) ਮੋਹਾਲੀ। ਰੁਜ਼ਗਾਰ ਲਈ ਸੰਘਰਸ਼ ਕਰਦੇ ਆ ਰਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਨੇ ਰੁਜ਼ਗਾਰ ਦੇਣ ਦੀ ਮੰਗ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਘਿਰਾਓ ਲਈ ਚੰਡੀਗੜ੍ਹ ਵੱਲ ਰੋਸ ਮਾਰਚ ਕੀਤਾ। ਪੰਜਾਬ ਪੁਲਿਸ ਵੱਲੋਂ ਵਾਈ ਪੀ.ਐਸ. ਚੌਂਕ ਵਿੱਚ ਪੁਲਿਸ ਫੋਰਸ ਤੇ ਗੱਡੀਆਂ ਲਾ ਕੇ ਰੋਸ ਮਾਰਚ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਅਸਫਲ ਰਹੀ।
ਇਸ ਮੌਕੇ ਪੰਜਾਬ ਪੁਲਿਸ ਨਾਲ ਹੋਈ ਧੱਕਾ-ਮੁੱਕੀ ਤੋਂ ਬਾਅਦ ਬੇਰੁਜ਼ਗਾਰ ਅਧਿਆਪਕ ਅੱਗੇ ਵਧਣ ਵਿੱਚ ਕਾਮਯਾਬ ਹੋ ਗਏ। ਇਸ ਤੋਂ ਅੱਗੇ ਚੰਡੀਗੜ੍ਹ ਮੋਹਾਲੀ ਬੈਰੀਅਰ ’ਤੇ ਚੰਡੀਗੜ੍ਹ ਪੁਲਿਸ ਵੱਲੋਂ ਕੀਤੀ ਸਖਤ ਬੈਰੀਕੇਡਿੰਗ ’ਤੇ ਚੰਡੀਗੜ੍ਹ ਪੁਲਿਸ ਵੱਲੋਂ ਇਨ੍ਹਾਂ ਅਧਿਆਪਕਾਂ ਨੂੰ ਰੋਕ ਲਿਆ ਗਿਆ, ਜਿਸ ’ਤੇ ਅਧਿਆਪਕਾਂ ਨੇ ਉੱਥੇ ਹੀ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।
ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਅਧਿਆਪਕ ਆਗੂਆਂ ਦੀ ਸਿੱਖਿਆ ਮੰਤਰੀ ਪਰਗਟ ਸਿੰਘ ਨਾਲ 17 ਨਵੰਬਰ ਦੀ ਮੀਟਿੰਗ ਤੈਅ ਕਰਵਾਈ ਗਈ, ਜਿਸ ਤੋਂ ਬਾਅਦ ਬੇਰੁਜ਼ਗਾਰ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਘਿਰਾਓ ਦਾ ਪ੍ਰੋਗਰਾਮ ਸਿੱਖਿਆ ਮੰਤਰੀ ਦੀ ਮੀਟਿੰਗ ਤੱਕ ਮੁਲਤਵੀਂ ਕਰਦਿਆਂ ਚੰਡੀਗੜ੍ਹ ਮੋਹਾਲੀ ਬੈਰੀਅਰ ’ਤੇ ਹੀ ਧਰਨਾ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ। ਇਸ ਤੋਂ ਪਹਿਲਾਂ ਅਧਿਆਪਕਾਂ ਵਲੋਂ ਸਥਾਨਕ ਫੇਜ 8 ਨੇੜੇ ਦੁਸਹਿਰਾ ਗਰਾਊਂਡ ਵਿੱਚ ਸੂਬਾ ਪੱਧਰੀ ਰੋਸ ਰੈਲੀ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਸੰਦੀਪ ਸਿੰਘ, ਨਿਰਮਲ ਸਿੰਘ, ਕੁਲਦੀਪ ਸਿੰਘ, ਸੁਰਿੰਦਰਪਾਲ ਸਿੰਘ, ਡਾ. ਪਰਵਿੰਦਰ ਸਿੰਘ, ਮਨੀ ਸਿੰੰਘ, ਰਾਜ ਕੁਮਾਰ ਤੇ ਜਰਨੈਲ ਸਿੰਘ ਨੇ ਕਿਹਾ ਕਿ ਬੇਰੁਜਗਾਰ ਨੌਜਵਾਨਾਂ ਨੂੰ ਉਮੀਦਾਂ ਸਨ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਬੇਰੁਜ਼ਗਾਰਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਗੇ, ਪਰ ਉਨ੍ਹਾਂ ਵੱਲੋਂ ਬੇਰੁਜਗਾਰਾਂ ਦੀਆਂ ਮੰਗਾਂ ਹੱਲ ਤਾਂ ਕੀ ਕਰਨੀਆਂ ਸਨ, ਸੁਣਨ ਤੱਕ ਦਾ ਵੀ ਸਮਾਂ ਉਨ੍ਹਾਂ ਵੱਲੋਂ ਨਹੀਂ ਕੱਢਿਆ ਗਿਆ।
ਭਰਤੀ ਪ੍ਰਕਿਰਿਆ ਨੂੰ ਜਾਣ ਬੁਝ ਕੇ ਲਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
ਉਨ੍ਹਾਂ ਕਿਹਾ ਕਿ 2364 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ’ਤੇ ਮਾਣਯੋਗ ਆਦਲਤ ਵੱਲੋਂ ਲਗਾਈ ਰੋਕ ਨੂੰ ਹਟਾਉਣ ਲਈ ਏ.ਜੀ. ਪੰਜਾਬ ਵੱਲੋਂ ਕੋਈ ਵੀ ਪਹਿਲਕਦਮੀ ਨਹੀਂ ਕੀਤੀ ਜਾ ਰਹੀ ਇਸਤੋਂ ਇਲਾਵਾ 6635 ਤੇ 22 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਦੀ ਪ੍ਰਕਿਰਿਆ ਸਰਕਾਰ ਵੱਲੋਂ ਪੂਰੀ ਕਰਨ ਵਿੱਚ ਕੋਈ ਵੀ ਰੁਚੀ ਨਹੀਂ ਵਿਖਾਈ ਜਾ ਰਹੀ ਜਦੋਂਕਿ ਭਰਤੀ ਪ੍ਰਕਿਰਿਆ ਨੂੰ ਜਾਣ ਬੁਝ ਕੇ ਲਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜੇ ਪਾਸੇ ਜਿਹੜੀ ਸਟੇਅ ਲੱਗੀ ਹੋਈ ਹੈ ਉਸ ਨੂੰ ਹਟਾਉਣ ਦੇ ਲਈ ਏ.ਜੀ ਪੰਜਾਬ ਵੱਲੋਂ ਕੋਈ ਵੀ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਇਸ ਮੌਕੇ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ