ਕਾਂਗਰਸ ਦੇ ਮੌਜੂਦਾ ਵਿਧਾਇਕਾਂ ਨੂੰ ਹੀ ਨਹੀਂ ਮਿਲੇਗੀ ਟਿਕਟ, ਸਿਰਫ਼ ਜੇਤੂ ਵਿਧਾਇਕਾਂ ਬਾਰੇ ਵਿਚਾਰ ਕਰੇਗੀ ਕਾਂਗਰਸ

ਕਾਂਗਰਸ ਇੰਚਾਰਜ ਹਰੀਸ ਚੌਧਰੀ ਦੀ ਦੋ ਟੁੱਕ, ਜਰੂਰੀ ਨਹੀਂ ਵਿਧਾਇਕਾਂ ਨੂੰ ਮੁੜ ਤੋਂ ਦਿੱਤੀ ਜਾਵੇ ਟਿਕਟ

  • ਮੁੱਖ ਮੰਤਰੀ ਦੇ ਚਿਹਰੇ ਨੂੰ ਨਹੀਂਂ ਕੀਤਾ ਜਾਏਗਾ ਘੋਸ਼ਿਤ, ਨਵਜੋਤ ਸਿੱਧੂ ਲਈ ਖ਼ਤਰੇ ਦੀ ਘੰਟੀ

(ਅਸ਼ਵਨੀ ਚਾਵਲਾ) ਚੰਡੀਗੜ। ਇਹ ਜਰੂਰੀ ਨਹੀਂ ਹੈ ਕਿ ਪੰਜਾਬ ਕਾਂਗਰਸ ਦੇ ਮੌਜੂਦਾ ਵਿਧਾਇਕਾਂ ਨੂੰ ਟਿਕਟ ਦਿੱਤੀ ਜਾਵੇ। ਜਿਹੜੇ ਵਿਧਾਇਕ ਸਰਵੇ ਵਿੱਚ ਜਿੱਤ ਪ੍ਰਾਪਤ ਕਰ ਰਹੇ ਹੋਣਗੇ, ਉਨ੍ਹਾਂ ਨੂੰ ਹੀ ਮੁੜ ਤੋਂ ਟਿਕਟ ਦੇਣ ਸਬੰਧੀ ਵਿਚਾਰ ਕੀਤਾ ਜਾਏਗਾ। ਜਿਹੜੇ ਵਿਧਾਇਕਾਂ ਦੀ ਹਾਲਤ ਪਤਲੀ ਹੋਏਗੀ, ਉਨਾਂ ਦੀ ਟਿਕਟ ਕੱਟ ਦਿੱਤੀ ਜਾਏਗੀ। ਇਹ ਸਾਫ ਇਸ਼ਾਰਾ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ ਚੌਧਰੀ ਨੇ ਚੰਡੀਗੜ੍ਹ ਵਿਖੇ ਕਰ ਦਿੱਤਾ ਹੈ। ਨਵਜੋਤ ਸਿੱਧੂ ਵੱਲੋਂ ਇੱਕ ਵਾਰ ਫਿਰ ਤੋਂ ਕਾਂਗਰਸ ਭਵਨ ਵਿਖੇ ਆਪਣਾ ਦਫ਼ਤਰ ਸੰਭਾਲ ਲਿਆ ਗਿਆ ਹੈ। ਇਸ ਮੌਕੇ ਨਵਜੋਤ ਸਿੱਧੂ ਅਤੇ ਹਰੀਸ ਚੌਧਰੀ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਹਰੀਸ਼ ਚੌਧਰੀ ਅਤੇ ਨਵਜੋਤ ਸਿੱੱਧੂ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਜੇਤੂ ਉਮੀਦਵਾਰਾਂ ਨੂੰ ਹੀ ਟਿਕਟ ਦੇਵੇਗੀ ਅਤੇ ਇਹ ਜਰੂਰੀ ਨਹੀਂ ਹੁੰਦਾ ਹੈ ਕਿ ਜਿਹੜਾ ਵਿਧਾਇਕ ਹੋਵੇ, ਉਸ ਨੂੰ ਹਰ ਹਾਲਤ ਵਿੱਚ ਹੀ ਟਿਕਟ ਦੇਣੀ ਜਰੂਰੀ ਹੈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਆਖਰ ਵਿੱਚ ਟਿਕਟਾਂ ਦੀ ਵੰਡ ਕਰਦੀ ਹੈ ਅਤੇ ਇਸ ਵਾਰ ਵੀ ਆਖਰ ਵਿੱਚ ਹੀ ਟਿਕਟ ਦਿੱਤੀ ਜਾਏਗੀ। ਉਨਾਂ ਕਿਹਾ ਕਿ ਸੀਟ ਦਾ ਜੇਤੂ ਫ਼ਾਰਮੂਲਾ ਹੀ ਅਪਣਾਇਆ ਜਾਏਗਾ।

ਇੱਥੇ ਹੀ ਮੁੱਖ ਮੰਤਰੀ ਦੇ ਚੇਹਰੇ ਦੇ ਐਲਾਨ ਨੂੰ ਲੈ ਕੇ ਹਰੀਸ ਚੌਧਰੀ ਨੇ ਕਿਹਾ ਕਿ ਪੰਜਾਬ ਦਾ ਹਰ ਵਰਕਰ ਅਤੇ ਆਮ ਵਿਅਕਤੀ ਹੀ ਮੁੱਖ ਮੰਤਰੀ ਦਾ ਚਿਹਰਾ ਹੈ। ਪੰਜਾਬ ਦੇ ਹਰ ਵਿਅਕਤੀ ਵਿੱਚ ਹੀ ਮੁੱਖ ਮੰਤਰੀ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਚੋਣਾਂ ਵਿੱਚ ਉੱਤਰੇਗੀ। ਹਰੀਸ ਚੌਧਰੀ ਦੇ ਇਸ ਬਿਆਨ ਤੋਂ ਜ਼ਾਹਰ ਸੀ ਕਿ ਪੰਜਾਬ ਵਿੱਚ ਮੁੱਖ ਮੰਤਰੀ ਦੇ ਚੇਹਰੇ ਲਈ ਕਿਸੇ ਨੂੰ ਵੀ ਐਲਾਨ ਨਹੀਂ ਕੀਤਾ ਜਾਏਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ