ਆਵਾਜਾਈ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਦੀ ਵਾਅਦਾ ਖਿਲਾਫੀ ਤੋਂ ਦੁਖੀ ਕੱਚੇ ਮੁਲਾਜਮ 23 ਤੋਂ ਕਰਨਗੇ ਅਣਮਿੱਥੇ ਸਮੇਂ ਦੀ ਹੜਤਾਲ : ਸੰਧੂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਰੋਡਵੇਜ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵੱਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਪੰਜਾਬ ਰੋਡਵੇਜ ਪਨਬੱਸ ਅਤੇ ਪੀਆਰਟੀਸੀ ਦੇ 27 ਡਿਪੂਆਂ ਦੇ ਗੇਟਾਂ ’ਤੇ ਗੇਟ ਰੈਲੀਆਂ ਕਰਕੇ ਅੱਜ ਸਰਕਾਰ ਦਾ ਭੰਡੀ ਪ੍ਰਚਾਰ ਸ਼ੁਰੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਸੂੂਬਾ ਮੀਤ ਪ੍ਰਧਾਨ ਹਰਕੇਸ਼ ਵਿੱਕੀ, ਡਿਪੂ ਪ੍ਰਧਾਨ ਸਹਿਜਪਾਲ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਅਤੇ ਆਵਾਜਾਈ ਮੰਤਰੀ ਪੰਜਾਬ ਵੱਲੋਂ ਯੂਨੀਅਨ ਨਾਲ 12 ਨਵੰਬਰ ਨੂੰ ਮੀਟਿੰਗ ਕਰਕੇ ਸਾਰੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ 20 ਦਿਨਾਂ ਦਾ ਸਮਾਂ ਮੰਗਿਆ ਗਿਆ ਸੀ ਅਤੇ ਯੂਨੀਅਨ ਵੱਲੋਂ ਵੱਖ-ਵੱਖ ਵਿਭਾਗਾਂ ਦੇ ਕੱਚੇ ਮੁਲਾਜ਼ਮ ਜੋ ਪੱਕੇ ਕੀਤੇ ਹਨ ਦਾ ਰਿਕਾਰਡ ਮੁੱਖ ਮੰਤਰੀ ਪੰਜਾਬ ਨੂੰ ਦਿੱਤਾ ਗਿਆ ਸੀ ਜਿਸ ਤਹਿਤ 2 ਸਾਲ ਤੋਂ 7 ਸਾਲ ਤੱਕ ਦੇ ਵੱਖ-ਵੱਖ ਵਿਭਾਗਾਂ ਦੇ ਕੱਚੇ ਮੁਲਾਜਮਾਂ ਨੂੰ ਪੱਕਾ ਕੀਤਾ ਗਿਆ ਹੈ।
ਯੂਨੀਅਨ ਨੇ ਮੰਗ ਕੀਤੀ ਸੀ ਕਿ ਪਨਬੱਸ ਦੇ ਸਾਰੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ , ਇਸ ’ਤੇ ਮੁੱਖ ਮੰਤਰੀ ਪੰਜਾਬ ਨੇ ਭਰੋਸਾ ਦਿੱਤਾ ਸੀ ਕਿ ਦੂਸਰੇ ਵਿਭਾਗਾਂ ਦੀ ਤਰਜ ’ਤੇ ਆਵਾਜਾਈ ਵਿਭਾਗ ਦੇ ਕੱਚੇ ਮੁਲਾਜਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇਗਾ। ਪ੍ਰੰਤੂ ਪੰਜਾਬ ਸਰਕਾਰ ਨੇ ਆਪਣੇ ਵਾਅਦਿਆਂ ਦੇ ਉਲਟ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਕਟ 10 ਸਾਲ ਦੇ ਕੇਵਲ ਕੰਟਰੈਕਟ ਮੁਲਾਜਮਾਂ ਨੂੰ ਪੱਕਾ ਕਰਨ ਦੀ ਗੱਲ ਸਾਹਮਣੇ ਆਈ ਹੈ ਜੋ ਟਰਾਂਸਪੋਰਟ ਕਾਮਿਆਂ ਨੂੰ ਬਿਲਕੁਲ ਮਨਜੂਰ ਨਹੀਂ ਹੈ ਅਤੇ ਗਲਤ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀਆਂ ਗੱਲਾਂ ਬੇ ਬੁਨਿਆਦ ਹਨ ਅਤੇ ਟਰਾਂਸਪੋਰਟ ਮੰਤਰੀ ਵੱਲੋਂ ਹਰ ਮੀਟਿੰਗ ਵਿੱਚ ਟਰਾਂਸਪੋਰਟ ਵਿੱਚ ਸੁਧਾਰ ਕਰਨ ਦੇ ਦਾਅਵੇ ਝੂਠੇ ਤੇ ਬੇਬੁਨਿਆਦ ਹਨ ਕਿਉਂਕਿ ਸਰਕਾਰੀ ਬੱਸਾਂ ਬਿਲਕੁਲ ਨਹੀਂ ਹਨ ਅਤੇ ਨਾ ਹੀ ਸਰਕਾਰੀ ਮੁਲਾਜਮ ਹਨ ਬਿਨ੍ਹਾਂ ਮੁਲਾਜਮਾਂ ਅਤੇ ਸਰਕਾਰੀ ਬੱਸਾਂ ਦੇ ਮਹਿਕਮੇ ਨੂੰ ਕੌਣ ਚਲਾ ਰਹੇ ਹਨ ਇਹ ਸੋਚਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪ੍ਰੰਤੂ ਚੰਨੀ ਸਰਕਾਰ ਵੱਲੋਂ ਵਰਕਰਾਂ ਨਾਲ ਝੂਠਾ ਵਾਅਦਾ ਕਰਕੇ ਟਾਇਮ ਟਪਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਅੱਜ ਤੋਂ ਗੇਟ ਰੈਲੀਆ ਕਰਕੇ ਪੂਰੇ ਪੰਜਾਬ ਅੰਦਰ ਕਾਂਗਰਸ ਸਰਕਾਰ ਖਿਲਾਫ ਬੱਸਾ ਵਿੱਚ ਭੰਡੀ ਪ੍ਰਚਾਰ ਸੁਰੂ ਕੀਤਾ ਗਿਆ ਹੈ ਅਤੇ ਸਰਕਾਰ ਦੀਆਂ ਸਰਕਾਰੀ ਮਹਿਕਮੇ ਖਤਮ ਕਰਨ ਸਮੇਤ ਮਾੜੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ। ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਜਾਂ ਸਿਆਸੀ ਪ੍ਰੋਗਰਾਮ ਤੇ ਜੇਕਰ ਪਨਬੱਸ ਜਾਂ ਪੀ ਆਰ ਟੀ ਸੀ ਦੀਆਂ ਬੱਸਾਂ ਭੇਜੀਆਂ ਜਾਂਦੀਆਂ ਹਨ ਤਾਂ ਯੂਨੀਅਨ ਦਾ ਕੋਈ ਵੀ ਕੱਚਾ ਮੁਲਾਜਮ ਡਿਊਟੀ ਨਹੀਂ ਕਰੇਗਾ ਜੇਕਰ ਸਰਕਾਰ ਨੇ ਕੋਈ ਹੱਲ ਨਾ ਕੱਢਿਆ ਤਾਂ 23 ਨਵੰਬਰ ਨੂੰ ਅਣਮਿਥੇ ਸਮੇ ਦੀ ਹੜਤਾਲ ਕਰਕੇ 24 ਨਵੰਬਰ ਨੂੰ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ। ਇਸ ਹੜਤਾਲ ਉਪਰੰਤ ਪੰਜਾਬ ਦੇ ਸਾਰੇ ਨੈਸ਼ਨਲ ਹਾਈਵੇਅ ਜਾਮ ਕਰਨ ਵਰਗੇ ਤਿੱਖੇ ਸੰਘਰਸ਼ ਕੀਤੇ ਜਾਣਗੇ। ਇਸ ਸੰਘਰਸ਼ ਦੌਰਾਨ ਹੋਣ ਵਾਲੇ ਨੁਕਸਾਨ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ