ਸਿੱਧੂ ਕਾਲੀਦਾਸ ਹੈ ਜਿਸ ਟਾਹਣੇ ’ਤੇ ਬੈਠਦੈ ਉਸੀ ਨੂੰ ਵੱਢ ਦਿੰਦੈ : ਮਨੋਰੰਜਨ ਕਾਲੀਆ
(ਜਤਿੰਦਰ ਲੱਕੀ) ਰਾਜਪੁਰਾ। ਸੀਨੀਅਰ ਭਾਜਪਾ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਆਪਣੇ ਇੱਕ ਨਿੱਜੀ ਪ੍ਰੋਗਰਾਮ ਦੌਰਾਨ ਸਥਾਨਕ ਭਾਜਪਾ ਆਗੂ ਸੰਜੀਵ ਮਿੱਤਲ ਦੇ ਦਫਤਰ ਪੁੱਜ ਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਹੇਠ ਕਿਸਾਨਾਂ ਦੇ ਮੁੱਦੇ ਨੂੰ ਹੱਲ ਕਰਵਾਉਣ ਤੋਂ ਬਾਅਦ ਬੀਜੇਪੀ ਆਪਣੇ ਤੌਰ ’ਤੇ ਚੋਣਾਂ ਲੜੇਗੀ ਤੇ ਪੂਰੇ ਬਹੁਮਤ ਨਾਲ ਖਰੀ ਸਰਕਾਰ ਬਣਾਏਗੀ।
ਮੋਦੀ ਸਰਕਾਰ ਵੱਲੋਂ ਬੀਐਸਐਫ ਦੇ ਖੇਤਰ ਨੂੰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰਨ ਦੇ ਫੈਸਲੇ ਨੂੰ ਸਰਕਾਰ ਦਾ ਸਹੀ ਕਦਮ ਦੱਸਿਆ। ਉਨ੍ਹਾਂ ਸ਼ੈਸਨ ਦੌਰਾਨ ਮੁੱਖ ਮੰਤਰੀ ਚੰਨੀ ਤੇ ਮਜੀਠੀਆ ਦੀ ਤਿੱਖੀ ਬਹਿਸ ਨੂੰ ਮੰਦਭਾਗਾ ਆਖਿਆ ਤੇ ਚੰਨੀ ਨੂੰ ਨਸੀਹਤ ਦਿੰਦੇ ਹੋਏ ਕੁਰਸੀ ਤੇ ਅਹੁਦੇ ਦੀ ਗਰਿਮਾ ਦਾ ਖਿਆਲ ਰੱਖਣ ਲਈ ਕਿਹਾ । ਇੱਕ ਸੁਆਲ ਦੇ ਜਵਾਬ ਵਿੱਚ ਕਾਲੀਆ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸੁਭਾਅ ਬਾਰੇ ਤੰਜ ਕੱਸਦੇ ਹੋਏ ਆਖਿਆ ਕਿ ਸਿੱਧੂ ਦੀ ਤੁਲਨਾ ਕਾਲੀਦਾਸ ਦੇ ਨਾਲ ਕਰੀਏ ਤਾਂ ਠੀਕ ਹੈ ਜੋ ਜਿਸ ਟਾਹਣੇ ’ਤੇ ਬੈਠਦਾ ਹੈ ਉਸੇ ਨੂੰ ਹੀ ਵੱਢ ਦਿੰਦਾ ਹੈ। ਸਾਨੂੰ ਪਤਾ ਹੈ ਕਿ ਅਸੀਂ ਇਸ ਨੂੰ ਕਿਸ ਤਰ੍ਹਾਂ ਝੱਲਦਿਆਂ ਕਾਂਗਰਸ ’ਚ ਤੋਰਿਆ ਹੈ। ਇਸ ਮੌਕੇ ਸੰਜੀਵ ਮਿੱਤਲ , ਸੰਦੀਪ ਜਿੰਦਲ, ਰਾਜੀਵ ਚੌਧਰੀ (ਰਿੰਕੂ), ਮਨਮੋਹਨ ਭੋਲਾ, ਵਿਮਲ ਜੈਨ, ਜੇ ਬੀ ਗੁਪਤਾ ਅਤੇ ਸੰਦੀਪ ਸਿੱਕਾ ਆਦਿ ਕਈ ਭਾਜਪਾ ਆਗੂ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ