ਅਧਿਆਪਕ ਦੀ ਦਰਿਆ ਦਿਲੀ ਬਾਲਾਂ ਦੇ ਵਿਕਾਸ ਦੀ ਬੁਨਿਆਦ
ਕੁਝ ਬੱਚੇ ਜਮਾਤ ’ਚ ਸੌਖੇ ਪ੍ਰਸ਼ਨਾਂ ਦੇ ਉੱਤਰ ਅਧਿਆਪਕ ਨੂੰ ਵਾਰ-ਵਾਰ ਪੁੱਛਦੇ ਹਨ। ਕਈ ਵਾਰ ਉਨ੍ਹਾਂ ਦੇ ਇਸ ਰਵੱਈਏ ਤੋਂ ਅਧਿਆਪਕ ਖਿਝ ਜਾਂਦੇ ਹਨ। ਅਸਲ ਵਿੱਚ ਅਜਿਹੇ ਵਿਦਿਆਰਥੀਆਂ ਦਾ ਮਸਲਾ ਸਵਾਲਾਂ ਦੇ ਉੱਤਰ ਦਾ ਨਹੀਂ ਹੁੰਦਾ ਸਗੋਂ ਉਹ ਆਪਣੀ ਪਛਾਣ ਵਿਖਾਉਣ ਲਈ ਵਾਰ-ਵਾਰ ਅੱਗੇ ਆਉਂਦੇ ਹਨ ਪਰ ਅਜਿਹੇ ਮੌਕੇ ਅਧਿਆਪਕ ਦੇ ਟੁੱਟ ਕੇ ਪੈਣ ਨਾਲ ਉਨ੍ਹਾਂ ਦੇ ਅੰਦਰਲੇ ਸੋਮੇ ਸੁੱਕ ਜਾਂਦੇ ਹਨ ਅਜਿਹੇ ਬੱਚੇ ਦੂਸਰੇ ਬੱਚਿਆਂ ਲਈ ਮਜ਼ਾਕ ਦਾ ਪਾਤਰ ਬਣ ਜਾਂਦੇ ਹਨ
ਇੱਥੋਂ ਆਪਣੀ ਹੋਂਦ ਤੇ ਸਵੈ-ਪ੍ਰਗਟਾਵੇ ਲਈ ਜੂਝ ਰਹੇ ਬੱਚੇ ਅੰਦਰ ਆਲੇ-ਦੁਆਲੇ ਖਾਸ ਕਰਕੇ ਸਕੂਲ ਪ੍ਰਤੀ ਨਫਰਤ ਸ਼ੁਰੂ ਹੋ ਜਾਂਦੀ ਹੈ। ਅਧਿਆਪਕ ਦਾ ਪੱਖਪਾਤ ਰਹਿਤ ਤੇ ਸਹਿਜਮਈ ਹੋਣਾ ਅਤੀ ਜ਼ਰੂਰੀ ਹੈ। ਉਸਦੇ ਦਇਆਵਾਨ ਹੋਣ ਨਾਲ ਬੱਚੇ ਉਸ ਵੱਲ ਖਿੱਚੇ ਜਾਂਦੇ ਹਨ। ਬੱਚੇ ਸਕੂਲਾਂ ਵਿੱਚ ਸਿਰਫ਼ ਕਿਤਾਬਾਂ ਪੜ੍ਹਕੇ ਜਮਾਤਾਂ ਪਾਸ ਕਰਨ ਨਹੀਂ ਜਾਂਦੇ ਸਗੋਂ ਦੂਸਰਿਆਂ ਨਾਲ ਸਾਂਝ ਤੇ ਅਦਾਨ-ਪਦਾਨ ਰਾਹੀਂ ਆਪਣਾ ਵਿਕਾਸ ਵੀ ਕਰਦੇ ਹਨ।
ਸਕੂਲਾਂ ਵਿੱਚ ਸ਼ਮੂਲੀਅਤ ਸੱਭਿਆਚਾਰ ਹੋਣਾ ਅਤੀ ਜ਼ਰੂਰੀ ਹੈ। ਸੰਸਥਾ ਵਿੱਚ ਇੱਕ-ਦੂਜੇ ਪ੍ਰਤੀ ਦਿਆਲਤਾ ਤੇ ਹਰ ਇੱਕ ਦੀ ਸੱਭਿਆਚਾਰਕ ਤੇ ਭਾਵਨਾਤਮਕ ਸੰਵੇਦਨਸ਼ੀਲਤਾ ਦਾ ਸਨਮਾਨ ਵਿਦਿਆਰਥੀਆਂ ਨੂੰ ਜੀਵਨ ਦੇ ਹੁਨਰ ਸਿਖਾਉਂਦਾ ਹੈ ਜੋ ਉਨ੍ਹਾਂ ਨੂੰ ਵਿਸ਼ਵਵਿਆਪੀ ਨਾਗਰਿਕ ਬਣਨ ਲਈ ਮੱਦਦਗਾਰ ਹੁੰਦਾ ਹੈ। ਬਦਕਿਸਮਤੀ ਨਾਲ ਸਾਡੇ ਸਕੂਲਾਂ ਅੰਦਰ ਹਾਸਿਆਂ ਦੀਆਂ ਕਿਲਕਾਰੀਆਂ ਦੀ ਥਾਂ ਪੱਥਰਾਂ ਵਰਗੀ ਖਾਮੋਸ਼ੀ ਹੈ। ਅਧਿਆਪਕਾਂ ਅੰਦਰ ਕੁਝ ਨਿੱਜੀ ਅਣਸੁਲਝੇ ਮਸਲਿਆਂ ਕਰਕੇ ਬੇਚੈਨੀ ਵਧ ਰਹੀ ਹੈ। ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਸਮਾਜ ਦੀ ਅਸ਼ਾਂਤੀ ਜਮਾਤਾਂ ਦੇ ਕਮਰਿਆਂ ਤੋਂ ਸ਼ੁਰੂ ਹੁੰਦੀ ਹੈ।
ਸਿੱਖਿਆ ਸਾਨੂੰ ਜ਼ਿੰਦਗੀ ਦੇ ਅਨੁਕੂਲ ਬਣਾਉਂਦੀ ਹੈ। ਬੱਚੇ ਦੇ ਦਿਮਾਗ ਨੂੰ ਸ਼ੁਰੂਆਤੀ ਸਾਲਾਂ ਵਿੱਚ ਜਾਣਕਾਰੀ ਪ੍ਰਾਪਤ ਕਰਨ ਤੇ ਪੜ੍ਹੇ ਮੈਟਰ ਵਿੱਚੋਂ ਉੱਤਰ ਦੇਣ ਲਈ ਸਕੂਲ ਅਹਿਮ ਭੂਮਿਕਾ ਅਦਾ ਕਰਦੇ ਹਨ। ਬੱਚੇ ਨੇ ਕੀ ਪੜ੍ਹਨਾ ਹੈ ਤੇ ਕੀ ਉੱਤਰ ਦੇਣਾ ਹੈ, ਬਾਰੇ ਸਰਕਾਰਾਂ ਨਿਰਧਾਰਿਤ ਕਰਦੀਆਂ ਹਨ। ਸਰਕਾਰਾਂ ਦੇ ਕੁਝ ਆਪਣੇ ਲੁਕਵੇਂ ਏਜੰਡੇ ਵੀ ਹੁੰਦੇ ਹਨ ਜਿਨ੍ਹਾਂ ਦੀ ਪੂਰਤੀ ਬੱਚਿਆਂ ਤੋਂ ਬਾਲਗ ਬਣੇ ਨਾਗਰਿਕਾਂ ਰਾਹੀਂ ਕੀਤੀ ਜਾਣੀ ਹੁੰਦੀ ਹੈ। ਇੱਕ ਸਰਵੇ ਅਨੁਸਾਰ ਧੱਕੇ ਨਾਲ ਦਿੱਤੀ ਸਿੱਖਿਆ ਬੱਚੇ ਦੀ ਸ਼ਖਸੀਅਤ ਦਾ ਸਰਬਪੱਖੀ ਵਿਕਾਸ ਕਰਨ ਦੀ ਥਾਂ ਉਸ ਅੰਦਰ ਤਮਾਮ ਉਮਰ ਲਈ ਅਜਿਹੇ ਕਾਣ ਪਾ ਦਿੰਦੀ ਹੈ ਜੋ ਕਦੇ ਵੀ ਦੂਰ ਨਹੀਂ ਹੁੰਦੇ। ਬੱਚਿਆਂ ਦੀ ਪ੍ਰੇਰਨਾ ਸ਼ਕਤੀ ਜ਼ੀਰੋ ਹੋ ਜਾਂਦੀ ਹੈ। ਉਨ੍ਹਾਂ ਦੀ ਕਾਰਗੁਜ਼ਾਰੀ ’ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਇਸ ਲਈ ਤਰਕ-ਵਿਹੂਣੀ ਸਿੱਖਿਆ ਪ੍ਰਣਾਲੀ ਬਾਰੇ ਸਾਨੂੰ ਕਿਸੇ ਪ੍ਰਮਾਣ ਦੀ ਲੋੜ ਨਹੀਂ ਹੈ।
ਸਿੱਖਿਆ ਖੇਤਰ ’ਚ ਬਲੇਮ ਗੇਮ ਖੇਡੀ ਜਾਂਦੀ ਹੈ ਭਾਵ ਆਪਣੀਆਂ ਨਕਾਮੀਆਂ ਦਾ ਦੋਸ਼ ਦੂਸਰਿਆਂ ਸਿਰ ਮੜ੍ਹ ਦਿੱਤਾ ਜਾਂਦਾ ਹੈ। ਸਕੂਲਾਂ ਵੱਲੋਂ ਆਪਣੇ ਵਿਦਿਆਰਥੀਆਂ ਦੇ ਮੱਧਮ ਪ੍ਰਦਰਸ਼ਨ ਲਈ ਮਾਪਿਆਂ ਵੱਲ ਉਂਗਲੀਆਂ ਉਠਾਈਆਂ ਜਾਂਦੀਆਂ ਹਨ। ਸਰਕਾਰ ਅਧਿਆਪਕਾਂ ਨੂੰ ਦੋਸ਼ੀ ਠਹਿਰਾਉਂਦੀ ਹੈ। ਮਾਪੇ ਸਮੁੱਚੇ ਸਿੱਖਿਆ ਤੰਤਰ ਤੋਂ ਪ੍ਰੇਸ਼ਾਨ ਹਨ। ਇੱਕ-ਦੂਜੇ ’ਤੇ ਦੋਸ਼ਾਂ ਨੇ ਸਿੱਖਿਆ ਖੇਤਰ ਦਾ ਸੁਧਾਰ ਨਹੀਂ ਕਰਨਾ। ਸਿੱਖਿਆ ਨਾਲ ਜੁੜੀਆਂ ਸਾਰੀਆਂ ਧਿਰਾਂ ਵੱਲੋਂ ਠੋਸ ਕਦਮ ਉਠਾਉਣ ਨਾਲ ਹੀ ਸਿੱਖਿਆ ਦੇ ਸਰਵਪੱਖੀ ਵਿਕਾਸ ਵਾਲਾ ਮਾਡਲ ਸਾਹਮਣੇ ਆਉਣਾ ਹੈ। ਬੱਚੇ ਆਪਣੇ ਨਾਲ ਲੋੜੋਂ ਵੱਧ ਸਾਮਾਨ ਲੈ ਕੇ ਆਉਂਦੇ ਹਨ।
ਇੰਨਾ ਕੁਝ ਯਾਦ ਕਰਨ ਨੂੰ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਦੇ ਤਨ ਤੇ ਮਨ ਬੋਝ ਥੱਲੇ ਦੱਬੇ ਜਾਂਦੇ ਹਨ। ਬੱਚਿਆਂ ਦੇ ਬਸਤਿਆਂ ਦਾ ਭਾਰ ਹੌਲਾ ਕਰਨ ਦੇ ਨਾਲ-ਨਾਲ ਘਰ ਦੇ ਕੰਮ ਦਾ ਬੋਝ ਘਟਾਉਣਾ ਹੋਵੇਗਾ। ਸੁਧਾਰ ਲਚਕ ’ਚੋਂ ਨਿੱਕਲਦੇ ਹਨ ਕਠੋਰ ਪ੍ਰਬੰਧ ਕਦੇ ਵੀ ਵਧੀਆ ਨਤੀਜੇ ਨਹੀਂ ਦੇ ਸਕਦਾ। ਸਕੂਲ਼ਾਂ ਅੰਦਰ ਬੱਚਿਆਂ ਅਤੇ ਅਧਿਆਪਕਾਂ ਨੂੰ ਹੋਰ ਖੁੱਲ੍ਹਾਂ ਦੇਣ ਨਾਲ ਮੋਕਲਾ ਤੇ ਸੁਖਾਵਾਂ ਮਾਹੌਲ ਉਸਰ ਸਕਦਾ ਹੈ। ਵਿਦਿਆਰਥੀਆਂ ਦੀ ਪ੍ਰੇਰਣਾ ਨੂੰ ਉਤਸ਼ਾਹਿਤ ਕਰਨਾ ਕੋਈ ਸੌਖਾ ਕੰਮ ਨਹੀਂ ਹੈ ਉਨ੍ਹਾਂ ਦੀ ਯੋਗਤਾ ਅਤੇ ਸਮਰੱਥਾ ਨੂੰ ਪਛਾਣਨ ਅਤੇ ਨਿਰਪੱਖ ਵਿੱਦਿਅਕ ਮਾਹੌਲ ਬਣਾਈ ਰੱਖਣ ਲਈ ਸੂਖਮ ਸੂਝ ਦੀ ਲੋੜ ਹੁੰਦੀ ਹੈ। ਜਦੋਂ ਵਿਦਿਆਰਥੀ ਅਧਿਆਪਕ ਦੀਆਂ ਉਮੀਦਾਂ ’ਤੇ ਖਰੇ ਨਹੀਂ ਉੱਤਰਦੇ ਤਾਂ ਉਨ੍ਹਾਂ ਨੂੰ ਸਹਿਜ ਰੱਖਣ ਦੀ ਲੋੜ ਹੁੰਦੀ ਹੈ।
ਅਧਿਆਪਕ ਵੱਲੋਂ ਬੱਚੇ ਦਾ ਬਾਈਕਾਟ ਬਹੁਤ ਹਾਨੀਕਾਰਕ ਹੈ। ਬੱਚੇ ਤੋਂ ਆਸ ਰੱਖਣਾ ਅਧਿਆਪਕ ਦਾ ਕਰਮ-ਧਰਮ ਹੈ। 1960 ਦੇ ਦਹਾਕੇ ਵਿੱਚ ਹਾਰਵਰਡ ਦੇ ਪ੍ਰੋਫੈਸਰ ਰੌਬਰਟ ਰੋਸੇਨਥਲ ਨੇ ਇੱਕ ਪ੍ਰਯੋਗ ਕੀਤਾ ਜਿੱਥੇ ਉਸਨੇ ਸਾਬਤ ਕੀਤਾ ਕਿ ਅਧਿਆਪਕ ਦੀਆਂ ਉਮੀਦਾਂ ਨਾਲ ਬੱਝੇ ਵਿਦਿਆਰਥੀ ਵਧੀਆ ਪ੍ਰਦਰਸ਼ਨ ਕਰਦੇ ਹਨ। ਉਸਨੇ ਸਾਲ ਦੇ ਆਰੰਭ ਵਿੱਚ ਅਤੇ ਫਿਰ ਅੰਤ ਵਿੱਚ ਵਿਦਿਆਰਥੀਆਂ ਦੇ ਆਈ.ਕਿਊ ਦੀ ਜਾਂਚ ਕੀਤੀ ਅਤੇ ਸਕੂਲ ਦੇ ਅਧਿਆਪਕਾਂ ਨੂੰ ਦੱਸਿਆ ਕਿ ਕਿਹੜੇ ਵਿਦਿਆਰਥੀਆਂ ਦਾ ਸਾਲ ਦੇ ਦੌਰਾਨ ਆਈ.ਕਿਊ ਵਧਣ ਦੀ ਸੰਭਾਵਨਾ ਹੈ ਅਤੇ ਇਹ ਕਮਾਲ ਸੀ ਕਿ ਉਨ੍ਹਾਂ ਬੇਤਰਤੀਬੇ ਚੁਣੇ ਵਿਦਿਆਰਥੀਆਂ ਨੇ ਸਾਲ ਦੇ ਅੰਤ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ।
ਬੱਚੇ ਸੂਖਮ ਹੁੰਦੇ ਹਨ। ਸਕੂਲ, ਘਰ ਅਤੇ ਆਲੇ-ਦੁਆਲੇ ਦਾ ਪੱਖਪਾਤ ਉਨ੍ਹਾਂ ’ਤੇ ਬੁਰਾ ਅਸਰ ਪਾਉਂਦਾ ਹੈ। ਉਦਾਹਰਨ ਦੇ ਤੌਰ ’ਤੇ ਅਧਿਆਪਕ ਹੁਸ਼ਿਆਰ ਵਿਦਿਆਰਥੀਆਂ ਨਾਲ ਜ਼ਿਆਦਾ ਗੱਲਬਾਤ ਕਰਦੇ ਹਨ। ਉਨ੍ਹਾਂ ਨੂੰ ਜਮਾਤ ਵਿੱਚ ਵਧੇਰੇ ਜ਼ਿੰਮੇਵਾਰੀ ਦਿੰਦੇ ਹਨ ਤੇ ਹੱਕ ਦਿੰਦੇ ਹਨ। ਅਧਿਆਪਕ ਦਾ ਇਹ ਪੱਖਪਾਤੀ ਵਤੀਰਾ ਅਨੇਕਾਂ ਪ੍ਰਤਿਭਾਵਾਂ ਦਾ ਕਤਲ ਕਰ ਦਿੰਦਾ ਹੈ। ਇਹ ਹੋਰ ਵੀ ਨੁਕਸਾਨਦੇਹ ਸਾਬਿਤ ਹੁੰਦਾ ਹੈ ਕਿਉਂਕਿ ਇਸ ਨਾਲ ਔਸਤ ਵਿਦਿਆਰਥੀਆਂ ਨੂੰ ਸਿੱਧਾ ਇਸ਼ਾਰਾ ਹੁੰਦਾ ਕਿ ਅਧਿਆਪਕ ਉਨ੍ਹਾਂ ਤੋਂ ਹੁਸ਼ਿਆਰ ਵਿਦਿਆਰਥੀਆਂ ਦੇ ਮੁਕਾਬਲੇ ਉਮੀਦਾਂ ਬਹੁਤ ਘੱਟ ਹਨ। ਅਧਿਆਪਕ ਮੋਹ ਤੋਂ ਵਿਰਵੇ ਅਜਿਹੇ ਬੱਚੇ ਬਾਗੀ ਤੇ ਗੈਰ-ਜ਼ਿੰਮੇਵਾਰ ਹੋ ਜਾਂਦੇ ਹਨ।
ਅਧਿਆਪਕ ਵਿਦਿਆਰਥੀ ਨੇੜਤਾ ਦਾ ਆਪਣਾ ਵਿਸ਼ੇਸ਼ ਮਹੱਤਵ ਹੈ। ਬੱਚੇ ਦੀ ਕੰਡ ’ਤੇ ਅਧਿਆਪਕ ਦਾ ਹੱਥ ਅਸੰਭਵ ਨੂੰ ਸੰਭਵ ’ਚ ਬਦਲ ਦਿੰਦਾ ਹੈ। ਅਧਿਆਪਕ ਵੱਲੋਂ ਬੱਚਿਆਂ ਨਾਲ ਅੱਖਾਂ ਦਾ ਸੰਪਰਕ ਦਾ ਕਿ੍ਰਸ਼ਮਈ ਅਸਰ ਹੁੰਦਾ ਹੈ। ਅਧਿਆਪਕ-ਵਿਦਿਆਰਥੀ ਵਾਰਤਾਲਾਪ ਦਾ ਸੁਰਮਈ ਹੋਣਾ ਅਤੀ ਜ਼ਰੂਰੀ ਹੈ। ਕਈ ਵਾਰ ਕਿਸੇ ਨੂੰ ਚਮਕਦਾਰ ਤਾਰਾ ਬਣਾਉਣ ਵਿੱਚ ਉਸ ਨਾਲ ਪਹਿਲੇ ਦਿਨ ਤੋਂ ਸਿਤਾਰਿਆਂ ਵਰਗਾ ਸਲੂਕ ਕਰਨਾ ਹੁੰਦਾ ਹੈ ਸਾਡੇ ਮੋਹ-ਪਿਆਰ ਸਦਕਾ ਉਹ ਇੰਨੀ ਤਰੱਕੀ ਕਰ ਜਾਂਦੇ ਹਨ ਜਿਸ ਬਾਰੇ ਅਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ। ਜਮਾਤ, ਘਰੇ ਤੇ ਬਾਹਰ ਵਿਸ਼ਵਾਸ, ਦੇਖਭਾਲ ਤੇ ਸਮਾਨ ਵਿਹਾਰ ਦੇ ਨਾਲ ਅਸੀਂ ਆਪਣੇ ਬੱਚਿਆਂ ਦੀ ਸਵੈ-ਪ੍ਰੇਰਣਾ ਨੂੰ ਵਧਾ ਸਕਦੇ ਹਾਂ ਤੇ ਖਾਸ ਕਰਕੇ ਅਧਿਆਪਕ ਦੇ ਯਤਨਾਂ ਨਾਲ ਪੈਦਾ ਹੋਇਆ ਉਤਸ਼ਾਹ ਵਿਦਿਆਰਥੀਆਂ ਦੇ ਜੀਵਨ-ਨਿਖਾਰ ਲਈ ਜਾਦੂ ਦੀ ਛੜੀ ਦਾ ਕੰਮ ਕਰਦਾ ਹੈ।
ਤਲਵੰਡੀ ਸਾਬੋ, ਬਠਿੰਡਾ
ਮੋ. 94630-24575
ਬਲਜਿੰਦਰ ਜੌੜਕੀਆਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ