ਸਾਨੂੰ ਕਿਵੇਂ ਪਤਾ ਕਿ ਦੁਨੀਆ ਗਰਮ ਹੋ ਰਹੀ ਹੈ?
ਉਦਯੋਗਿਕ ਕ੍ਰਾਂਤੀ ਦੀ ਸ਼ੁਰੂਆਤ ਤੋਂ ਹੀ ਸਾਡੀ ਧਰਤੀ ਤੇਜੀ ਨਾਲ ਗਰਮ ਹੋ ਰਹੀ ਹੈ। 1850 ਤੋਂ ਧਰਤੀ ਦੀ ਸਤ੍ਹਾ ’ਤੇ ਔਸਤ ਤਾਪਮਾਨ ਲਗਭਗ 1.1 ਡਿਗਰੀ ਸੈਲਸੀਅਸ ਵਧਿਆ ਹੈ। ਇਸ ਤੋਂ ਇਲਾਵਾ ਪਿਛਲੇ ਚਾਰ ਦਹਾਕਿਆਂ ਦੌਰਾਨ, ਹਰੇਕ ਦਹਾਕਾ ਪਿਛਲੇ ਦੇ ਮੁਕਾਬਲੇ ਜ਼ਿਆਦਾ ਗਰਮ ਰਿਹਾ ਹੈ। ਇਹ ਸਿੱਟੇ ਦੁਨੀਆ ਦੇ ਲੱਖਾਂ ਹਿੱਸਿਆਂ ਵਿੱਚ ਇਕੱਠੇ ਕੀਤੇ ਤਾਪਮਾਨ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਨਿੱਕਲੇ ਹਨ।
ਤਾਪਮਾਨ ਦੀਆਂ ਪੜ੍ਹਤਾਂ ਮੌਸਮ ਸਟੇਸ਼ਨਾਂ ਵੱਲੋਂ ਜਮੀਨ ’ਤੇ, ਸਮੁੰਦਰੀ ਜਹਾਜਾਂ ’ਤੇ ਅਤੇ ਉਪਗ੍ਰਹਿਾਂ ਦੁਆਰਾ ਲਈਆਂ ਜਾਂਦੀਆਂ ਹਨ। ਵਿਗਿਆਨੀਆਂ ਦੀਆਂ ਕਈ ਸੁਤੰਤਰ ਟੀਮਾਂ ਇੱਕੋ ਨਤੀਜੇ ’ਤੇ ਪਹੁੰਚੀਆਂ ਹਨ- ਕਿ ਉਦਯੋਗਿਕ ਯੁੱਗ ਦੀ ਸ਼ੁਰੂਆਤ ਦੇ ਨਾਲ ਤਾਪਮਾਨ ਵਿੱਚ ਵਾਧਾ ਹੋਇਆ ਹੈ। ਤੁਰਕੀ ਵਿੱਚ ਇਸ ਸਾਲ ਦੀਆਂ ਗਰਮੀਆਂ ਕਾਰਨ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਜੰਗਲੀ ਅੱਗ ਦੀਆਂ ਘਟਨਾਵਾਂ ਵਾਪਰੀਆਂ ਇਹ ਤਪਸ਼ ਦੇ ਮੌਜੂਦਾ ਪੜਾਅ ਲਈ ਬਹੁਤ ਜਰੂਰੀ ਸੰਦਰਭ ਪ੍ਰਦਾਨ ਕਰਦਾ ਹੈ। ਅਸਲ ਵਿੱਚ ਵਿਗਿਆਨੀਆਂ ਦਾ ਅੰਦਾਜਾ ਹੈ ਕਿ ਧਰਤੀ ਲਗਭਗ ਸਵਾ ਲੱਖ ਸਾਲਾਂ ਵਿੱਚ ਕਦੇ ਵੀ ਇੰਨੀ ਗਰਮ ਨਹੀਂ ਰਹੀ ਹੈ।
ਕਿਵੇਂ ਪਤਾ ਕਿ ਆਲਮੀ ਤਪਸ ਲਈ ਮਨੁੱਖ ਜਿੰਮੇਵਾਰ ਹੈ?
ਗ੍ਰੀਨ ਹਾਊਸ ਗੈਸਾਂ, ਜੋ ਸੂਰਜ ਦੀ ਗਰਮੀ ਨੂੰ ਧਰਤੀ ਦੇ ਵਾਤਾਵਰਨ ਵਿੱਚ ਹੀ ਰੋਕ ਲੈਂਦੀਆਂ ਹਨ ਇਨ੍ਹਾਂ ਗੈਸਾਂ ਦਾ ਤਾਪਮਾਨ ਦੇ ਵਾਧੇ ਅਤੇ ਮਨੁੱਖੀ ਗਤੀਵਿਧੀਆਂ ਦੇ ਨਾਲ ਸਿੱਧਾ ਸਬੰਧ ਹੈ। ਇਨ੍ਹਾਂ ਗੈਸਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਹੈ ਕਾਰਬਨ ਡਾਈਆਕਸਾਈਡ ਕਿਉਂਕਿ ਇਹ ਸਭ ਤੋਂ ਜ਼ਿਆਦਾ ਮਾਤਰਾ ਵਿੱਚ ਹੈ। ਅਸੀਂ ਇਹ ਵੀ ਦੱਸ ਸਕਦੇ ਹਾਂ ਕਿ ਇਹ ਕਾਰਬਨ ਸੂਰਜ ਦੀ ਊਰਜਾ ਨੂੰ ਸੋਖ ਲੈਂਦੀ ਹੈ। ਸੈਟੇਲਾਈਟ ਦਿਖਾਉਂਦੇ ਹਨ ਕਿ ਬਹੁਤ ਥੋੜ੍ਹੀ ਗਰਮੀ ਧਰਤੀ ਦੇ ਵਾਤਾਵਰਨ ਵਿੱਚੋਂ ਨਿੱਕਲ ਕੇ ਪੁਲਾੜ ਵਿੱਚ ਜਾਂਦੀ ਹੈ। ਖਾਸ ਕਰਕੇ ਉਸ ਵੇਵਲੈਂਥ ਉੱਪਰ ਜਿੱਥੇ ਕਿ ਕਾਰਬਨ ਡਾਈਆਕਸਾਈਡ ਪਾਈ ਜਾਂਦੀ ਹੈ। ਪਥਰਾਟ ਬਾਲਣ ਨੂੰ ਸਾੜਨ ਅਤੇ ਰੁੱਖਾਂ ਨੂੰ ਕੱਟਣ ਨਾਲ ਗ੍ਰੀਨ ਹਾਊਸ ਗੈਸਾਂ ਨਿੱਕਲਦੀਆਂ ਹਨ। 19ਵੀਂ ਸਦੀ ਤੋਂ ਬਾਅਦ ਦੋਵੇਂ ਗਤੀਵਿਧੀਆਂ ਵਿੱਚ ਵਿਸਫੋਟਕ ਪੱਧਰ ਦਾ ਵਾਧਾ ਹੋਇਆ ਹੈ, ਇਸ ਲਈ ਇਹ ਹੈਰਾਨੀਜਨਕ ਨਹੀਂ ਹੈ ਕਿ ਵਾਯੂਮੰਡਲੀ ਕਾਰਬਨ ਡਾਈਆਕਸਾਈਡ ਉਸੇ ਸਮੇਂ ਦੌਰਾਨ ਵਧੀ ਹੈ।
ਇੱਥੇ ਇੱਕ ਤਰੀਕਾ ਹੈ ਜਿਸ ਨਾਲ ਅਸੀਂ ਨਿਸ਼ਚਿਤ ਰੂਪ ਵਿੱਚ ਦਿਖਾ ਸਕਦੇ ਹਾਂ ਕਿ ਇਹ ਵਾਧੂ ਕਾਰਬਨ ਡਾਈਆਕਸਾਈਡ ਕਿੱਥੋਂ ਆਈ ਹੈ। ਪਥਰਾਟ ਬਾਲਣ ਨੂੰ ਸਾੜਨ ਨਾਲ ਪੈਦਾ ਹੋਣ ਵਾਲੀ ਕਾਰਬਨ ਦਾ ਇੱਕ ਵਿਸ਼ੇਸ਼ ਰਸਾਇਣਕ ਤੱਤ ਹੁੰਦਾ ਹੈ। ਰੁੱਖ ਦੇ ਛੱਲੇ ਅਤੇ ਧਰੁਵੀ ਬਰਫ ਦੋਵੇਂ ਵਾਯੂਮੰਡਲ ਦੇ ਰਸਾਇਣ ਵਿਗਿਆਨ ਵਿੱਚ ਤਬਦੀਲੀਆਂ ਨੂੰ ਰਿਕਾਰਡ ਕਰਦੇ ਹਨ। ਜਦੋਂ ਇਨ੍ਹਾਂ ਦੀ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਕਾਰਬਨ-ਖਾਸ ਤੌਰ ’ਤੇ ਪਥਰਾਟ ਸਰੋਤਾਂ ਤੋਂ – 1850 ਤੋਂ ਬਾਅਦ ਕਾਫੀ ਵਧ ਗਈ ਹੈ। ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਅੱਠ ਲੱਖ ਸਾਲਾਂ ਤੱਕ ਵਾਯੂਮੰਡਲੀ ਕਾਰਬਨ ਡਾਈਆਕਸਾਈਡ 300 ਹਿੱਸੇ ਪ੍ਰਤੀ ਮਿਲੀਅਨ (ਪੀਪੀਐੱਮ) ਤੋਂ ਉੱਪਰ ਨਹੀਂ ਵਧਿਆ ਜਦਕਿ ਉਦਯੋਗਿਕ ਕ੍ਰਾਂਤੀ ਤੋਂ ਬਾਅਦ ਕਾਰਬਨ ਡਾਈਆਕਸਾਈਡ ਦਾ ਗਾੜ੍ਹਾਪਣ ਲਗਭਗ 420 ਪੀਪੀਐੱਮ ਦੇ ਆਪਣੇ ਮੌਜੂਦਾ ਪੱਧਰ ਤੱਕ ਵਧ ਗਿਆ ਹੈ।
ਕੰਪਿਊਟਰ ਸਿਮੂਲੇਸ਼ਨ, ਜਿਸ ਨੂੰ ਜਲਵਾਯੂ ਮਾਡਲ ਦੇ ਰੂਪ ਵਜੋਂ ਜਾਣਿਆ ਜਾਂਦਾ ਹੈ, ਰਾਹੀਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਮਨੁੱਖ ਦੁਆਰਾ ਪੈਦਾ ਕੀਤੀਆਂ ਗ੍ਰੀਨ ਹਾਊਸ ਗੈਸਾਂ ਦੀ ਭਾਰੀ ਮਾਤਰਾ ਤੋਂ ਬਿਨਾਂ ਤਾਪਮਾਨ ਦਾ ਕੀ ਹੁੰਦਾ। ਉਹ ਦਿਖਾਉਂਦੇ ਹਨ ਕਿ 20ਵੀਂ ਅਤੇ 21ਵੀਂ ਸਦੀ ਵਿੱਚ ਆਲਮੀ ਤਪਸ਼ ਥੋੜ੍ਹੀ ਜਿਹੀ ਘੱਟ ਹੋਈ ਹੁੰਦੀ ਅਤੇ ਸੰਭਵ ਤੌਰ ’ਤੇ ਕੁਝ ਠੰਢ ਵੀ ਹੁੰਦੀ ਜੇ ਸਿਰਫ ਕੁਦਰਤੀ ਕਾਰਕ ਜਲਵਾਯੂ ਉੱਪਰ ਅਸਰ ਪਾ ਰਹੇ ਹੁੰਦੇ। ਸਿਰਫ ਉਦੋਂ ਜਦੋਂ ਮਨੁੱਖੀ ਕਾਰਕ ਪੇਸ਼ ਕੀਤੇ ਜਾਂਦੇ ਹਨ ਤਾਂ ਮਾਡਲ ਤਾਪਮਾਨ ਵਿੱਚ ਵਾਧੇ ਦੀ ਵਿਆਖਿਆ ਕਰ ਸਕਦੇ ਹਨ।
ਧਰਤੀ ਉੱਤੇ ਮਨੁੱਖਾਂ ਦਾ ਕੀ ਪ੍ਰਭਾਵ ਪੈ ਰਿਹਾ ਹੈ?
ਧਰਤੀ ਨੇ ਪਹਿਲਾਂ ਹੀ ਜਿਹੜਾ ਤਾਪ ਪੱਧਰ ਆਪਣੇ ਪਿੰਡੇ ਉੱਪਰ ਝੱਲਿਆ ਹੈ, ਉਸ ਨਾਲ ਸਾਡੇ ਆਲੇ-ਦੁਆਲੇ ਦੀ ਦੁਨੀਆਂ ਵਿੱਚ ਮਹੱਤਵਪੂਰਨ ਤਬਦੀਲੀਆਂ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਸਾਇੰਸਦਾਨਾਂ ਵੱਲੋਂ ਬਣਾਏ ਤਾਪਮਾਨ ਦੇ ਮਾਡਲ ਅਸਲ ਦੁਨੀਆ ਦੇ ਉਨ੍ਹਾਂ ਪੈਟਰਨਾਂ ਨਾਲ ਮੇਲ ਖਾਂਦੇ ਹਨ ਜਿਨ੍ਹਾਂ ਤੋਂ ਵਿਗਿਆਨੀ ਮਨੁੱਖ-ਪ੍ਰੇਰਿਤ ਤਪਸ਼ ਨਾਲ ਦੇਖਣ ਦੀ ਉਮੀਦ ਕਰਦੇ ਹਨ। ਗ੍ਰੀਨਲੈਂਡ ਅਤੇ ਅੰਟਾਰਕਟਿਕ ਦੀ ਬਰਫ ਤੇਜੀ ਨਾਲ ਪਿਘਲ ਰਹੀ ਹੈ। ਮੌਸਮ ਨਾਲ ਸਬੰਧਤ ਆਫਤਾਂ ਦੀ ਗਿਣਤੀ ਵਿੱਚ 50 ਸਾਲਾਂ ਵਿੱਚ ਪੰਜ ਗੁਣਾ ਵਾਧਾ ਹੋਇਆ ਹੈ। ਪਿਛਲੀ ਸਦੀ ਵਿੱਚ ਵਿਸ਼ਵੀ ਪੱਧਰ ’ਤੇ ਸਮੁੰਦਰ ਦਾ ਪੱਧਰ 20 ਸੈਂਟੀਮੀਟਰ (8 ਇੰਚ) ਵਧਿਆ ਹੈ ਅਤੇ ਅਜੇ ਵੀ ਵਧ ਰਿਹਾ ਹੈ। 1800 ਦੇ ਦਹਾਕੇ ਤੋਂ ਸਮੁੰਦਰ ਲਗਭਗ 40 ਫੀਸਦੀ ਜ਼ਿਆਦਾ ਤੇਜਾਬੀ ਬਣ ਗਏ ਹਨ, ਸਮੁੰਦਰੀ ਜੀਵਨ ਪ੍ਰਭਾਵਿਤ ਹੋ ਰਿਹਾ ਹੈ।
ਕੀ ਅਤੀਤ ’ਚ ਧਰਤੀ ਗਰਮ ਨਹੀਂ ਸੀ?
ਧਰਤੀ ਦੇ ਅਤੀਤ ਦੌਰਾਨ ਕਈ ਗਰਮ ਦੌਰ ਆਏ ਹਨ। ਉਦਾਹਰਨ ਲਈ ਲਗਭਗ 92 ਮਿਲੀਅਨ ਸਾਲ ਪਹਿਲਾਂ ਤਾਪਮਾਨ ਇੰਨਾ ਜ਼ਿਆਦਾ ਸੀ ਕਿ ਧਰਤੀ ਦੇ ਧਰੁਵਾਂ ਉੱਪਰ ਬਰਫ ਦਾ ਨਾਂਅ-ਨਿਸ਼ਾਨ ਵੀ ਨਹੀਂ ਸੀ। ਮਗਰਮੱਛ ਵਰਗੇ ਜੀਵ ਕੈਨੇਡੀਅਨ ਆਰਕਟਿਕ ਦੇ ਉੱਤਰ ਵਿੱਚ ਰਹਿੰਦੇ ਸਨ। ਹਾਲਾਂਕਿ, ਇਸ ਨਾਲ ਕਿਸੇ ਨੂੰ ਵੀ ਸੰਤੁਸਟ ਨਹੀਂ ਹੋਣਾ ਚਾਹੀਦਾ ਕਿਉਂਕਿ ਉਸ ਸਮੇਂ ਮਨੁੱਖ ਕਿਤੇ ਆਲੇ-ਦੁਆਲੇ ਨਹੀਂ ਸਨ। ਅਤੀਤ ਵਿੱਚ ਕਦੇ-ਕਦੇ ਸਮੁੰਦਰ ਦਾ ਪੱਧਰ ਮੌਜੂਦਾ ਦੀ ਤੁਲਨਾ ਨਾਲੋਂ 25 ਮੀਟਰ (80 ਫੁੱਟ) ਉੱਚਾ ਸੀ। 5-8 ਮੀਟਰ (16-26 ਫੁੱਟ) ਦਾ ਵਾਧਾ ਦੁਨੀਆ ਦੇ ਜ਼ਿਆਦਾਤਰ ਤੱਟਵਰਤੀ ਸ਼ਹਿਰਾਂ ਨੂੰ ਜਲ ਸਮਾਧੀ ਦੇਣ ਲਈ ਕਾਫੀ ਮੰਨਿਆ ਜਾਂਦਾ ਹੈ। ਇਨ੍ਹਾਂ ਸਮਿਆਂ ਦੌਰਾਨ ਜੀਵਨ ਦੇ ਵਿਆਪਕ ਵਿਨਾਸ਼ ਦੇ ਭਰਪੂਰ ਸਬੂਤ ਹਨ।
ਜਲਵਾਯੂ ਮਾਡਲ ਦੱਸਦੇ ਹਨ ਕਿ ਕਦੇ-ਕਦਾਈਂ ਟਰੌਪਿਕਸ ਖੇਤਰ ਡੈੱਡ ਜੋਨ ਬਣੇ ਹੋ ਸਕਦੇ ਹਨ, ਮਤਲਬ ਜੋ ਜ਼ਿਆਦਾਤਰ ਪ੍ਰਜਾਤੀਆਂ ਦੇ ਜਿਉਂਦੇ ਰਹਿਣ ਲਈ ਬਹੁਤ ਗਰਮ। ਕਈ ਸਾਲਾਂ ਤੋਂ ਜੋ ਲੋਕ ਕਹਿ ਰਹੇ ਹਨ ਕਿ ਧਰਤੀ ਗਰਮ ਨਹੀਂ ਹੋ ਰਹੀ ਅਤੇ ਸਾਇੰਸਦਾਨ ਜੋ ਕਹਿ ਰਹੇ ਹਨ ਉਹ ਬੇਬੁਨਿਆਦ ਹੈ, ਉਨ੍ਹਾਂ ਨੇ ਆਲਮੀ ਤਾਪਮਾਨ ਦੇ ਵਧਣ ਦੇ ਪਿਛਲੇ ਵਿਗਿਆਨਕ ਅਧਾਰਾਂ ਤੋਂ ਲੋਕਾਂ ਨੂੰ ਭਟਕਾਇਆ ਹੈ। ਹਾਲਾਂਕਿ, ਲਗਭਗ ਸਾਰੇ ਵਿਗਿਆਨੀ ਹੁਣ ਜਲਵਾਯੂ ਤਬਦੀਲੀ ਦੇ ਮੌਜੂਦਾ ਕਾਰਨਾਂ ’ਤੇ ਸਹਿਮਤ ਹਨ। 2021 ਵਿੱਚ ਜਾਰੀ ਸੰਯੁਕਤ ਰਾਸ਼ਟਰ ਦੀ ਇੱਕ ਅਹਿਮ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਸਪੱਸ਼ਟ ਹੈ ਕਿ ਮਨੁੱਖੀ ਪ੍ਰਭਾਵ ਨੇ ਵਾਯੂਮੰਡਲ, ਸਮੁੰਦਰਾਂ ਅਤੇ ਜਮੀਨ ਨੂੰ ਗਰਮ ਕੀਤਾ ਹੈ। ਜਲਵਾਯੂ ਤਬਦੀਲੀ ਨੂੰ ਕਾਬੂ ਕਰਨ ਦੇ ਨਜ਼ਰੀਏ ਨਾਲ ਨਵੰਬਰ ਵਿੱਚ ਹੋਣ ਜਾ ਰਹੀ ਗਲਾਸਗੋ ਸੀਓਪੀ26 ਗਲੋਬਲ ਜਲਵਾਯੂ ਸੰਮੇਲਨ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਸਾਬਕਾ ਪੀਈਐਸ-1,
ਸੇਵਾ ਮੁਕਤ ਪਿ੍ਰੰਸੀਪਲ,
ਮਲੋਟ
ਵਿਜੈ ਗਰਗ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ