ਤਿੰਨ ਮਹੀਨਿਆਂ ਦੀ 60 ਕਰੋੜ ਦੀ ਰਾਸ਼ੀ ਸਰਕਾਰ ਵੱਲ ਪੈਂਡਿੰਗ
1 ਕਰੋੜ 80 ਲੱਖ ਤੇ ਪੱਜੀ ਆਮਦਨ, 85 ਲੱਖ ਰੁਪਏ ਦਾ ਫੂਕਿਆ ਜਾ ਰਿਹੈ ਰੋਜ਼ਾਨਾ ਡੀਜ਼ਲ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਸਰਕਾਰ ਨੇ ਪੀਆਰਟੀਸੀ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਔਰਤਾਂ ਦੇ ਮੁਫ਼ਤ ਬੱਸ ਸਫ਼ਰ ਦੀ 60 ਕਰੋੜ ਦੀ ਬਕਾਇਆ ਰਾਸ਼ੀ ਹੀ ਜਾਰੀ ਨਹੀਂ ਕੀਤੀ ਗਈ, ਜਿਸ ਕਾਰਨ ਪੀਆਰਟੀਸੀ ਲਈ ਆਉਣ ਵਾਲਾ ਸਮਾ ਮੁਸ਼ਕਿਲਾਂ ਭਰਿਆ ਦਿਖਾਈ ਦੇ ਰਿਹਾ ਹੈ। ਭਾਵੇਂ ਕਿ ਪੀਆਰਟੀਸੀ ਦੀ ਰੋਜ਼ਾਨਾ ਦੀ ਆਮਦਨ 1 ਕਰੋੜ 80 ਲੱਖ ਤੇ ਪੁੱਜ ਗਈ ਹੈ, ਪਰ ਰੋਜ਼ਾਨਾ ਡੀਜ਼ਲ ਦਾ ਖਰਚਾ ਪੀਆਰਟੀਸੀ ਦਾ ਧੂੰਆਂ ਕੱਢ ਰਿਹਾ ਹੈ।
ਇਕੱਤਰ ਕੀਤੇ ਵੇਰਵਿਆ ਮੁਤਾਬਿਕ ਪੀਆਰਟੀਸੀ ਨੂੰ ਜੂਨ ਮਹੀਨੇ ਤੋਂ ਬਾਅਦ ਸਰਕਾਰ ਵੱਲੋਂ ਔਰਤਾਂ ਦੇ ਮੁਫ਼ਤ ਬੱਸ ਸਫ਼ਰ ਦਾ ਧੇਲਾ ਵੀ ਨਹੀਂ ਦਿੱਤਾ ਗਿਆ, ਜਦੋਂਕਿ ਵਿਭਾਗ ਵੱਲੋਂ ਬਣਦੇ ਬਿਲ ਜਮਾਂ ਕਰਵਾਏ ਹੋਏ ਹਨ। ਪੀਆਰਟੀਸੀ ਦਾ ਜੁਲਾਈ ਮਹੀਨੇ ਦੇ ਮੁਫ਼ਤ ਸਫ਼ਰ ਦਾ ਬਕਾਇਆ 19 ਕਰੋੜ ਪੈਡਿੰਗ ਹੈ। ਅਗਸਤ ਮਹੀਨੇ ਦਾ ਸਭ ਤੋਂ ਜਿਆਦਾ 25 ਕਰੋੜ ਰੁਪਏ ਦੀ ਰਾਸੀ ਸਰਕਾਰ ਵੱਲ ਖੜ੍ਹੀ ਹੈ। ਇਸ ਮਹੀਨੇ ਵਿੱਚ ਰੱਖੜੀ ਦਾ ਤਿਉਹਾਰ ਆਉਣ ਕਾਰਨ ਪੀਆਰਟੀਸੀ ਦੀ ਆਮਦਨ ਵਿੱਚ ਚੌਖਾ ਵਾਧਾ ਹੋਇਆ ਸੀ। ਇਸ ਦੇ ਨਾਲ ਹੀ ਸਤੰਬਰ ਮਹੀਨੇ ਦੀ 16 ਕਰੋੜ ਦੀ ਰਾਸੀ ਸਰਕਾਰ ਵੱਲ ਖੜ੍ਹੀ ਹੈ, ਉਂਜ ਇਸ ਮਹੀਨੇ ਦੌਰਾਨ ਕੱਚੇ ਕਾਮਿਆਂ ਦੀ ਹੜ੍ਹਤਾਲ ਕਾਰਨ ਪੀਆਰਟੀਸੀ ਦੀ ਆਮਦਨ ਜ਼ਰੂਰ ਘਟੀ ਸੀ। ਅਕਤੂਬਰ ਮਹੀਨਾ ਵੀ ਬੀਤਣ ਕਿਨਾਰੇ ਹੈ ਅਤੇ ਇਸ ਦੀ ਰਾਸੀ ਵੀ ਸਰਕਾਰ ਵੱਲ ਖੜ੍ਹ ਜਾਵੇਗੀ।
ਇੱਧਰ ਪੀਆਰਟੀਸੀ ਦੀ ਰੋਜ਼ਾਨਾ ਦੀ ਐਵਰੇਜ਼ ਆਮਦਨ 1 ਕਰੋੜ 80 ਲੱਖ ਤੇ ਪੁੱਜ ਗਈ ਹੈ। ਇਸ ਵਿੱਚੋਂ ਰੋਜਾਨਾ ਕੈਸ 1 ਕਰੋੜ 2 ਲੱਖ ਰੁਪਏ ਆ ਰਿਹਾ ਹੈ ਜਦਕਿ ਮੁਫ਼ਤ ਬੱਸ ਸਫ਼ਰ ਦਾ 78 ਲੱਖ ਰਾਸੀ ਬਣ ਰਹੀ ਹੈ। ਪੀਆਰਟੀਸੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਿੱਚੋਂ ਰੋਜਾਨਾ ਦਾ ਡੀਜ਼ਲ ਦਾ ਖਰਚਾ 85 ਲੱਖ ਰੁਪਏ ਨਿਕਲ ਰਿਹਾ ਹੈ। ਇਸ ਤੋਂ ਇਲਾਵਾ ਮੁਲਾਜ਼ਮਾਂ ਦਾ ਮਹੀਨਾਵਾਰ ਤਨਖਾਹ 10 ਕਰੋੜ ਰੁਪਏ ਨਿਕਲ ਰਿਹਾ ਹੈ। ਸਰਕਾਰ ਵੱਲ ਬਕਾਇਆ ਰਾਸੀ ਸਮੇਂ ਸਿਰ ਨਾ ਮਿਲਣ ਕਾਰਨ ਪੀਆਰਟੀਸੀ ਨੂੰ ਆਰਥਿਕ ਤੌਰ ਤੇ ਸੱਟ ਵੱਜ ਰਹੀ ਹੈ। ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਪੀਆਰਟੀਸੀ ਦੀ ਬੇਹਤਰੀ ਲਈ ਕਦਮ ਚੁੱਕੇ ਜਾ ਰਹੇ ਹਨ, ਪਰ ਬੇਹਤਰੀ ਤਾ ਹੀ ਸੰਭਵ ਹੈ ਜੇਕਰ ਸਮੇਂ ਸਿਰ ਮੁਫ਼ਤ ਸਫ਼ਰ ਦਾ ਬਕਾਇਆ ਹਾਸਲ ਹੋਵੇ।
ਪੀਆਰਟੀਸੀ ਨੂੰ ਤਨਖਾਹਾਂ ਦੇਣ ਲਈ ਕਰਨੀ ਪਵੇਗੀ ਜੱਦੋਂ-ਜਹਿਦ
ਇੱਧਰ ਪੀਆਰਟੀਸੀ ਦੇ ਕੱਚੇ ਕਾਮਿਆਂ ਵੱਲੋਂ ਕੀਤੇ ਲੰਮੇ ਸੰਘਰਸ ਤੋਂ ਬਾਅਦ ਸਰਕਾਰ ਵੱਲੋਂ ਉਨ੍ਹਾਂ ਦੀ ਤਨਖਾਹ ਵਿੱਚ 30 ਫੀਸਦੀ ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ ਅਤੇ ਅਗਲੀ ਤਨਖਾਹ ਵੱਧ ਕੇ ਮਿਲਣੀ ਹੈ। ਇਸ ਦਾ ਬੋਝ ਵੀ ਪੀਆਰਟੀਸੀ ਤੇ ਹੋਰ ਵੱਧ ਗਿਆ ਹੈ। ਪੀਆਰਟੀਸੀ ਦੇ ਇੱਕ ਮੁਲਾਜ਼ਮ ਦਾ ਕਹਿਣਾ ਸੀ ਮੁਫ਼ਤ ਬੱਸ ਸਫ਼ਰ ਨੇ ਪੀਆਰਟੀਸੀ ਦੀ ਭਾਵੇਂ ਆਮਦਨ ਵਧਾਈ ਹੈ, ਪਰ ਸਮੇਂ ਸਿਰ ਪੈਸੇ ਨਾ ਮਿਲਣ ਕਾਰਨ ਹਾਲਤ ਬਹੁਤੀ ਚੰਗੀ ਨਹੀਂ ਹੈ। ਅਗਲੇ ਮਹੀਨਿਆਂ ਦੌਰਾਨ ਪੀਆਰਟੀਸੀ ਨੂੰ ਤਨਖਾਹਾਂ ਦੇਣ ਲਈ ਵੀ ਜੱਦੋਂ ਜਹਿਦ ਕਰਨੀ ਪਵੇਗੀ।
ਬਿੱਲ ਭੇਜੇ ਹੋਏ ਹਨ, ਜਲਦ ਹੋਵੇਗੀ ਰਾਸ਼ੀ ਜਾਰੀ-ਕੇ.ਕੇ. ਸ਼ਰਮਾ
ਇੱਧਰ ਪੀਆਰਟੀਸੀ ਦੇ ਚੇਅਰਮੈਂਨ ਕੇ.ਕੇ. ਸ਼ਰਮਾ ਦਾ ਕਹਿਣਾ ਹੈ ਕਿ ਬਕਾਇਆ ਰਾਸੀ ਸਬੰਧੀ ਸਰਕਾਰ ਨੂੰ ਬਿੱਲ ਭੇਜੇ ਹੋਏ ਹਨ, ਪਰ ਅਜੇ ਤੱਕ ਰਾਸ਼ੀ ਜਾਰੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜਲਦ ਹੀ ਪੈਸੇ ਜਾਰੀ ਹੋਣ ਦੀ ਸੰਭਾਵਨਾ ਹੈ। ਉਂਜ ਉਨ੍ਹਾਂ ਕਿਹਾ ਕਿ ਕਿ ਡੀਜ਼ਲ ਦਾ ਖਰਚਾ ਪੀਆਰਟੀਸੀ ਲਈ ਆਮਦਨ ਤੇ ਵੱਡਾ ਭਾਰ ਬਣਿਆ ਹੋਇਆ ਹੈ। ਇੱਧਰ ਇਸ ਸਬੰਧੀ ਜਦੋਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨਾਲ ਗੱਲ ਕਰਨੀ ਚਾਹੀ ਤਾ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ