ਕੇਂਦਰ ਸਰਕਾਰ ਨੇ ਜਾਰੀ ਕੀਤੇ ਆਦੇਸ਼, ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ ਠਹਿਰਾਇਆ ਗਲਤ
- ਸੁਨੀਲ ਜਾਖੜ ਨੇ ਵੀ ਘੇਰੀ ਕੇਂਦਰ ਸਰਕਾਰ, ਅੱਧੇ ਪੰਜਾਬ ’ਤੇ ਕਬਜ਼ਾ ਕਰਨ ਦੀ ਕੋਸ਼ਸ਼
(ਅਸ਼ਵਨੀ ਚਾਵਲਾ) ਚੰਡੀਗੜ। ਪਾਕਿਸਤਾਨ ਨਾਲ ਲਗਦੇ ਪੰਜਾਬ ਦੇ 9 ਜ਼ਿਲਿਆਂ ਵਿੱਚ ਹੁਣ ਬੀਐਸਐਫ਼ ਛਾਪੇਮਾਰੀ ਅਤੇ ਗਿ੍ਰਫ਼ਤਾਰੀ ਤੱਕ ਕਰ ਸਕੇ। ਬੀਐਸਐਫ ਨੂੰ ਬਾਰਡਰ ਤੋਂ 50 ਕਿਲੋਮੀਟਰ ਦੇ ਦਾਇਰੇ ਵਿੱਚ ਕਿਸੇ ਵੀ ਤਰਾਂ ਦੀ ਕਾਰਵਾਈ ਕਰਨ ਦੇ ਅਧਿਕਾਰ ਕੇਂਦਰ ਸਰਕਾਰ ਵੱਲੋਂ ਦੇ ਦਿੱਤੇ ਗਏ ਹਨ। ਇਨਾਂ ਅਧਿਕਾਰਾਂ ਦੇ ਜਾਰੀ ਹੋਣ ਤੋਂ ਬਾਅਦ ਪੰਜਾਬ ਵਿੱਚ ਸਿਆਸਤ ਤੇਜ਼ ਹੋ ਗਈ ਹੈ। ਵਿਰੋਧੀ ਧਿਰਾਂ ਤੋਂ ਲੈ ਕੇ ਸੱਤਾ ਧਿਰ ਵਲੋਂ ਵੀ ਕੇਂਦਰ ਸਰਕਾਰ ਦੇ ਇਨਾਂ ਆਦੇਸ਼ਾ ਨੂੰ ਪੰਜਾਬ ’ਤੇ ਕਬਜ਼ਾ ਕਰਨ ਦੀ ਕੋਸ਼ਸ਼ ਕਰਾਰ ਦਿੱਤਾ ਗਿਆ ਹੈ। ਸਾਬਕਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਇਸ ਨੂੰ ਅੱਧੇ ਪੰਜਾਬ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ ਗਿਆ ਹੈ ਅਤੇ ਪੰਜਾਬ ਦੇ ਗ੍ਰਹਿ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਹੈਰਾਨੀਜਨਕ ਕਰਾਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਵਿਭਾਗ ਵਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਬਾਰਡਰ ਦੀ ਸੁਰੱਖਿਆ ਵਿੱਚ ਲਗੀ ਬੀਐਸਐਫ਼ ਦੇ ਅਧਿਕਾਰ ਖੇਤਰ ਨੂੰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਹੈ। ਪਹਿਲਾਂ ਬੀਐਸਐਫ਼ ਬਾਰਡਰ ਦੇ ਨਾਲ 15 ਕਿਲੋਮੀਟਰ ਦੇ ਦਾਇਰੇ ‘ਤੇ ਆਉਂਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਿਸੇ ਵੀ ਤਰਾਂ ਦੀ ਚੈਕਿੰਗ ਅਤੇ ਗਿ੍ਰਫ਼ਤਾਰੀ ਕਰਨ ਦਾ ਅਧਿਕਾਰ ਰੱਖਦੀ ਸੀ। ਹੁਣ ਇਨਾਂ ਅਧਿਕਾਰ ਖੇਤਰਾਂ ਨੂੰ ਇੱਕ ਨੋਟੀਫਿਕੇਸ਼ਨ ਰਾਹੀਂ ਵਧਾ ਦਿੱਤਾ ਗਿਆ ਹੈ। ਕੇਂਦਰ ਸਰਕਾਰ ਦੇ ਨਵੇਂ ਨੋਟੀਫਿਕੇਸ਼ਨ ਅਨੁਸਾਰ ਹੁਣ ਬੀਐਸਐਫ਼ ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਜਾ ਕੇ ਉਨਾਂ ਦੀ ਚੈਕਿੰਗ ਕਰ ਸਕਦੀ ਹੈ ਕਿਉਂਕਿ ਇਹ 9 ਜ਼ਿਲ੍ਹਿਆਂ ਸਰਹੱਦ ਦੇ 50 ਕਿਲੋਮੀਟਰ ਦੇ ਦਾਇਰੇ ਵਿੱਚ ਆਉਂਦੇ ਹਨ।
ਨਵੇਂ ਆਦੇਸ਼ਾ ਅਨੁਸਾਰ ਅੰਮਿ੍ਰਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਫਾਜ਼ਿਲਕਾ ਅਤੇ ਅਬੋਹਰ ਹੁਣ ਪੰਜਾਬ ਪੁਲਿਸ ਦੇ ਨਾਲ ਨਾਲ ਸਰਹੱਦ ਸੁਰੱਖਿਆ ਫੋਰਸ ਦੇ ਅਧਿਕਾਰ ਖੇਤਰ ਵਿੱਚ ਆ ਗਏ ਹਨ। ਇਨਾਂ ਇਲਾਕੇ ਵਿੱਚ ਕਿਸੇ ਵੀ ਤਰਾਂ ਦੀ ਗਤੀਵਿਧੀ ਨੂੰ ਲੈ ਕੇ ਸਰਹੱਦ ਸੁਰੱਖਿਆ ਫੋਰਸ ਆਪਣੀ ਕਾਰਵਾਈ ਨੂੰ ਅੰਜਾਮ ਦੇ ਸਕਦੀ ਹੈ।
ਕੇਂਦਰ ਸਰਕਾਰ ਦਾ ਫੈਸਲਾ ਹੈਰਾਨੀਜਨਕ, ਪੰਜਾਬ ਪੁਲਿਸ ਤਾਕਤਵਰ : ਰੰਧਾਵਾ
ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਫੈਸਲਾ ਹੈਰਾਨੀਜਨਕ ਹੈ, ਕਿਉਂਕਿ ਇਸ ਨਾਲ ਅੱਧਾ ਪੰਜਾਬ ਕੇਂਦਰੀ ਏਜੰਸੀ ਦੇ ਅਧੀਨ ਆ ਜਾਏਗਾ। ਉਨਾਂ ਕਿਹਾ ਕਿ ਪੰਜਾਬ ਪੁਲਿਸ ਅੱਤਵਾਦ ਦੇ ਸਮੇਂ ਦੌਰਾਨ ਕਮਜ਼ੋਰ ਸਾਬਤ ਨਹੀਂ ਹੋਈ ਤਾਂ ਹੁਣ ਵੀ ਉਸੇ ਤਾਕਤ ਨਾਲ ਮੁਕਾਬਲਾ ਕਰ ਸਕਦੀ ਹੈ। ਇਸ ਲਈ ਕੇਂਦਰ ਸਰਕਾਰ ਨੂੰ ਆਪਣਾ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਹੈ।
ਪੰਜਾਬ ਦੇ ਅਧਿਕਾਰਾਂ ’ਚ ਦਖਲ ਦੇਣ ਵਾਲਾ ਫੈਸਲਾ : ਡਾ. ਚੀਮਾ
ਸ਼ੋ੍ਰਮਣੀ ਅਕਾਲੀ ਦਲ ਦੇ ਲੀਡਰ ਡਾ. ਦਲਜੀਤ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਫੈਸਲਾ ਪੰਜਾਬ ਦੇ ਅਧਿਕਾਰਾਂ ਵਿੱਚ ਦਖ਼ਲ ਦੇਣ ਵਾਲਾ ਫੈਸਲਾ ਹੈ, ਇਸ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਇਸ ਤਰੀਕੇ ਨਾਲ ਕੇਂਦਰ ਸਰਕਾਰ ਪੰਜਾਬ ਦੇ ਅੰਦਰੂਨੀ ਇਲਾਕੇ ਵਿੱਚ ਦਖਲ ਦੇ ਪਾਏਗੀ, ਜਿਹੜਾ ਕਿ ਗਲਤ ਹੈ।
ਬੀਐਸਐਫ਼ ਦੇ ਅਧਿਕਾਰਾਂ ’ਚ ਵਾਧਾ ਸੰਘੀ ਢਾਂਚੇ ’ਤੇ ਹਮਲਾ : ਚਰਨਜੀਤ ਚੰਨੀ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਇਸ ਇੱਕ ਤਰਫ਼ੇ ਫੈਸਲੇ ਦੀ ਨਿੰਦਾ ਕਰਦੇ ਹਨ। ਬਾਰਡਰ ਸੁਰੱਖਿਆ ਫੋਰਸ ਨੂੰ ਪੰਜਾਬ ਦੇ ਅੰਦਰ 50 ਕਿਲੋਮੀਟਰ ਤੱਕ ਅਧਿਕਾਰ ਦੇਣਾ ਸੰਘੀ ਢਾਂਚੇ ਦੀ ਉਲੰਘਣਾ ਹੈ ਅਤੇ ਸਿੱਧੇ ਤੌਰ ‘ਤੇ ਸੰਘੀ ਢਾਂਚੇ ’ਤੇ ਹਮਲਾ ਹੈ। ਇਸ ਲਈ ਉਹ ਅਮਿਤ ਸ਼ਾਹ ਨੂੰ ਅਪੀਲ ਕਰਦੇ ਹਨ ਕਿ ਇਸ ਤਰਕਹੀਣ ਫੈਸਲੇ ਨੂੰ ਤੁਰੰਤ ਵਾਪਸ ਲੈਣ।
ਫੈਸਲਾ ਚੰਗਾ, ਸਿਆਸਤ ਕਰਨਾ ਗਲਤ : ਅਮਰਿੰਦਰ ਸਿੰਘ
ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੇਂਦਰੀ ਫੈਸਲੇ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਕੇਂਦਰੀ ਸੁਰੱਖਿਆ ਫੋਰਸ ਦੇ ਮੁੱਦੇ ‘ਤੇ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ ਹੈ। ਕਸ਼ਮੀਰ ਵਿੱਚ ਸਾਡੇ ਸੈਨਿਕ ਮਾਰੇ ਜਾ ਰਹੇ ਹਨ ਅਤੇ ਪਾਕਿਸਤਾਨ ਲਗਾਤਾਰ ਅੱਤਵਾਦੀਆਂ ਦੇ ਰਾਹੀਂ ਪੰਜਾਬ ਵਿੱਚ ਹਥਿਆਰ ਅਤੇ ਨਸ਼ੀਲੀਆਂ ਦਵਾਈਆਂ ਧੱਕ ਰਿਹਾ ਹੈ। ਬੀਐਸਐਫ ਦੀ ਵਧੀ ਹੋਈ ਮੌਜੂਦਗੀ ਅਤੇ ਸ਼ਕਤੀਆਂ ਹੀ ਸਾਨੂੰ ਮਜ਼ਬੂਤ ਬਣਾਉਂਦੀਆਂ ਹਨ। ਇਸ ਲਈ ਇਸ ਫੈਸਲੇ ’ਤੇ ਕਿਸੇ ਨੂੰ ਵੀ ਸਿਆਸਤ ਨਹੀਂ ਕਰਨੀ ਚਾਹੀਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ