ਪੁਰਾਣੇ ਹਸਪਤਾਲ ਦਾ ਮੁਹਾਂਦਰਾ ਸੰਵਾਰਨ ਲਈ ਦੋ ਕਰੋੜ ਦੇਣ ਦਾ ਵੀ ਕੀਤਾ ਐਲਾਨ
ਇਲਾਕੇ ਦੇ 1.70 ਲੱਖ ਲੋਕਾਂ ਨੂੰ ਹਰ ਵੱਡੇ ਇਲਾਜ਼ ਦੀ ਮਿਲੇਗੀ ਸਹੂਲਤ : ਸੋਨੀ
(ਜਸਵੀਰ ਸਿੰਘ ਗਹਿਲ/ਮਨੋਜ ਸ਼ਰਮਾ) ਬਰਨਾਲਾ/ਹੰਡਿਆਇਆ। ਜ਼ਿਲ੍ਹਾ ਬਰਨਾਲਾ ਵਾਸੀਆਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਦੇਣ ਦੇ ਮੰਤਵ ਨਾਲ ਕਸਬਾ ਹੰਡਿਆਇਆ ਵਿਖੇ ਬਹੁ ਕਰੋੜੀ ਲਾਗਤ ਨਾਲ ਬਣਨ ਵਾਲੇ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਅੱਜ ਪੰਜਾਬ ਦੇ ਉੱਪ ਮੁੱਖ ਮੰਤਰੀ ਤੇ ਸਿਹਤ ਮੰਤਰੀ ਸ੍ਰੀ ਓ.ਪੀ. ਸੋਨੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਰੱਖਿਆ ਗਿਆ। ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਜ਼ਿਲੇ ’ਚ ਹੀ ਉੱਚ ਪੱਧਰੀ ਸਿਹਤ ਸਹੂਲਤਾਂ ਮਿਲਣ ਦੀ ਆਸ ਬੱਝ ਗਈ ਹੈ।
ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਉੱਪ ਮੁੱਖ ਮੰਤਰੀ ਸ੍ਰੀ ਸੋਨੀ ਨੇ ਕਿਹਾ ਕਿ ਰਾਸ਼ਟਰ ਪਿਤਾ ਮਹਾਂਤਮਾ ਗਾਂਧੀ ਦੀ ਜਯੰਤੀ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਜਨਮ ਦਿਨ ਕਰਕੇ ਅੱਜ ਦਿਨ ਬਹੁਤ ਇਤਿਹਾਸਕ ਹੈ ਜਿਸ ਦੀ ਖੁਸ਼ੀ ਹੋਰ ਵੀ ਵਧ ਗਈ ਹੈ ਕਿਉਂਕਿ ਅੱਜ ਜ਼ਿਲ੍ਹਾ ਬਰਨਾਲਾ ਤੇ ਇਲਾਕੇ ਦੇ ਲੋਕਾਂ ਲਈ ਇੱਕ ਸੌ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੇ 300 ਬੈੱਡਾਂ ਵਾਲੇ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਜਿੱਥੇ ਜ਼ਿਲ੍ਹਾ ਤੇ ਇਲਾਕਾ ਵਾਸੀ ਆਪਣੀ ਹਰ ਵੱਡੀ ਬਿਮਾਰੀ ਦਾ ਇਲਾਜ਼ ਵੀ ਕਰਵਾ ਸਕਣਗੇ। ਉਨ੍ਹਾਂ ਕਿਹਾ ਕਿ ਇਹ ਹਸਪਤਾਲ ਪੰਜਾਬ ਦੇ ਪਹਿਲੇ ਹਸਪਤਾਲਾਂ ਵਿੱਚ ਸ਼ੁਮਾਰ ਹੋਵੇਗਾ, ਜਿਸ ਨਾਲ ਇਲਾਕੇ ਦੇ 1.70 ਲੱਖ ਲੋਕਾਂ ਨੂੰ ਆਪਣੇ ਇਲਾਜ਼ ਲਈ ਹੁਣ ਪੀਜੀਆਈ ਜਾਂ ਦਿੱਲੀ ਜਾਣ ਦੀ ਜ਼ਰੂਰਤ ਨਹੀਂ ਪਵੇਗੀ।
ਉਨ੍ਹਾਂ ਦੱਸਿਆ ਕਿ ਸਾਢੇ ਛੇ ਏਕੜ ਵਿੱਚ ਬਣਨ ਵਾਲਾ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਸ੍ਰੀ ਕੇਵਲ ਸਿੰਘ ਢਿੱਲੋਂ ਦੇ ਯਤਨਾਂ ਸਦਕਾ ਹੀ ਸੰਭਵ ਹੋਇਆ ਹੈ ਜੋ ਜਲਦ ਹੀ ਲੋਕਾਂ ਨੂੰ ਆਪਣੀਆਂ ਸਿਹਤ ਸਹੂਲਤਾਂ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵਿਕਾਸ ਕਰਨ ’ਚ ਵਿਸ਼ਵਾਸ ਰੱਖਦੇ ਹਨ ਇਸ ਲਈ ਉਹ ਏਸੀ ਦਫ਼ਤਰਾਂ ’ਚ ਨਾ ਬੈਠ ਕੇ ਲੋਕਾਂ ਨੂੰ ਮਿਲ ਰਹੇ ਹਨ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਤੇ ਸਮੱਸਿਆਵਾ ਨੂੰ ਹੱਲ ਕਰਨ ਲਈ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੇਜ਼ਰੀਵਾਲ ਵਾਅਦੇ ਕਰ ਰਹੇ ਹਨ ਪਰ ਕਾਂਗਰਸ ਪਾਰਟੀ ਨੇ ਵਾਅਦਾ ਪੂਰਾ ਕਰਕੇ ਦਿਖਾਇਆ ਹੈ। ਇਸ ਲਈ ਅਗਾਮੀ ਚੋਣਾਂ ’ਚ ਕਾਂਗਰਸ ਪਾਰਟੀ ਨੂੰ ਸਮਰੱਥਨ ਦੇ ਕੇ ਮੁੜ ਤੋਂ ਸੱਤਾ ਵਿੱਚ ਲਿਆਂਦਾ ਜਾਵੇ ਕਿਉਂਕਿ ਪੰਜਾਬ ਦਾ ਵਿਕਾਸ ਸਿਰਫ਼ ਤੇ ਸਿਰਫ਼ ਕਾਂਗਰਸ ਸਰਕਾਰ ਸਮੇਂ ਹੀ ਹੋਇਆ ਹੈ। ਉਨ੍ਹਾਂ ਇਸ ਮੌਕੇ ਪੁਰਾਣੇ ਸਿਵਲ ਹਸਪਤਾਲ ਬਰਨਾਲਾ ਦੀ ਬਿਹਤਰੀ ਲਈ ਦੋ ਕਰੋੜ ਰੁਪਏ ਦੇਣ ਦਾ ਵੀ ਐਲਾਨ ਕੀਤਾ। ਉੱਪ ਮੁੱਖ ਮੰਤਰੀ ਓ.ਪੀ. ਸੋਨੀ ਨੇ ਦਾਅਵਾ ਕੀਤਾ ਕਿ ਇੱਕ-ਦੋ ਦਿਨਾਂ ’ਚ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਵੱਡਾ ਐਲਾਨ ਕੀਤਾ ਜਾ ਰਿਹਾ ਹੈ ਜਿਸ ਨਾਲ ਐਸਸੀ ਤੇ ਜਨਰਲ ਭਾਈਚਾਰੇ ਨੂੰ ਵੱਡੀ ਰਾਹਤ ਮਿਲੇਗੀ।
ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸੁਪਨੇ ਨੂੰ ਪੂਰਾ ਕਰਦਿਆਂ ਪਹਿਲਾਂ ਬਰਨਾਲਾ ਨੂੰ ਜ਼ਿਲ੍ਹਾ ਬਣਾਇਆ, ਫਿਰ ਬਹੁਕਰੋੜੀ ਸੀਵਰੇਜ ਟਰੀਟਮੈਂਟ ਪਲਾਂਟ ਲਿਆਂਦਾ ਤੇ ਹੁਣ ਉੱਚ ਸਹੂਲਤਾਂ ਵਾਲਾ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਮੰਨਜੂਰ ਕਰਵਾਇਆ ਹੈ। ਜਿਸ ਦਾ ਅੱਜ ਨੀਂਹ ਪੱਥਰ ਰੱਖ ਦਿੱਤਾ ਹੈ ਤੇ ਇਸਦੀ ਉਸਾਰੀ ਦਾ ਕੰਮ ਅੱਜ ਤੋਂ ਇੱਕ ਮਹੀਨੇ ਬਾਅਦ ਸ਼ੁਰੂ ਹੋ ਜਾਵੇਗਾ। ਜਿਸ ਵਿੱਚ ਟਰਾਮਾ ਸੈਂਟਰ ਅਤੇ ਨਿਉਰੋ ਸਰਜਨ ਵੀ ਹੋਵੇਗਾ। ਉਨਾਂ ਕਿਹਾ ਕਿ ਲੋਕ ਸਭਾ ਤੇ ਵਿਧਾਨ ਸਭਾ ਹਲਕੇ ਦੀ ਵਾਂਗਡੋਰ ਇਸ ਸਮੇਂ ਆਮ ਆਦਮੀ ਪਾਰਟੀ ਦੇ ਹੱਥ ਹੈ ਜੋ ਇੱਕ ਰੁਪਇਆ ਵੀ ਹਲਕੇ ਦੇ ਵਿਕਾਸ ’ਤੇ ਨਹੀ ਖ਼ਰਚ ਸਕੇ। ਉਨ੍ਹਾਂ ਸ੍ਰੀ ਸੋਨੀ ਪਾਸੋਂ ਹਸਪਤਾਲ ’ਚ ਰੈਜੀਡੈਂਸ ਵਿੰਗ ਬਣਾਉਣ ਦੀ ਮੰਗ ਵੀ ਕੀਤੀ ਤਾਂ ਜੋ ਚੌਵੀ ਘੰਟੇ ਇਲਾਕੇ ਦੇ ਲੋਕਾਂ ਨੂੰ ਡਾਕਟਰ ਦੀ ਸਹੂਲਤ ਮਿਲ ਸਕੇ। ਸ੍ਰੀ ਢਿੱਲੋਂ ਨੇ ਮੌਜੂਦਾ ਵਿਧਾਇਕ ’ਤੇ ਤਨਜ਼ ਕਸ਼ਦਿਆਂ ਕਿਹਾ ਕਿ ਚੁਣੇ ਮੌਜੂਦਾ ਨੁਮਾਇੰਦੇ ਦਾ ਕੰਮ ਹੁੰਦਾ ਉਹਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ, ਉਹ ਵਿਕਾਸ ਕਰਵਾਵੇ ਨਾ ਕਿ ਡਰਾਮੇ ਕਰੇ। ਇਸ ਤੋਂ ਪਹਿਲਾਂ ਸ੍ਰੀ ਸੋਨੀ ਤੇ ਢਿੱਲੋਂ ਨੇ ਮਹਾਤਮਾਂ ਗਾਂਧੀ ਨੂੰ ਸ਼ਰਧਾ ਦੇ ਫੁੱਲ ਵੀ ਭੇਂਟ ਕਰਦਿਆਂ ਲਾਲ ਬਹਾਦਰ ਸ਼ਾਸਤਰੀ ਦੇ ਜਨਮ ਦਿਨ ਦੀ ਵਧਾਈ ਵੀ ਦਿੱਤੀ।
ਤਾਂ ਹੀ ਮਿਲਦੀ ਐ ਨੌਕਰੀ
ਉੱਪ ਮੁੱਖ ਮੰਤਰੀ ਸੋਨੀ ਨੇ ਆਪਣੇ ਸੰਬੋਧਨ ਦੌਰਾਨ ਮਾਹੌਲ ਨੂੰ ਖੁਸ਼ਗਵਾਰ ਬਣਾਉਂਦਿਆਂ ਕਿਹਾ ਕਿ ‘ਸਿਆਸੀ ਬੰਦਿਆਂ ਦੀ ਨੌਕਰੀ ਬੜੀ ਛੋਟੀ ਹੁੰਦੀ ਹੈ। ਕੋਈ ਅਫ਼ਸਰ ਭਰਤੀ ਹੁੰਦਾ ਹੈ ਤਾਂ ਉਹ 58 ਸਾਲ ਪਿੱਛੋਂ ਰਿਟਾਇਰ ਹੁੰਦਾ ਹੈ ਪ੍ਰੰਤੂ ਜੇਕਰ ਅਸੀਂ ਲੋਕਾਂ ਦੇ ਸੇਵਾਦਾਰ ਬਣ ਕੇ ਨਾ ਰਹੀਏ ਤਾਂ ਸਾਨੂੰ ਪੰਜ ਸਾਲਾਂ ਪਿੱਛੋਂ ਹੀ ਰਿਟਾਇਰ ਕਰ ਦਿੱਤਾ ਜਾਂਦਾ ਹੈ। ਜੇਕਰ ਲੋਕਾਂ ਨਾਲ ਕੀਤੇ ਵਾਅਦਿਆਂ ’ਤੇ ਖਰੇ ਉਤਰਦੇ ਹਾਂ ਤਾਂ ਹੀ ਮੁੜ ਨੌਕਰੀ ਮਿਲਦੀ ਹੈ।
ਨੀਂਹ ਪੱਥਰ ’ਤੇ ਨਾਂਅ ਪਰ ਗੈਰ-ਹਾਜ਼ਰ
ਬੇਸ਼ੱਕ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਨੀਂਹ ਪੱਥਰ ’ਤੇ ‘ਬਲਵੀਰ ਸਿੰਘ ਸਿੱਧੂ ਐਮਐੱਲਏ ਮੋਹਾਲੀ (ਸਾਬਕਾ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ) ਦੀ ਹਾਜ਼ਰੀ ’ਚ’ ਲਿਖਿਆ ਹੋਇਆ ਸੀ ਪਰ ਬਲਵੀਰ ਸਿੰਘ ਸਿੱਧੂ ਦੀ ਸਮਾਗਮ ਦੌਰਾਨ ਗੈਰ-ਹਾਜ਼ਰੀ ਚਰਚਾ ਦਾ ਵਿਸ਼ਾ ਰਹੀ। ਇਸ ਸਬੰਧੀ ਨਾ ਸਿਰਫ਼ ਸਮਾਗਮ ਦੌਰਾਨ ਹਾਜਰੀਨ ਲੋਕਾਂ ਦੀ ਜੁਬਾਨ ’ਚੋਂ ਘੁਸਰ-ਮੁਸਰ ਸੁਣਾਈ ਦਿੱਤੀ ਸਗੋਂ ਸੋਸ਼ਲ ਮੀਡੀਆ ’ਤੇ ਵੀ ਪੂਰਾ ਦਿਨ ਚਰਚਾ ਚਲਦੀ ਰਹੀ।
ਨਰਾਜ਼ ਆਗੂ/ਵਰਕਰ ਰਹੇ ਗਾਇਬ
ਸਮੁੱਚੇ ਸਮਾਗਮ ਦੌਰਾਨ ਕੇਵਲ ਸਿੰਘ ਢਿੱਲੋਂ ਤੋਂ ਨਰਾਜ਼ ਚੱਲ ਰਹੇ ਉਘੇ ਟਰਾਂਸਪੋਰਟਰ ਕੁਲਦੀਪ ਸਿੰਘ ਕਾਲਾ ਢਿੱਲੋਂ ਦਾ ਧੜਾ ਸਮੇਤ ਕਈ ਸਾਬਕਾ ਕੌਂਸਲਰ ਗਾਇਬ ਰਹੇ। ਜਿਨ੍ਹਾਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਕੇਵਲ ਸਿੰਘ ਢਿੱਲੋਂ ਤੋਂ ਅਲੱਗ ਚੱਲਦੇ ਹੋਏ ਨਰਾਜ਼ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਵੱਡੇ ਪੱਧਰ ’ਤੇ ਮੀਟਿੰਗਾਂ ਦਾ ਸਿਲਸਿਲਾ ਵਿੱਢ ਰੱਖਿਆ ਹੈ ਅਤੇ ਆਪਣੇ ਲਈ ਪਾਰਟੀ ਹਾਈਕਮਾਨ ਤੋਂ ਅਗਾਮੀ ਚੋਣਾਂ ਲਈ ਟਿਕਟ ਦੀ ਮੰਗ ਵੀ ਕੀਤੀ ਜਾ ਰਹੀ ਹੈ।
ਨੀਂਹ ਪੱਥਰ ਸਮਾਗਮ ਦੀਆਂ ਝਲਕੀਆਂ
1. ਸਮਾਗਮ ਦੌਰਾਨ ਉੱਪ ਮੁੱਖ ਮੰਤਰੀ ਓ.ਪੀ. ਸੋਨੀ ਨੇ ਕੇਵਲ ਸਿੰਘ ਢਿੱਲੋਂ ਨੂੰ ਆਪਣਾ ਵੀਰ ਕਹਿੰਦੇ ਹੋਏ ਵਿਕਾਸ ਦਾ ਮਸੀਹਾ ਕਹਿ ਕੇ ਸੰਬੋਧਨ ਕੀਤਾ ਤੇ ਆਗਾਮੀ ਚੋਣਾਂ ਲੜਨ ਲਈ ਪੇ੍ਰਰਿਆ।
2. ਕੇਵਲ ਸਿੰਘ ਢਿੱਲੋਂ ਨੇ ਵੀ ਆਪਣੇ ਸੰਬੋਧਨ ਦੌਰਾਨ ਉੱਪ ਮੁੱਖ ਮੰਤਰੀ ਓ.ਪੀ. ਸੋਨੀ ਦੇ ਪਿਛੋਕੜ ’ਤੇ ਚਾਨਣਾ ਪਾਇਆ ਤੇ ਸ੍ਰੀ ਸੋਨੀ ਵੱਲੋਂ ਆਪਣੇ ਇਲਾਕੇ ’ਚ ਕੀਤੇ ਗਏ ਵਿਕਾਸ ਨੂੰ ਰੱਜ਼ ਕੇ ਸਲਾਹਿਆ।
3. ਕੇਵਲ ਸਿੰਘ ਢਿੱਲੋਂ ਨੇ ਬਣਨ ਜਾ ਰਹੇ ਹਸਪਤਾਲ ਨੂੰ ਪੰਜਾਬ ਦਾ ਸਭ ਤੋਂ ਵਧੀਆ ਹਸਪਤਾਲ ਦੱਸਿਆ।
4. ਆਪਣੇ ਸੰਬੋਧਨ ’ਚ ਉੱਪ ਮੁੱਖ ਮੰਤਰੀ ਨੇ ਹਸਪਤਾਲ ਨੂੰ 300 ਬੈੱਡਾਂ ਦਾ ਜਦਕਿ ਕੇਵਲ ਸਿੰਘ ਢਿੱਲੋਂ ਨੇ ਆਪਣੀ ਜ਼ੁਬਾਨ ਵਿੱਚੋਂ ਹਸਪਤਾਲ ਨੂੰ 200 ਕਮਰਿਆਂ ਦਾ ਹਸਪਤਾਲ ਦੱਸਿਆ।
5. ਕੇਵਲ ਸਿੰਘ ਢਿੱਲੋਂ ਨੇ ਹਿੱਕ ਥਾਪੜ ਕੇ ਕਿਹਾ ‘ਇੱਕ ਮਹੀਨੇ ਬਾਅਦ ਇੱਥੇ ਕੰਟਰਕਸ਼ਨ ਦਾ ਕੰਮ ਸ਼ੁਰੂ ਹੋ ਜਾਵੇਗਾ।’
6. ਢਿੱਲੋਂ ਨੇ ਆਪਣੇ ਭਾਸ਼ਣ ਦੌਰਾਨ ਪੱਤਰਕਾਰਾਂ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ। ਕਿਹਾ ਕਿ ‘ਜ਼ਿਲਾ ਇੰਨਾਂ ਪੱਤਰਕਾਰਾਂ ਦੇ ਸਹਿਯੋਗ ਨਾਲ ਬਣਿਆ ਹੈ। ਅੱਜ ਹਸਪਤਾਲ ਬਣਾ ਰਹੇ ਹਾਂ ਤਾਂ ਵੀ ਇੰਨਾਂ ਦਾ ਪੂਰਾ ਸਹਿਯੋਗ ਹੈ।’ ਇਸ ਦੌਰਾਨ ਉਨਾਂ ਜ਼ਿਲਾ ਪ੍ਰਸ਼ਾਸਨ ਦੀ ਵੀ ਪ੍ਰਸੰਸਾ ਕੀਤੀ।
7. ਕੇਵਲ ਸਿੰਘ ਢਿੱਲੋਂ ਨੀਂਹ ਪੱਥਰ ਰੱਖਣ ਦੇ ਦਿਨ ਵਿਆਹ ਵਰਗਾ ਦਿਨ ਗਰਦਾਨਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ