ਦੇਸ਼ਵਾਸੀਆਂ ਲਈ ਸੰਪੂਰਨ ਅਜ਼ਾਦੀ ਦੇ ਹਿਮਾਇਤੀ ਸ੍ਰ. ਭਗਤ ਸਿੰਘ
ਅਜ਼ਾਦੀ ਸੰਘਰਸ਼ ਵਿਚ ਦੇਸ਼ ਭਗਤਾਂ ਨੇ ਅੰਗਰੇਜਾਂ ਤੋਂ ਦੇਸ਼ ਨੂੰ ਅਜਾਦ ਕਰਾਉਣ ਲਈ ਆਪਣੀਆਂ ਕੁਰਬਾਨੀਆਂ ਦੇਣ ਦੇ ਨਾਲ-ਨਾਲ ਲੰਮਾ ਸੰਘਰਸ਼ ਵੀ ਕੀਤਾ ਅਤੇ 15 ਅਗਸਤ 1947 ਨੂੰ ਅੰਗਰੇਜਾਂ ਤੋਂ ਦੇਸ਼ ਨੂੰ ਅਜ਼ਾਦ ਕਰਵਾ ਕੇ ਹੀ ਦਮ ਲਿਆ, ਤੇ ਸ਼ਹੀਦ ਭਗਤ ਸਿੰਘ ਵੀ ਉਨ੍ਹਾਂ ਸਿਰਲੱਥ ਘੁਲਾਟੀਆਂ ਵਿੱਚੋਂ ਇੱਕ ਸਨ। ਭਗਤ ਸਿੰਘ ਦਾ ਜਨਮ 27 ਸਤੰਬਰ 1907 ਈ. ਨੂੰ ਪਿਤਾ ਸ੍ਰ. ਕਿਸ਼ਨ ਸਿੰਘ ਦੇ ਗ੍ਰਹਿ ਤੇ ਮਾਤਾ ਵਿੱਦਿਆ ਦੇਵੀ ਦੀ ਕੁੱਖੋਂ ਚੱਕ ਨੰ: 105 ਪਿੰਡ ਬੰਗਾ, ਤਹਿਸੀਲ ਜੰਡਵਾਲਾ, ਜਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਚ ਹੋਇਆ।
ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਕਲਾਂ (ਨਵਾਂ ਸ਼ਹਿਰ ) ਪੰਜਾਬ ’ਚ ਸਥਿਤ ਹੈ। ਹੁਣ ਨਵਾਂ ਸ਼ਹਿਰ ਦਾ ਨਾਂਅ ਬਦਲ ਕੇ ਸ਼ਹੀਦ ਭਗਤ ਸਿੰਘ ਨਗਰ ਰੱਖ ਦਿੱਤਾ ਗਿਆ ਹੈ। ਦੇਸ਼ ਭਗਤੀ ਦੀ ਗੁੜ੍ਹਤੀ ਭਗਤ ਸਿੰਘ ਨੂੰ ਆਪਣੇ ਪਰਿਵਾਰ ਤੋਂ ਹੀ ਮਿਲੀ। ਭਗਤ ਸਿੰਘ ਦੇ ਜਨਮ ਤੋਂ ਥੋੜੇ੍ਹ ਦਿਨਾਂ ਬਾਦ ਉਸ ਦੇ ਪਿਤਾ ਸ੍ਰ. ਕਿਸ਼ਨ ਅਤੇ ਦੋਵੇਂ ਚਾਚੇ, ਜੋ ਕਿ ਦੇਸ਼ ਦੀਆਂ ਅਜ਼ਾਦੀ ਦੀਆਂ ਗਤੀਵਿਧੀਆਂ ਕਰਕੇ ਵੱਖ-ਵੱਖ ਜੇਲ੍ਹਾਂ ਵਿਚ ਬੰਦ ਸਨ, ਰਿਹਾਅ ਹੋ ਕੇ ਜਦੋਂ ਘਰ ਪਹੁੰਚੇ ਤਾਂ ਸਾਰਿਆਂ ਨੇ ਭਗਤ ਸਿੰਘ ਨੂੰ ਭਾਗਾਂ ਵਾਲਾ ਆਖਿਆ। ਇਸ ਕਰਕੇ ਇਨ੍ਹਾਂ ਦੀ ਦਾਦੀ ਜੀ ਨੇ ਲਾਡ ਨਾਲ ਇਨ੍ਹਾਂ ਦਾ ਨਾਂਅ ਭਗਤ ਸਿੰਘ ਰੱਖਿਆ।
ਬਚਪਨ ਤੋਂ ਬਾਅਦ ਜਦੋਂ ਭਗਤ ਸਿੰਘ ਨੇ ਸੁਰਤ ਸੰਭਾਲੀ ਤਾਂ ਉਦੋਂ ਸਾਡਾ ਭਾਰਤ ਦੇਸ਼ ਸੂਰਬੀਰ ਦੇਸ਼ ਭਗਤਾਂ ਦੀਆਂ ਕਤਾਰਾਂ ਲੰਮੀਆਂ ਕਰਨ ਲਈ ਛਟਪਟਾ ਰਿਹਾ ਸੀ। ਉਹ ਸੂਰਬੀਰ ਯੋਧੇ ਜੋ ਮੁਲਕ ਅੰਦਰ ਦੇਸ਼ ਨੂੰ ਅਜ਼ਾਦ ਕਰਾਉਣ ਲਈ ਚੱਲ ਰਹੀ ਇਨਕਲਾਬੀ ਲਹਿਰ ਨੂੰ ਹਰਕਤ ਵਿਚ ਲਿਆਉਣ ਲਈ ਮੱਦਦਗਾਰ ਸਾਬਿਤ ਹੋ ਸਕਣ। ਇੱਕ ਪਾਸੇ ਸਾਰੀਆਂ ਇਹ ਘਟਨਾਵਾਂ ਉਥਲ-ਪੁਥਲਾਂ ਤੇ ਅਜ਼ਾਦੀ ਦੀਆਂ ਲਹਿਰਾਂ ਭਗਤ ਸਿੰਘ ਦੇ ਅੱਲ੍ਹੜ ਮਨ ’ਤੇ ਆਪਣੀ ਰੰਗਤ ਚਾੜ੍ਹ ਰਹੀਆਂ ਸਨ, ਦੂਜੇ ਪਾਸੇ ਦੇਸ਼ ਭਗਤ ਸੂਰਬੀਰਾਂ ਦੀ ਸੰਗਤ ਤੇ ਸਰਪ੍ਰਸਤੀ ਸਦਕਾ ਉਸ ਦੇ ਮਨ-ਮਸਤਕ ਅੰਦਰ ਇੱਕ ਹੋਣਹਾਰ ਇਨਕਲਾਬੀ ਹੋਣ ਦੇ ਨੈਣ-ਨਕਸ਼ ਤਰਾਸ਼ੇ ਜਾ ਰਹੇ ਸਨ। ਸੰਨ 1914-15 ਵਿਚ ਗਦਰ ਪਾਰਟੀ ਦੇ ਗਦਰੀਆਂ ਅਤੇ ਸ਼ਹੀਦ ਕਰਤਾਰ ਸਿੰਘ ਸਰਾਭੇ ਦਾ ਭਗਤ ਸਿੰਘ ਦੇ ਘਰ ਆਉਣ-ਜਾਣ ਬਣਿਆ ਹੋਇਆ ਸੀ। ਭਗਤ ਸਿੰਘ ਅਜੇ 9 ਸਾਲ ਦੀ ਉਮਰ ਦੇ ਸਨ, ਕਿ ਕਰਤਾਰ ਸਿੰਘ ਸਰਾਭਾ ਦੇਸ਼ ਦੀ ਅਜਾਦੀ ਖਾਤਿਰ ਹੱਸਦੇ-ਹੱਸਦੇ ਫਾਸੀ ਚੜ੍ਹ ਗਏ। ਇਸ ਸ਼ਹੀਦੀ ਦਾ ਉਸ ’ਤੇ ਬਹੁਤ ਹੀ ਡੂੰਘਾ ਅਸਰ ਪਿਆ, ਭਗਤ ਸਿੰਘ ਕਰਤਾਰ ਸਿੰਘ ਸਰਾਭਾ ਦੀ ਫੋਟੋ ਹਰ ਸਮੇਂ ਆਪਣੀ ਜੇਬ੍ਹ ਵਿਚ ਰੱਖਦੇ ਸਨ। ਇੱਥੋਂ ਤੱਕ ਕਿ ਉਹ ਸਰਾਭੇ ਨੂੰ ਆਪਣਾ ਸਿਆਸੀ ਗੁਰੂ ਵੀ ਮੰਨਦੇ ਸਨ।
1917 ਵਿਚ ਸ੍ਰ: ਕਿਸ਼ਨ ਸਿੰਘ ਨੇ ਆਪਣਾ ਨਿਵਾਸ ਲਾਹੌਰ ਲੈ ਆਂਦਾ ਸ੍ਰ: ਕਿਸਨ ਸਿੰਘ ਜਦੋਂ ਕਿਸੇ ਜਨਤਕ ਜਲਸੇ ਵਿਚ ਜਾਂਦੇ ਤਾਂ ਭਗਤ ਸਿੰਘ ਵੀ ਨਾਲ ਹੁੰਦਾ ਸੀ। ਉਸ ਸਮੇਂ 10-12 ਸਾਲ ਦਾ ਭਗਤ ਸਿੰਘ ਜਨਤਕ ਜਲਸਿਆਂ ਵਿਚ ਕਈ ਵਾਰ ਤਕਰੀਰ ਵੀ ਕਰਦਾ। 13 ਅਪਰੈਲ 1919 ਨੂੰ ਵਾਪਰੇ ਜਲਿਆਂਵਾਲਾ ਖੂਨੀ ਕਾਂਡ ਕਰਕੇ ਦੇਸ਼ ਅੰਦਰ ਇੱਕਦਮ ਹਾਹਾਕਾਰ ਮੱਚ ਗਈ। ਇਸ ਘਟਨਾ ਨੇ ਭਗਤ ਸਿੰਘ ਦੇ ਮਨ ਦੇ ਐਸਾ ਡੂੰਘਾ ਤੇ ਗਹਿਰਾ ਅਸਰ ਪਾਇਆ, ਕਿ ਉਸਦੇ ਅੰਦਰ ਦੇਸ਼ ਨੂੰ ਅਜਾਦ ਕਰਾਉਣ ਦੀ ਤਾਂਘ ਹੋਰ ਵੀ ਜ਼ਿਆਦਾ ਵਧ ਗਈ। ਨਵੰਬਰ 1921 ਵਿਚ ਦੇਸ਼ ਅੰਦਰ ਚੱਲੀ ਨਾ ਮਿਲਵਰਤਣ ਲਹਿਰ ਦੌਰਾਨ ਵਿਦਿਆਰਥੀਆਂ ਨੂੰ ਸਕੂਲ-ਕਾਲਜ ਛੱਡਣ ਦਾ ਸੱਦਾ ਦਿੱਤਾ ਗਿਆ। ਉਸ ਸਮੇਂ ਦਸਵੀਂ ਜਮਾਤ ਦੇ ਵਿਦਿਆਰਥੀ ਭਗਤ ਸਿੰਘ ਨੇ ਵੀ ਸਕੂਲ ਛੱਡ ਦਿੱਤਾ ਅਤੇ ਕੌਮੀ ਲਹਿਰ ਵਿਚ ਕੁੱਦ ਪਿਆ।
ਸੰਨ 1922 ਵਿਚ ਦੇਸ਼ ਭਗਤਾਂ ਨੇ ਲਾਹੌਰ ਵਿਚ ਨੈਸ਼ਨਲ ਕਾਲਜ ਖੋਲ੍ਹਿਆ। ਨੈਸ਼ਨਲ ਕਾਲਜ ਵਿਚ ਵਿਗਿਆਨਕ ਸੋਚ, ਕਿਤਾਬਾਂ ਘੋਖਣ ਤੇ ਨਵੇਂ ਵਿਚਾਰਾਂ ਨੂੰ ਅਪਣਾਉਣ ਅਤੇ ਦੇਸ਼ ਦੀ ਹਾਲਤ ਦਾ ਅਧਿਐਨ ਕਰਨ ਦੇ ਢੰਗ ਸਿਖਾਏ ਜਾਂਦੇ ਸਨ। ਖੁੱਲ੍ਹੀਆਂ ਬਹਿਸਾਂ ਵੀ ਹੁੰਦੀਆਂ ਸਨ। ਇੱਥੇ ਭਗਤ ਸਿੰਘ ਦੇ ਸ਼ਹੀਦ ਸੁਖਦੇਵ ਤੇ ਦੂਸਰੇ ਇਨਕਲਾਬੀਆਂ ਨਾਲ ਸਬੰਧ ਹੋਰ ਵੀ ਪੱਕੇ ਬਣ ਗਏ। ਸ਼ਹੀਦ ਸੁਖਦੇਵ ਤੇ ਭਗਤ ਸਿੰਘ ਹਮਜ਼ਮਾਤੀ ਸਨ। ਉਨ੍ਹਾਂ ਵਿਚ ਹਰ ਵੇਲੇ ਕਿਤਾਬਾਂ ’ਤੇ ਬਹਿਸ ਤੇ ਵਿਚਾਰ-ਵਟਾਂਦਰਾ ਵੀ ਚੱਲਦਾ ਰਹਿੰਦਾ ਸੀ।
ਮਾਪਿਆਂ ਨੇ ਭਗਤ ਸਿੰਘ ਦਾ ਵਿਆਹ ਕਰਨਾ ਚਾਹਿਆ, ਪਰੰਤੂ ਉਹ ਪੜ੍ਹਾਈ ਵਿਚੇ ਛੱਡ ਕੇ ਅਜਾਦੀ ਪ੍ਰਾਪਤੀ ਖਾਤਰ ਕਾਨ੍ਹਪੁਰ ਪਹੁੰਚ ਗਏ। ਕਾਨ੍ਹਪੁਰ ਵਿਖੇ ਉਹ ਵਿਦਿਆਰਥੀ ਗਣੇਸ਼ ਚੰਦਰ ਦੇ ਅਖਬਾਰ ਪ੍ਰਤਾਪ ਵਿਚ ਪੱਤਰਕਾਰ ਵਜੋਂ ਕੰਮ ਕਰਨ ਲੱਗ ਪਏ। ਇੱਥੇ ਹੀ ਉਨ੍ਹਾਂ ਦਾ ਮੇਲ ਬੀ. ਕੇ. ਦੱਤ ਅਤੇ ਬਾਬੂ ਚੰਦਰ ਸ਼ੇਖਰ ਅਜ਼ਾਦ ਨਾਲ ਹੋਇਆ। ਅਕਤੂਬਰ 1927 ਵਿਚ ਕਾਨ੍ਹਪੁਰ ਬੰਬ ਕਾਂਡ ਵਿਚ ਭਗਤ ਸਿੰਘ ਨੂੰ ਤੇ ਸਾਥੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕੀਤਾ, ਪਰੰਤੂ ਜੁਰਮ ਸਾਬਿਤ ਨਾ ਹੋਣ ਕਰਕੇ ਰਿਹਾਅ ਕਰ ਦਿੱਤਾ ਗਿਆ। ਉਨ੍ਹੀਂ ਦਿਨੀ ਗਰਮ ਖਿਆਲੀਏ ਜਵਾਨਾਂ ਵਿਚ ਕਈ ਜਥੇਬੰਦੀਆਂ ਦੇ ਭਗਤ ਸਿੰਘ ਮੋਹਰੀ ਸਨ। ਸੰਨ 1924 ਵਿਚ ਜੈਤੋ ਦੇ ਮੋਰਚੇ ਦੌਰਾਨ ਅੰਗਰੇਜੀ ਸਰਕਾਰ ਨੇ ਐਲਾਨ ਕੀਤਾ ਸੀ ਕਿ ਜੈਤੋ ਜਾ ਰਹੇ ਜਥਿਆਂ ਨੂੰ ਕੋਈ ਪਾਣੀ ਤੱਕ ਵੀ ਨਾ ਪਿਆਵੇ। ਪਰੰਤੂ ਭਗਤ ਸਿੰਘ ਨੇ 13ਵੇਂ ਸ਼ਹੀਦੀ ਜਥੇ ਨੂੰ ਆਪਣੇ ਪਿੰਡ ਬੰਗੇ ਲਿਆ ਕੇ ਪੁਲਿਸ ਦੀ ਨਾਕਾਬੰਦੀ ਦੇ ਬਾਵਜੂਦ ਜਥੇ ਨੂੰ ਪਹਿਲਾਂ ਹੀ ਕਮਾਦਾਂ ਵਿਚ ਰੱਖਿਆ ਹੋਇਆ ਲੰਗਰ ਛਕਾਇਆ। ਇਸ ਕਾਰਵਾਈ ਸਦਕਾ ਭਗਤ ਸਿੰਘ ਦੇ ਪੁਲਿਸ ਵਰੰਟ ਨਿੱਕਲ ਗਏ। ਪਿਤਾ ਕਿਸ਼ਨ ਸਿੰਘ ਨੇ ਭਗਤ ਸਿੰਘ ਨੂੰ ਹੁਣ ਆਪ ਕਾਨ੍ਹਪੁਰ ਭੇਜ ਦਿੱਤਾ ਤਾਂ ਜੋ 6 ਮਹੀਨੇ ਦੀ ਮਿਆਦ ਪੁੱਗ ਜਾਵੇ।
30 ਅਕਤੂਬਰ 1928 ਨੂੰ ਲਾਹੋਰ ਆਏ ਸਾਈਮਨ ਕਮਿਸ਼ਨ ਨੇ ਭਾਰਤ ਦਾ ਦੌਰਾ ਕਰਕੇ ਇੰਗਲੈਂਡ ਦੀ ਸਰਕਾਰ ਅੱਗੇ ਇਹ ਤਜ਼ਵੀਜਾਂ ਪੇਸ਼ ਕਰਨੀਆਂ ਸਨ ਕਿ ਭਾਰਤ ਅੰਦਰ ਕਿਹੋ-ਜਿਹੇ ਸੁਧਾਰ ਕੀਤੇ ਜਾਣੇ ਚਾਹੀਦੇ ਹਨ। ਇਸ ਕਮਿਸ਼ਨ ਅੰਦਰ ਕਿਸੇ ਭਾਰਤੀ ਮੈਂਬਰ ਨੂੰ ਸ਼ਾਮਲ ਨਹੀਂ ਸੀ ਕੀਤਾ ਗਿਆ, ਇਸ ਦੇ ਸਾਰੇ ਮੈਂਬਰ ਅੰਗਰੇਜ ਸਨ। ਉਸ ਸਮੇਂ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਸਰਬਸੰਮਤੀ ਨਾਲ ਲਾਲਾ ਲਾਜਪਤ ਰਾਏ ਦੀ ਅਗਵਾਈ ਵਿਚ ਇੱਕ ਜਲੂਸ ਕੱਢ ਕੇ ਇਸ ਕਮਿਸ਼ਨ ਨੂੰ ਕਾਲੀਆਂ ਝੰਡੀਆਂ ਦਿਖਾਉਣ ਸਮੇਂ ਪੁਲਿਸ ਵੱਲੋ ਕੀਤੇ ਲਾਠੀਚਾਰਜ ਕਾਰਨ ਲਾਲਾ ਲਾਜਪਤ ਰਾਏ ਗੰਭੀਰ ਜਖ਼ਮੀ ਹੋ ਗਏ ਤੇ 19 ਨਵੰਬਰ 1928 ਨੂੰ ਉਨ੍ਹਾਂ ਦੀ ਮੌਤ ਹੋ ਜਾਣ ਨਾਲ ਸਾਰੇ ਮੁਲਕ ਵਿਚ ਭਾਰੀ ਗੁੱਸੇ ਦੀ ਲਹਿਰ ਦੌੜ ਗਈ। ਲਾਲਾ ਲਾਜਪਤ ਰਾਏ ਦੀ ਮੌਤ ਤੋਂ ਠੀਕ ਇੱਕ ਮਹੀਨਾ ਮਗਰੋਂ ਭਗਤ ਸਿੰਘ ਤੇ ਰਾਜਗੁਰੂ ਨੇ ਲਾਹੌਰ ਪੁਲਿਸ ਦੇ ਕੇਂਦਰੀ ਦਫਤਰ ਦੇ ਸਾਹਮਣੇ ਡੀਐਸਪੀ ਸਾਂਡਰਸ ਨੂੰ ਗੋਲੀ ਨਾਲ ਉਡਾ ਦਿੱਤਾ।
ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀ ਅਗਵਾਈ ਵਿਚ ਬਰਤਾਨਵੀ ਹਕੂਮਤ ਨੂੰ ਹੋਰ ਝੰਜੋੜਨ ਲਈ ਅਸੰਬਲੀ ਵਿਚ ਬੰਬ ਧਮਾਕੇ ਦੀ ਯੋਜਨਾ ਬਣਾ ਲਈ, ਕਿਉਂਕਿ 8 ਅਪਰੈਲ 1929 ਨੂੰ ਵਾਇਸਰਾਏ ਨੇ ਅਸੈਂਬਲੀ ਦੇ ਰੱਦ ਕੀਤੇ 2 ਲੋਕ-ਦੁਸ਼ਮਣ ਬਿੱਲਾਂ ਨੂੰ ਆਪਣੇ ਖਾਸ ਅਧਿਕਾਰਾਂ ਰਾਹੀਂ ਲਾਗੂ ਕਰਨ ਦਾ ਐਲਾਨ ਕਰਨਾ ਸੀ, ਭਗਤ ਸਿੰਘ ਹੋਰਾਂ ਨੇ ਇਸ ਐਲਾਨ ਖਿਲਾਫ ਰੋਸ ਪ੍ਰਗਟ ਕਰਨ ਲਈ ਧਮਾਕੇ ਵਾਲੇ 2 ਬੰਬ ਅਸੈਂਬਲੀ ਵਿਚ ਸੁੱਟੇ, ਹਰ ਪਾਸੇ ਆਪਣੀ ਜਾਨ ਬਚਾਉਣ ਲਈ ਭਾਜੜ ਮੱਚ ਗਈ, ਪਰ ਭਗਤ ਸਿੰਘ ਤੇ ਉਸਦਾ ਸਾਥੀ ਬੀ. ਕੇੇ. ਦੱਤ ਉੁਥੋਂ ਭੱਜੇ ਨਹੀਂ, ਉਨ੍ਹਾਂ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾਉਂਦਿਆਂ ਗ੍ਰਿਫਤਾਰੀ ਦਿੱਤੀ ਇਸ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੇ ਮੁਕੱਦਮੇ ਦਾ ਡਰਾਮਾ ਰਚ ਕੇ ਬੰਬ ਸੁੱਟਣ ਦੇ ਦੋਸ਼ਾਂ ਤਹਿਤ ਭਗਤ ਸਿੰਘ ਤੇ ਉਸ ਦੇ ਸਾਥੀ ਬੀ. ਕੇ. ਦੱਤ ਨੂੰ ਉਮਰ ਕੈਦ ਦੀ ਸਜਾ ਸੁਣਾਈ, ਅਤੇ ਇਨ੍ਹਾਂ ਉੱਪਰ ਸਾਂਡਰਸ ਦੇ ਕਤਲ ਦਾ ਮੁਕੱਦਮਾ ਵੀ ਚੱਲਦਾ ਰਿਹਾ। ਅਦਾਲਤ ਸਾਹਮਣੇ ਭਗਤ ਸਿੰਘ ਹੋਰਾਂ ਨੇ ਸਭ ਕੁਝ ਸੱਚ ਦੱਸ ਦਿੱਤਾ ਤੇ ਨਾਲ ਹੀ ਬੜੀ ਨਿੱਡਰਤਾ ਨਾਲ ਅੰਗਰੇਜਾਂ ਦੀਆਂ ਕਾਲੀਆਂ ਕਰਤੂਤਾਂ ਦਾ ਪਰਦਾ ਵੀ ਫਾਸ਼ ਕੀਤਾ। ਸਪੈਸ਼ਲ ਅਦਾਲਤ ਨੇ 7 ਅਕਤੂਬਰ 1930 ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੀ ਸਜਾ ਸੁਣਾ ਦਿੱਤੀ। ਉਹ ਹੱਸਦੇ-ਹੱਸਦੇ ਫਾਂਸੀ ਦਾ ਰੱਸਾ ਚੁੰਮਣ ਲਈ ਤਿਆਰ ਹੋ ਗਏ।
ਭਗਤ ਸਿੰਘ ਦਾ ਜੇਲ੍ਹ ਅੰਦਰਲਾ ਸਮਾਂ ਜਿੱਥੇ, ਇਨਕਲਾਬੀ ਸੋਚਾਂ ਤੇ ਸਰਗਰਮੀਆਂ ਦੇ ਰੁਝੇਵਿਆਂ ਨਾਲ ਭਰਪੂਰ ਸੀ, ਉੱਥੇ ਉਸ ਨੂੰ ਆਪਣੀ ਫਾਂਸੀ ਵਾਲੇ ਦਿਨ ਦੀ ਚਾਅ ਨਾਲ ਉਡੀਕ ਸੀ। 23 ਮਾਰਚ 1931 ਨੂੰ ਉਹ ਦਿਨ ਆ ਗਿਆ ਜਿਸ ਦਾ ਕੌਮੀ ਸੰਗਰਾਮ ਅਤੇ ਇਨਕਲਾਬੀ ਲਹਿਰ ਦੇ ਸਿਰਤਾਜ ਸ਼ਹੀਦ ਭਗਤ ਸਿੰਘ ਨੂੰ ਬੇਸਬਰੀ ਨਾਲ ਇੰਤਜਾਰ ਸੀ। ਅੰਗਰੇਜਾਂ ਨੇ ਭਾਰਤ ਅੰਦਰ ਜਗੀ ਇਸ ਹੋਣਹਾਰ ਇਨਕਲਾਬੀ ਜੋਤ ਨੂੰ ਸਦਾ ਲਈ ਬੁਝਾ ਦਿੱਤਾ। ਹਿੰਦੋਸਤਾਨ ਦੀ ਅਜਾਦੀ ਦੇ ਸੰਘਰਸ਼ ਦਾ ਇੱਕ ਸੁਨਹਿਰੀ ਪੰਨਾ ਸ਼ਹੀਦ ਸ: ਭਗਤ ਸਿੰਘ ਹੋ ਨਿੱਬੜਿਆ। ਆਪਣੀ ਸਾਢੇ 23 ਸਾਲ ਦੀ ਛੋਟੀ ਉਮਰੇ ਹੀ ਭਗਤ ਸਿੰਘ ਦੇਸ਼ ਤੇ ਸਮਾਜ ਵਾਸਤੇ ਅਜਿਹੇ ਕਾਰਨਾਮੇ ਕਰ ਗਿਆ ਜੋ ਹਿੰਦੁਸਤਾਨ ਦੇ ਇਤਿਹਾਸ ਵਿਚ ਰਹਿੰਦੀ ਦੁਨੀਆਂ ਤੱਕ ਯਾਦ ਕੀਤੇ ਜਾਣਗੇ।
ਆਪਣੀ ਉਮਰ ਦੇ ਆਖਰੀ ਚਾਰ ਸਾਲਾਂ ਵਿਚ ਉਸ ਸੂਰਬੀਰ ਯੋਧੇ ਨੇ 2 ਸਾਲ ਜੇਲ੍ਹ ਵਿਚ ਗੁਜਾਰੇ ਤੇ ਦੋ ਦਹਾਕਿਆਂ ਦਾ ਕੰਮ ਉਹ ਇਨ੍ਹਾਂ ਦੋ ਸਾਲਾਂ ਵਿਚ ਕਰ ਗਿਆ। ਭਗਤ ਸਿੰਘ ਦੇਸ਼ ਵਾਸੀਆਂ ਲਈ ਸੰਪੂਰਨ ਅਜਾਦੀ, ਭਾਵ ਐਸੀ ਅਜਾਦੀ ਜਿਸ ਵਿਚ ਅਮੀਰ ਤੇ ਗਰੀਬ ਵਿਚ ਕੋਈ ਪਾੜਾ ਨਾ ਹੋਵੇ, ਤੇ ਨਾ ਹੀ ਕਿਸੇ ਦੇ ਹੱਕ ਖੋਹੇ ਜਾਣ ਵਾਲੀ ਅਜਾਦੀ ਦਾ ਉਹ ਮੁਰੀਦ ਸੀ। ਉਸਦੇ ਵਿਚਾਰਾਂ ਦਾ ਰੰਗ ਬਲਦੇ ਸੂਰਜ ਵਰਗਾ, ਤੇਜ ਧੁੱਪ, ਸ਼ੁੱਧ ਲਾਲ ਤੇ ਮੀਂਹ ਦੀ ਕਣੀ ਵਰਗਾ ਸਾਫ ਸੀ। ਪਰ ਅਫਸੋਸ ਇਸ ਗੱਲ ਦਾ ਹੈ ਕਿ ਉਸ ਮਹਾਨ ਸੂਰਬੀਰ ਯੋਧ ਦੇ ਸੁਪਨਿਆਂ ਨੂੰ ਸਾਡੇ ਅੱਜ ਦੇ ਸਿਆਸੀ ਨੇਤਾਵਾਂ ਨੇ ਕਦੇ ਦੇਖਣ ਦੀ ਜਰਾ ਜਿੰਨੀ ਵੀ ਕੋਸ਼ਿਸ ਨਹੀਂ ਕੀਤੀ। ਜਿਸ ਅਜਾਦੀ ਲਈ ਉਸ ਮਹਾਨ ਕ੍ਰਾਂਤੀਕਾਰੀ ਨੇ ਘਾਲਣਾ ਘਾਲੀ, ਆਪਣੇ ਪਰਿਵਾਰਕ ਤੇ ਸਰੀਰਕ ਸੁਖ ਦਾ ਤਿਆਗ ਕਰਕੇ ਦੇਸ਼ ਤੇ ਸਮਾਜ ਦੇ ਭਲੇ ਵਾਸਤੇ ਉਸ ਨੇ ਹੱਸਦੇ-ਹੱਸਦੇ ਫਾਂਸੀ ਨੂੰ ਕਬੂਲ ਕੀਤਾ, ਉਹ ਅਜਾਦੀ ਤਾਂ ਸਿਆਸਤ ਅਤੇ ਸੱਤਾ ਪ੍ਰਾਪਤੀ ਦੀ ਲਾਲਸਾ ਵਿਚ ਸੰਨ 15 ਅਗਸਤ 1947 ਵੇਲੇ ਦੇਸ਼ ਦੇ ਅਜਾਦ ਹੋਣ ਸਮੇਂ ਹੀ ਦਫਨ ਹੋ ਗਈ।
ਦੇਸ਼ ਨੂੰ ਅਜਾਦੀ ਮਿਲਣ ਦੇ ਨਾਲ ਹੀ ਸਾਡੇ ਆਗੂਆਂ ਦੇ ਵਿਚਾਰ ਤੇ ਇੱਛਾਵਾਂ ਬਦਲ ਗਈਆਂ। ਘੱਟ-ਗਿਣਤੀ ਕੌਮਾਂ, ਅਤੇ ਮਿਹਨਤਕਸ਼ ਮਜ਼ਦੂਰ ਤਾਂ ਪਹਿਲਾਂ ਵਾਂਗ ਗੁਲਾਮ ਹੀ ਰਹਿ ਗਏ। ਅਮੀਰ ਤੇ ਗਰੀਬ ਦਾ ਫਾਸਲਾ ਤਾਂ ਪਹਿਲਾਂ ਨਾਲੋਂ ਵੀ ਤੇਜ ਵੇਗ ਨਾਲ ਵਧਣ ਲੱਗ ਪਿਆ। ਜੋ ਅੱਜ ਤੱਕ ਨਿਰੰਤਰ ਜਾਰੀ ਹੈ। ਉਸ ਮਹਾਨ ਸ਼ਹੀਦ ਦੇ ਸੁਪਨਿਆਂ ਦਾ ਭਾਰਤ ਹੁਣ ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਅਨਿਆਂ, ਲੁੱਟਾਂ-ਖੋਹਾਂ, ਦੁਰਾਚਾਰ, ਕੰਨਿਆ ਭਰੂਣ ਹੱਤਿਆ, ਬੇਰੁਜ਼ਗਾਰੀ, ਨਸ਼ੇ ਦੀ ਮਾਰ ਆਦਿਕ ਕੁਰੀਤੀਆਂ ਦਾ ਸ਼ਿਕਾਰ ਹੋ ਗਿਆ ਹੈ। ਅੱਜ ਲੋੜ ਹੈ ਕਿ ਮਹਾਨ ਸੂਰਬੀਰ ਸ਼ਹੀਦ ਭਗਤ ਸਿੰਘ ਨੂੰ ਨੌਜਵਾਨਾਂ ਲਈ ਆਦਰਸ਼ ਬਣਾਉਣ ਲਈ ਯਤਨ ਹੋਣ, ਤਾਂ ਜੋ ਭੈੜੀਆਂ ਅਲਾਮਤਾਂ ਦਾ ਸ਼ਿਕਾਰ ਹੋ ਚੁੱਕੀ ਨੌਜਵਾਨ ਪੀੜ੍ਹੀ ਨੂੰ ਸਹੀ ਸੇਧ ਮਿਲ ਸਕੇ ਤੇ ਉਨ੍ਹਾਂ ਦੇ ਦਿਲਾਂ ਅੰਦਰ ਨਰੋਏ ਸਮਾਜ ਦੀ ਸਿਰਜਣਾ ਲਈ ਬਸੰਤੀ ਚੋਲੇ ਰੰਗਾਉਣ ਦੀ ਤਾਂਘ ਪੈਦਾ ਹੋਵੇ।
ਮੇਵਾ ਸਿੰਘ, ਪ੍ਰਤੀਨਿਧ ਬਲਾਕ ਲੰਬੀ/ਮਲੋਟ
ਸ੍ਰੀ ਮੁਕਤਸਰ ਸਾਹਿਬ, ਮੋ. 98726-00923
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ