ਵਿਨੀ ਮਹਾਜ਼ਨ ਤੋਂ ਬਾਅਦ ਹੁਣ ਡੀ.ਜੀ.ਪੀ. ਨੂੰ ਵੀ ਹਟਾਇਆ ਜਾ ਸਕਦੈ ਕਿਸੇ ਵੀ ਸਮੇਂ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜ਼ਨ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਵਿਨੀ ਮਹਾਜਨ ਦੀ ਥਾਂ ਅਨਿਰੁੱਧ ਤਿਵਾੜੀ ਨੂੰ ਮੁੱਖ ਸਕੱਤਰ ਲਗਾਇਆ ਗਿਆ ਹੈ। ਅਨਿਰੁੱਧ ਤਿਵਾੜੀ 1990 ਬੈਚ ਦੇ ਆਈ.ਏ.ਐਸ. ਅਧਿਕਾਰੀ ਹਨ ਅਤੇ ਪਿਛਲੀ ਸਰਕਾਰਾਂ ਦੌਰਾਨ ਵੀ ਅਨਿਰੁੱਧ ਤਿਵਾੜੀ ਕਈ ਵੱਡੀ ਪੋਸਟਿੰਗ ‘ਤੇ ਰਹਿ ਚੁੱਕੇ ਹਨ। ਅਨਿਰੁੱਧ ਤਿਵਾੜੀ ਨੂੰ ਮੁੱਖ ਸਕੱਤਰ ਲਗਾਉਣ ਲਈ 4 ਸੀਨੀਅਰ ਅਧਿਕਾਰੀਆਂ ਨੂੰ ਮੁੱਖ ਸਕੱਤਰ ਰੈਂਕ ਵੀ ਸਰਕਾਰ ਨੂੰ ਦੇਣਾ ਪਿਆ ਹੈ, ਕਿਉਂਕਿ ਅਨਿਰੁੱਧ ਤਿਵਾੜੀ ਤੋਂ 4 ਅਧਿਕਾਰੀ ਸੀਨੀਅਰ ਇਸ ਸਮੇਂ ਸਰਕਾਰ ਵਿੱਚ ਕੰਮ ਕਰ ਰਹੇ ਹਨ ਪਰ ਇਨ੍ਹਾਂ ਚਾਰੇ ਅਧਿਕਾਰੀਆਂ ਵਿੱਚੋਂ ਕੋਈ ਵੀ ਅਧਿਕਾਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪਹਿਲੀ ਪਸੰਦ ਨਹੀਂ ਬਣ ਪਾਇਆ। ਜਿਸ ਕਾਰਨ ਹੀ ਅਨਿਰੁੱਧ ਤਿਵਾੜੀ ਨੂੰ ਮੁੱਖ ਸਕੱਤਰ ਲਗਾ ਦਿੱਤਾ ਗਿਆ ਹੈ।
ਅਨਿਰੁੱਧ ਤਿਵਾੜੀ ਨੂੰ ਮੁੱਖ ਸਕੱਤਰ ਲਗਾਉਣ ਤੋਂ ਬਾਅਦ ਵਿਨੀ ਮਹਾਜ਼ਨ ਨੂੰ ਫਿਲਹਾਲ ਕਿਸੇ ਵੀ ਤਰ੍ਹਾਂ ਚਾਰਜ਼ ਨਹੀਂ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 1988 ਬੈਚ ਦੀ ਅਧਿਕਾਰੀ ਰਵਨੀਤ ਕੌਰ, 1988 ਬੈਚ ਦੇ ਸੰਜੈ ਕੁਮਾਰ, 1989 ਬੈਚ ਦੇ ਵੀ.ਕੇ. ਜੰਜੂਆ ਅਤੇ ਕਿਰਪਾ ਸੰਕਰ ਸਰੋਜ ਨੂੰ ਸਪੈਸ਼ਲ ਮੁੱਖ ਸਕੱਤਰ ਦਾ ਰੈਂਕ ਦਿੱਤਾ ਗਿਆ ਹੈ।
ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜ਼ਨ ਦੀ ਛੁੱਟੀ ਕਰਨ ਤੋਂ ਬਾਅਦ ਹੁਣ ਕਿਸੇ ਵੀ ਸਮੇਂ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਵੀ ਹਟਾਇਆ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਦੇਰ ਸ਼ਾਮ ਤੱਕ ਡੀ.ਜੀ.ਪੀ. ਨੂੰ ਹਟਾਉਣ ਅਤੇ ਨਵੇਂ ਡੀ.ਜੀ.ਪੀ. ਨੂੰ ਲਗਾਉਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਜਾਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ