ਕਿੱਤਾਮੁਖੀ ਕੋਰਸਾਂ ’ਚ ਬਣਾਓ ਚੰਗਾ ਭਵਿੱਖ
ਅੱਜ ਦੇ ਦੌਰ ’ਚ ਨੌਕਰੀ ਪ੍ਰਾਪਤ ਕਰਨ ਲਈ ਬਹੁਤ ਜ਼ਿਆਦਾ ਮੁਕਾਬਲਾ ਹੋ ਗਿਆ ਹੈ। ਹਰ ਵਿਦਿਆਰਥੀ ਇਹ ਜ਼ਰੂਰ ਸੋਚਦਾ ਹੈ ਕਿ ਉਹ ਅਜਿਹਾ ਕਿਹੜਾ ਕੋਰਸ ਜਾਂ ਅਜਿਹੀ ਕਿਹੜੀ ਪੜ੍ਹਾਈ ਕਰੇ, ਤਾਂ ਜੋ ਉਸ ਨੂੰ ਜਲਦੀ ਚੰਗੀ ਨੌਕਰੀ ਮਿਲ ਸਕੇ। ਇਸ ਉਮਰ ’ਚ ਸਭ ਤੋਂ ਵੱਡੀ ਮੁਸ਼ਕਲ ਹੀ ਕੋਰਸ ਦੀ ਚੋਣ ਹੁੰਦੀ ਹੈ। ਗੱਲ ਕਰਦੇ ਹਾਂ ‘ਛੋਟੀ ਮਿਆਦ ਦੇ ਕੋਰਸ’, ਜਿਨ੍ਹਾਂ ਨੂੰ ਸ਼ਾਰਟ ਟਰਮ ਕੋਰਸ ਕਿਹਾ ਜਾਂਦਾ ਹੈ। ਜਿਵੇਂ ਨਾਂਅ ਤੋਂ ਹੀ ਪਤਾ ਲੱਗਦਾ ਹੈ ਕਿ ਛੋਟੀ ਮਿਆਦ ਦੇ ਕੋਰਸ ਬਹੁਤ ਘੱਟ ਸਮੇਂ ’ਚ ਪੂਰੇ ਹੋ ਜਾਂਦੇ ਹਨ। ਆਮ ਤੌਰ ’ਤੇ ਇਹ ਕੋਰਸ ਤਿੰਨ ਮਹੀਨੇ ਤੋਂ ਲੈ ਕੇ ਇੱਕ ਸਾਲ ਦੀ ਮਿਆਦ ਦੇ ਹੁੰਦੇ ਹਨ। ਬਹੁਤ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜ ਇਹ ਕੋਰਸ ਕਰਵਾਉਂਦੇ ਹਨ ਅਤੇ ਕੁਝ ਪ੍ਰਾਈਵੇਟ ਅਦਾਰੇ ਵੀ ਅਜਿਹੇ ਕੋਰਸਾਂ ਨੂੰ ਕਰਵਾਉਣ ਲਈ ਸਰਕਾਰ ਵੱਲੋਂ ਪ੍ਰਵਾਨਿਤ ਹਨ।
ਕੋਰਸਾਂ ਦਾ ਲਾਭ:
ਆਮ ਤੌਰ ’ਤੇ ਇਹ ਸਾਰੇ ਕੋਰਸ ਕਿੱਤਾਮੁਖੀ ਹੁੰਦੇ ਹਨ ਭਾਵ ਇਨ੍ਹਾਂ ਨੂੰ ਇਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਕਿ ਇਹ ਕੋਰਸ ਪੂਰਾ ਕਰਨ ਤੋਂ ਬਾਅਦ ਵਿਦਿਆਰਥੀ ਸਬੰਧਤ ਕੰਮ ਕਰਨ ਦੇ ਕਾਬਲ ਹੋ ਜਾਂਦੇ ਹਨ। ਜਦੋਂ ਉਨ੍ਹਾਂ ਦੀ ਵਿਸ਼ੇ ’ਤੇ ਮੁਹਾਰਤ ਹੋ ਜਾਂਦੀ ਹੈ ਤਾਂ ਬਹੁਤ ਸਾਰੇ ਅਦਾਰਿਆਂ ਵੱਲੋਂ ਉਨ੍ਹਾਂ ਨੂੰ ਨੌਕਰੀ ਲਈ ਨਿਯੁਕਤ ਕਰਨ ਦੇ ਮੌਕੇ ਵਧ ਜਾਂਦੇ ਹਨ। ਅੱਜ ਦੇ ਸਮੇਂ ਦੀ ਮੁੱਖ ਲੋੜ ਨੂੰ ਧਿਆਨ ’ਚ ਰੱਖਦਿਆਂ ਕੁਝ ਕੋਰਸ ਅਜਿਹੇ ਹਨ, ਜਿਨ੍ਹਾਂ ਨੂੰ ਤਿੰਨ ਤੋਂ ਛੇ ਮਹੀਨੇ ਦੇ ਸਮੇਂ ’ਚ ਪੂਰਾ ਕੀਤਾ ਜਾ ਸਕਦਾ ਹੈ। ਇਨ੍ਹਾਂ ਕੋਰਸਾਂ ਦੀ ਰੁਜ਼ਗਾਰ ਦੇ ਖੇਤਰ ’ਚ ਜ਼ਿਆਦਾ ਮੰਗ ਹੈ।
ਜਾਵਾ ਡਿਵੈਲਪਰ:
ਜਾਵਾ ਆਬਜੈਕਟ ਅਧਾਰਿਤ ਭਾਸ਼ਾ ਹੈ, ਜੋ ਸਾਨੂੰ ਵੱਖ-ਵੱਖ ਕੰਪਿਊਟਰ/ਮੋਬਾਈਲ ਐਪਲੀਕੇਸ਼ਨ ਬਣਾਉਣ ਦੀ ਮੁਹਾਰਤ ਪ੍ਰਦਾਨ ਕਰਦੀ ਹੈ। ਜਾਵਾ ਤਕਨਾਲੋਜੀ ਦੇ ਅਧਾਰਿਤ ਸਾਫਟਵੇਅਰ ਲਗਭਗ ਹਰ ਇਲੈਕਟ੍ਰਾਨਿਕ ਯੰਤਰ ’ਤੇ ਕੰਮ ਕਰਦੇ ਹਨ। ਪੂਰੀ ਦੁਨੀਆ ’ਚ ਪ੍ਰਚੱਲਿਤ ਕੰਪਿਊਟਰ ਭਾਸ਼ਾ ਹੋਣ ਕਾਰਨ ‘ਜਾਵਾ’ ਨੌਕਰੀਆਂ ਵਿਚ ਉੱਚ ਸਕੋਰ ਬਣਾਉਣ ਦਾ ਮੌਕਾ ਪ੍ਰਦਾਨ ਕਰਦੀ ਹੈ। ਇਸ ਭਾਸ਼ਾ ਦੇ ਜਾਣਕਾਰ ਵਿਅਕਤੀ ਵਧੀਆ ਤਨਖ਼ਾਹ ’ਤੇ ਨੌਕਰੀ ਪ੍ਰਾਪਤ ਕਰਦੇ ਹਨ। ਜਾਵਾ ਡਿਵੈਲਪਰ ਦੇ ਕੋਰਸ ਦੀ ਮਿਆਦ ਤਿੰਨ ਮਹੀਨੇ ਤੋਂ ਛੇ ਮਹੀਨੇ ਤੱਕ ਹੁੰਦੀ ਹੈ। ਇਸ ਕੋਰਸ ਨੂੰ ਪੂਰਾ ਕਰਨ ਮਗਰੋਂ ਪ੍ਰਾਈਵੇਟ ਤੇ ਸਰਕਾਰੀ ਦੋਵਾਂ ਖੇਤਰਾਂ ’ਚ ਨੌਕਰੀ ਦੇ ਬਹੁਤ ਸਾਰੇ ਮੌਕੇ ਹਨ।
ਬਿਜ਼ਨਸ ਅਕਾਊਂਟਿੰਗ ਐਂਡ ਟੈਕਸੇਸ਼ਨ:
ਇਸ ਕੋਰਸ ਨੂੰ ਕੋਈ ਵੀ ਵਿਦਿਆਰਥੀ ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਕਰ ਸਕਦਾ ਹੈ। ਇਹ ਕੋਰਸ ਜ਼ਿਆਦਾਤਰ ਕਾਮਰਸ ਵਿਸ਼ੇ ’ਚ ਬਾਰ੍ਹਵੀਂ ਪਾਸ ਕੀਤੇ ਵਿਦਿਆਰਥੀਆਂ ਲਈ ਲਾਹੇਵੰਦ ਹੈ। ਇਸ ਕੋਰਸ ਨੂੰ ਤਿੰਨ ਮਹੀਨੇ ’ਚ ਪੂਰਾ ਕੀਤਾ ਜਾ ਸਕਦਾ ਹੈ। ਛੋਟੇ ਵਪਾਰਕ ਅਦਾਰੇ ਆਪਣੇ ਵਪਾਰ ਦੇ ਲੇਖੇ-ਜੋਖੇ ਲਈ ਚਾਰਟਰਡ ਅਕਾਊਂਟੈਂਟ ਜਾਂ ਅਕਾਊਂਟੈਂਟ ਨਿਯੁਕਤ ਕਰਨ ਲਈ ਅਜਿਹੇ ਵਿਦਿਆਰਥੀਆਂ ਨੂੰ ਮੌਕਾ ਦਿੰਦੇ ਹਨ, ਜਿਨ੍ਹਾਂ ਨੇ ਅਕਾਊਂਟ ਨਾਲ ਸਬੰਧਤ ਕੋਰਸ ਕੀਤੇ ਹੋਣ। ਕੰਮ ’ਚ ਤਜ਼ਰਬਾ ਹਾਸਲ ਕਰਨ ਤੋਂ ਬਾਅਦ ਆਪਣੇ ਕੰਮ ਦੇ ਅਧਾਰ ’ਤੇ ਵੱਡੇ ਅਦਾਰਿਆਂ ’ਚ ਵੀ ਨੌਕਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਸਰਟੀਫਿਕੇਟ ਕੋਰਸ ਇਨ ਮਸ਼ੀਨ ਲਰਨਿੰਗ:
ਮਸ਼ੀਨ ਲਰਨਿੰਗ ਕੋਰਸ ਬਹੁਤ ਤੇਜ਼ੀ ਨਾਲ ਉੱਭਰ ਰਿਹਾ ਹੈ। ਜੇ ਵਿਦਿਆਰਥੀ ਇਹ ਕੋਰਸ ਕਰਨ ਤੋਂ ਬਾਅਦ ਕਿਸੇ ਵਪਾਰਕ ਅਦਾਰੇ ’ਚ ਨੌਕਰੀ ਪ੍ਰਾਪਤ ਕਰਦਾ ਹੈ ਤਾਂ ਉਸ ਕੋਲ ਡਾਟਾ ਵਿਗਿਆਨ ਦੇ ਖੇਤਰ ’ਚ ਮੁਹਾਰਤ ਅਤੇ ਹੁਨਰ ਹੋਣ ਕਾਰਨ ਉਹ ਚੰਗਾ ਅਹੁਦਾ ਹਾਸਲ ਕਰ ਸਕਦਾ ਹੈ। ਇਸ ਕੋਰਸ ਦੀ ਮਿਆਦ 6 ਮਹੀਨੇ ਹੁੰਦੀ ਹੈ। ਇਸ ਨੂੰ ਬਾਰ੍ਹਵੀਂ, ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਪਾਸ ਕੋਈ ਵੀ ਵਿਦਿਆਰਥੀ ਕਰ ਸਕਦਾ ਹੈ।
ਪ੍ਰਮਾਣਤ ਵਿੱਤੀ ਯੋਜਨਾਕਾਰ ਸਰਟੀਫਿਕੇਸ਼ਨ ਕੋਰਸ:
ਇਹ ਕੋਰਸ ਉਨ੍ਹਾਂ ਸਾਰੇ ਵਿਅਕਤੀਆਂ ਲਈ ਵਿਸ਼ਵ ਦਾ ਸਭ ਤੋਂ ਵਧੀਆ ਸਰਟੀਫਿਕੇਟ ਕੋਰਸ ਹੈ, ਜੋ ਸਿੱਖਿਆ ਮੁਲਾਂਕਣ, ਅਭਿਆਸ ਤੇ ਨੈਤਿਕਤਾ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ। ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਵਿੱਤੀ ਯੋਜਨਾਕਾਰ ਸੀਐੱਫਸੀ ਸਰਟੀਫਿਕੇਸ਼ਨ ਐੱਫਪੀਐੱਸਬੀ ਇੰਡੀਆ ਨੂੰ ਦਿੱਤਾ ਗਿਆ ਹੈ। ਸੀਐੱਫਸੀ ਸਰਟੀਫਿਕੇਟ ਕੋਰਸ ਕੋਲਕਾਤਾ, ਮੁੰਬਈ, ਹੈਦਰਾਬਾਦ, ਬੈਂਗਲੁਰੂ, ਪੁਣੇ ਤੇ ਨਵੀਂ ਦਿੱਲੀ ’ਚ ਮੁਹੱਈਆ ਹੈ। ਇਸ ਕੋਰਸ ਨੂੰ 6 ਮਹੀਨੇ ’ਚ ਪੂਰਾ ਕੀਤਾ ਜਾਂਦਾ ਹੈ। ਇਹ ਕੋਰਸ ਕਰਨ ਉਪਰੰਤ ਵੀ ਨੌਕਰੀ ਦੇ ਵਧੀਆ ਮੌਕੇ ਮੁਹੱਈਆ ਹਨ।
ਉਪਰੋਕਤ ਕੋਰਸਾਂ ਤੋਂ ਇਲਾਵਾ ਵੀ ਬਹੁਤ ਸਾਰੇ ਕੋਰਸ ਹਨ, ਜੋ ਵਿਦਿਆਰਥੀਆਂ ਦੀ ਰੁਚੀ ਅਨੁਸਾਰ 3 ਤੋਂ 6 ਮਹੀਨੇ ਦੀ ਮਿਆਦ ’ਚ ਪੂਰੇ ਕੀਤੇ ਜਾ ਸਕਦੇ ਹਨ। ਇਨ੍ਹਾਂ ਕੋਰਸਾਂ ਨੂੰ ਕਰਨ ਮਗਰੋਂ ਵਿਦਿਆਰਥੀ ਖ਼ੁਦ ਦਾ ਬਿਜ਼ਨਸ ਵੀ ਸ਼ੁਰੂ ਕਰ ਸਕਦਾ ਹੈ।
- ਵੈੱਬ ਡਿਜ਼ਾਈਨਿੰਗ।
- ਹੋਟਲ ਮੈਨੇਜਮੈਂਟ।
- ਯੋਗਾ।
- ਗ੍ਰਾਫਿਕਸ ਡਿਜ਼ਾਈਨਿੰਗ।
- ਪ੍ਰਾਹੁਣਾਚਾਰੀ ਪ੍ਰਬੰਧ।
- ਇੰਟੀਰੀਅਰ ਡਿਜ਼ਾਈਨਿੰਗ।
- ਆਰਕੀਟੈਕਚਰ।
- ਮਾਰਕੀਟਿੰਗ ਕਮਿਊਨੀਕੇਸ਼ਨ।
- 3ਡੀ ਐਨੀਮੇਸ਼ਨ।
- ਕੁਕਿੰਗ।
- ਫੋਟੋਗ੍ਰਾਫੀ।
ਵਿਦਿਆਰਥੀ ਇਨ੍ਹਾਂ ਵਿੱਚੋਂ ਕੋਈ ਵੀ ਕੋਰਸ ਆਪਣੀ ਮਰਜ਼ੀ ਨਾਲ ਚੁਣ ਸਕਦਾ ਹੈ
ਡਿਜ਼ੀਟਲ ਮਾਰਕੀਟਿੰਗ ਕੋਰਸ:
ਆਨਲਾਈਨ ਸ਼ਾਪਿੰਗ ਤੇ ਮਾਰਕੀਟਿੰਗ ਆਉਣ ਨਾਲ ਡਿਜੀਟਲ ਮਾਰਕੀਟਿੰਗ ਦਾ ਖੇਤਰ ਬਹੁਤ ਵਿਸ਼ਾਲ ਹੋ ਗਿਆ ਹੈ। ਡਿਜੀਟਲ ਮਾਰਕੀਟਿੰਗ ਤੋਂ ਭਾਵ ਹੈ ਵਸਤਾਂ ਦੀ ਇਸ਼ਤਿਹਾਰਬਾਜ਼ੀ ਤੇ ਖ਼ਰੀਦੋ-ਫਰੋਖਤ ਨੂੰ ਆਨਲਾਈਨ ਤਰੀਕੇ ਨਾਲ ਕਰਨਾ। ਆਨਲਾਈਨ ਸ਼ਾਪਿੰਗ ਤੇ ਮਾਰਕੀਟਿੰਗ ’ਚ ਚੀਜ਼ਾਂ ਤੇ ਸੇਵਾਵਾਂ ਗ੍ਰਾਹਕਾਂ ਤੱਕ ਆਨਲਾਈਨ ਪਹੁੰਚਾਈਆਂ ਜਾਂਦੀਆਂ ਹਨ। ਇਸ ਕੋਰਸ ਨੂੰ ਦਸਵੀਂ, ਬਾਰ੍ਹਵੀਂ, ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਪਾਸ ਕੋਈ ਵੀ ਵਿਦਿਆਰਥੀ ਕਰ ਸਕਦਾ ਹੈ। ਇਹ ਕੋਰਸ ਤਿੰਨ ਮਹੀਨੇ ਤੋਂ ਘੱਟ ਜਾਂ ਤਿੰਨ ਮਹੀਨੇ ’ਚ ਪੂਰਾ ਕੀਤਾ ਜਾ ਸਕਦਾ ਹੈ। ਕੋਰਸ ਪੂਰਾ ਕਰਨ ਤੋਂ ਬਾਅਦ ਨੌਕਰੀ ਦੇ ਬਹੁਤ ਸਾਰੇ ਮੌਕੇ ਮੁਹੱਈਆ ਹਨ।
ਬਿਜ਼ਨਸ ਐਨਾਲਿਸਟ:
ਬਿਜ਼ਨਸ ਐਨਾਲਿਸਟ ਦਾ ਕੰਮ ਵਪਾਰ ਦੇ ਡਾਟਾ ਦਾ ਵਿਸ਼ਲੇਸ਼ਣ ਕਰਨਾ ਹੁੰਦਾ ਹੈ। ਇਹ ਵਪਾਰ ਲਈ ਵਸਤਾਂ ਸੇਵਾਵਾਂ ਆਦਿ ਬਾਬਤ ਸਬੰਧਤ ਡਾਟਾ ਮੁਹੱਈਆ ਕਰਵਾਉਂਦੇ ਹਨ। ਇਸ ਅਹੁਦੇ ’ਤੇ ਕੰਮ ਕਰਨ ਲਈ ਬਿਜ਼ਨਸ ਐਨਾਲਿਸਟ ਦਾ ਤਿੰਨ ਤੋਂ ਛੇ ਮਹੀਨੇ ਦਾ ਕੋਰਸ ਮੁਹੱਈਆ ਹੈ। ਇਸ ਕੋਰਸ ਨੂੰ ਪੂਰਾ ਕਰਨ ਉਪਰੰਤ ਵਿਦਿਆਰਥੀ ਬਤੌਰ ਬਿਜ਼ਨਸ ਐਨਾਲਿਸਟ ਵਪਾਰਕ ਸੰਗਠਨਾਂ ’ਚ ਕੰਮ ਕਰ ਸਕਦੇ ਹਨ। ਇਸ ਖੇਤਰ ’ਚ ਤਰੱਕੀ ਦੇ ਬਹੁਤ ਸਾਰੇ ਮੌਕੇ ਹਨ ਤੇ ਆਮਦਨ ਵੀ ਕਾਬਲੀਅਤ ਅਨੁਸਾਰ ਵਧਦੀ ਰਹਿੰਦੀ ਹੈ।
ਵਿਜੈ ਗਰਗ,ਸਾਬਕਾ ਪੀਈਐਸ-1
ਸੇਵਾ ਮੁਕਤ ਪ੍ਰਿੰਸੀਪਲ, ਮਲੋਟ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ